ਲਾਇਸੈਂਸ ਧਾਰਕਾਂ ਨਾਲ ਪਾਰਟਨਰਸ਼ਿਪ ਕਰ ਕੇ ਵੇਚੇ ਪਟਾਕੇ
Saturday, Oct 21, 2017 - 01:39 AM (IST)
ਰੂਪਨਗਰ, (ਕੈਲਾਸ਼)- ਮਾਣਯੋਗ ਹਾਈਕੋਰਟ ਵੱਲੋਂ ਬੇਸ਼ੱਕ ਪ੍ਰਦੂਸ਼ਣ ਘਟਾਉਣ ਲਈ ਸਿਰਫ 20 ਫੀਸਦੀ ਲੋਕਾਂ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਗਏ, ਜਿਸ ਕਰਕੇ ਜ਼ਿਲਾ ਪ੍ਰਸ਼ਾਸਨ ਨੇ ਵੀ ਰੂਪਨਗਰ 'ਚ ਪਹੁੰਚੀਆਂ 33 ਅਰਜ਼ੀਆਂ 'ਚੋਂ ਸਿਰਫ 6 ਨੂੰ ਹੀ ਲਾਇਸੈਂਸ ਜਾਰੀ ਕੀਤੇ ਪਰ ਨਾ ਤਾਂ ਪਟਾਕੇ ਚਲਾਉਣ ਵਾਲਿਆਂ ਨੇ ਕੋਈ ਕਸਰ ਛੱਡੀ ਤੇ ਨਾ ਹੀ ਪ੍ਰਦੂਸ਼ਣ ਘੱਟ ਹੋਇਆ।
ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ ਨੇ ਰਾਮਲੀਲਾ ਗਰਾਊਂਡ 'ਚ ਪਟਾਕਿਆਂ ਦੀ ਵਿਕਰੀ ਲਈ ਇਸ ਵਾਰ 6 ਲਾਇਸੈਂਸ ਜਾਰੀ ਕੀਤੇ ਸਨ, ਜਿਸ ਕਾਰਨ ਪਟਾਕੇ ਵੇਚਣ ਵਾਲਿਆਂ 'ਚ ਹੜਕੰਪ ਮਚ ਗਿਆ ਸੀ ਤੇ ਦੁਕਾਨਦਾਰਾਂ ਨੇ ਆਪਸੀ ਸਹਿਮਤੀ ਬਣਾ ਕੇ ਜਾਂ ਤਾਂ ਆਪਣੇ ਸਟਾਕ ਨੂੰ ਘੱਟ ਰੇਟ 'ਤੇ ਲਾਇਸੈਂਸ ਧਾਰਕਾਂ ਨੂੰ ਦੇ ਦਿੱਤੇ ਜਾਂ ਕੁਝ ਲੋਕਾਂ ਨੇ ਲਾਇਸੈਂਸ ਧਾਰਕਾਂ ਨਾਲ ਪਾਰਟਨਰਸ਼ਿਪ ਕਰ ਕੇ ਪਟਾਕਿਆਂ ਦੀ ਵਿੱਕਰੀ ਕੀਤੀ। ਕੇਵਲ ਦੋ ਦਿਨਾਂ ਲਈ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਲਾਇਸੈਂਸ ਕਾਰਨ ਵੱਡੀ ਮਾਤਰਾ 'ਚ ਪਟਾਕਿਆਂ ਦਾ ਸਟਾਕ ਵਿਕਣ ਤੋਂ ਰਹਿ ਗਿਆ, ਜਿਸ ਕਾਰਨ ਦੁਕਾਨਦਾਰਾਂ 'ਚ ਨਿਰਾਸ਼ਾ ਵੇਖਣ ਨੂੰ ਮਿਲੀ।
ਚਾਈਨੀਜ਼ ਸਾਮਾਨ ਦਾ ਹੋਇਆ ਬਾਈਕਾਟ
ਦੀਵਾਲੀ ਮੌਕੇ ਬੀਤੇ ਸਾਲਾਂ ਦੀ ਤਰ੍ਹਾਂ ਇਸ ਸਾਲ ਚਾਈਨੀਜ਼ ਸਾਮਾਨ ਨੂੰ ਦੁਕਾਨਦਾਰਾਂ ਤੇ ਲੋਕਾਂ ਨੇ ਨਕਾਰ ਦਿੱਤਾ। ਚਾਈਨੀਜ਼ ਲੜੀਆਂ ਤੇ ਪਟਾਕੇ ਨਾ ਤਾਂ ਦੁਕਾਨਦਾਰਾਂ ਵੱਲੋਂ ਖਰੀਦੇ ਗਏ ਤੇ ਨਾ ਹੀ ਉਨ੍ਹਾਂ ਦੀ ਵਿੱਕਰੀ ਨਜ਼ਰ ਆਈ। ਦੂਜੇ ਪਾਸੇ, ਮੇਕ ਇਨ ਇੰਡੀਆ ਦੇ ਸਾਮਾਨ ਨੇ ਇਸ ਵਾਰ ਦੀਵਾਲੀ ਮੌਕੇ ਜ਼ੋਰ ਫੜਿਆ ਤੇ ਲੋਕਾਂ ਨੇ ਦਿਲ ਖੋਲ੍ਹ ਕੇ ਖਰੀਦਦਾਰੀ ਵੀ ਕੀਤੀ।
