1951 ਪੋਲਿੰਗ ਬੂਥਾਂ ਲਈ ਪਾਰਟੀਆਂ ਰਵਾਨਾ, ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ

05/31/2024 6:04:48 PM

ਜਲੰਧਰ (ਬਿਊਰੋ) : ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਦੀ ਕੱਲ 1 ਜੂਨ ਨੂੰ ਹੋਣ ਜਾ ਰਹੀ ਚੋਣ ਲਈ 1951 ਪੋਲਿੰਗ ਪਾਰਟੀਆਂ ਸ਼ੁੱਕਰਵਾਰ ਨੂੰ ਡਿਸਪੈਚ ਸੈਂਟਰਾਂ ਤੋਂ ਈ.ਵੀ.ਐੱਮ. ਮਸ਼ੀਨਾਂ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਹੋਈਆਂ। ਇਸ ਸਬੰਧੀ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਰਾਹੁਲ ਐੱਸ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ’ਚ ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਵੋਟਾਂ ਪਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿੱਥੇ 16.54 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਡਾ. ਅਗਰਵਾਲ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਲਈ ਰਿਸੀਟ ਸੈਂਟਰਾਂ ਅਤੇ ਪੋਲਿੰਗ ਸਟੇਸ਼ਨਾਂ ’ਤੇ ਪੀਣ ਵਾਲੇ ਪਾਣੀ, ਖਾਣਾ, ਚਾਹ, ਮੈਡੀਕਲ ਸਹਾਇਤਾ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਯਕੀਨੀ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ’ਚ ਕੁੱਲ 16,54,005 ਵੋਟਰ ਹਨ, ਜਿਨ੍ਹਾਂ ’ਚ 8,59,688 ਮਰਦ ਅਤੇ 7,94,273 ਮਹਿਲਾ ਅਤੇ 44 ਥਰਡ ਜੈਂਡਰ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਭਰ ’ਚ 1951 ਪੋਲਿੰਗ ਬੂਥ ਬਣਾਏ ਗਏ ਹਨ। ਪੋਲਿੰਗ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 9424 ਪੋਲਿੰਗ ਸਟਾਫ਼ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਚੋਣ ਪ੍ਰਕਿਰਿਆ ਸਬੰਧੀ ਵਿਸਥਾਰਪੂਰਵਕ ਸਿਖ਼ਲਾਈ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ 419 ਮਾਈਕਰੋ ਆਬਜ਼ਰਵਰ ਵੀ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤੇ ਗਏ ਹਨ। ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ’ਤੇ ਨਜ਼ਰ ਰੱਖਣ ਲਈ ਡਰੋਨ ਤਾਇਨਾਤ ਕੀਤੇ ਗਏ ਹਨ। ਇਹ ਡਰੋਨ ਚੋਣਾਂ ਦੌਰਾਨ ਪੈਸੇ ਦੀ ਵਰਤੋਂ ਨੂੰ ਰੋਕਣ ’ਚ ਲੱਗੀਆਂ ਚੈਕਿੰਗ ਟੀਮਾਂ ਦੀ ਮਦਦ ਕਰਨਗੇ। ਡਾ. ਅਗਰਵਾਲ ਨੇ ਇਹ ਵੀ ਦੱਸਿਆ ਕਿ ਸੁਤੰਤਰ ਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਸਮੁੱਚੇ 1951 ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਕਰਵਾਈ ਜਾ ਰਹੀ ਹੈ, ਜਿਸ ਦੇ ਲਈ ਸਾਰੀਆਂ ਪੋਲਿੰਗ ਲੋਕੇਸ਼ਨਾਂ ’ਤੇ ਕੁੱਲ 2113 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਵੈਬਕਾਸਟਿੰਗ ਦੀ ਨਜ਼ਰਸਾਨੀ ਲਈ ਸਥਾਨਕ ਸੀ.ਟੀ. ਇੰਸਟੀਚਿਊਟ ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਥੇ 90 ਕੰਪਿਊਟਰਾਂ, 5 ਪ੍ਰਾਜੈਕਟਰਾਂ ਅਤੇ 120 ਵਿਅਕਤੀਆਂ ਵਾਲੇ ਸਟਾਫ਼ ਦੀ ਮਦਦ ਨਾਲ ਪੋਲਿੰਗ ਸਟੇਸ਼ਨਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ :  ਪੰਜਾਬ 'ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਮੁਕੰਮਲ, 2 ਕਰੋੜ ਤੋਂ ਵੱਧ ਵੋਟਰ ਪਾਉਣਗੇ ਆਪਣੀ ਵੋਟ 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਸਭਾ ਚੋਣ ਦੌਰਾਨ ਵੋਟਰਾਂ ਦੇ ਵੋਟਿੰਗ ਦੇ ਤਜ਼ਰਬੇ ਨੂੰ ਸੁਖਾਵਾਂ ਅਤੇ ਆਰਾਮਦਾਇਕ ਬਣਾਉਣ ਲਈ ਜ਼ਿਲ੍ਹੇ ’ਚ 97 ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ’ਤੇ ਵੋਟਰਾਂ ਦੀ ਸੁਵਿਧਾ ਲਈ ਹੋਰ ਸਹੂਲਤਾਂ ਤੋਂ ਇਲਾਵਾ ਪੀਣ ਵਾਲਾ ਪਾਣੀ, ਬੈਠਣ ਦੀ ਸੁਵਿਧਾ, ਡਾਕਟਰੀ ਸਹਾਇਤਾ, ਕਤਾਰਾਂ ਦਾ ਸੁਚੱਜਾ ਪ੍ਰਬੰਧ, ਵੋਟਰਾਂ ਦੀ ਸਹਾਇਤਾ ਲਈ ਵਲੰਟੀਅਰ ਆਦਿ ਦੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ’ਚ 9, ਸ਼ਾਹਕੋਟ ਵਿਖੇ 17, ਨਕੋਦਰ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਤੇ ਜਲੰਧਰ ਛਾਉਣੀ ਵਿਖੇ 10-10 ਅਤੇ ਆਦਮਪੁਰ ਵਿਖੇ 11 ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਪੋਲਿੰਗ ਪ੍ਰਕਿਰਿਆ ’ਚ ਔਰਤਾਂ ਦੀ ਭਾਗੀਦਾਰੀ ਨੂੰ ਉਤਸਾਹਿਤ ਕਰਨ ਲਈ ਲੋਕ ਹਲਕਾ ਜਲੰਧਰ ਅਧੀਨ ਆਉਂਦੇ ਹਰੇਕ ਵਿਧਾਨ ਸਭਾ ਹਲਕੇ ’ਚ 1-1 (ਕੁੱਲ 9) ਆਲ ਵੂਮੈਨ ਪੋਲਿੰਗ ਸਟੇਸ਼ਨ ਵੀ ਬਣਾਇਆ ਗਿਆ ਹੈ, ਜਿਨ੍ਹਾਂ ਦਾ ਸੰਚਾਲਨ ਮਹਿਲਾ ਸਟਾਫ਼ ਵੱਲੋਂ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਚਰਨਜੀਤ ਚੰਨੀ ਅਤੇ ਪਵਨ ਕੁਮਾਰ ਟੀਨੂੰ ਨਾਲ ਮੁਕਾਬਲੇ ’ਤੇ ਬੋਲੇ ਸੁਸ਼ੀਲ ਰਿੰਕੂ

ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਵਿਖੇ ਇਕ ਅਜਿਹਾ ਪੋਲਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ, ਜਿਸ ਦਾ ਪ੍ਰਬੰਧ ਦਿਵਿਆਂਗ (ਪੀ.ਡਬਲਯੂ.ਡੀ.) ਸਟਾਫ਼ ਵੱਲੋਂ ਚਲਾਇਆ ਜਾਵੇਗਾ। ਜਦਕਿ ਜਲੰਧਰ ਕੇਂਦਰੀ ਹਲਕੇ ’ਚ ਹੀ ਪ੍ਰੇਮ ਚੰਦ ਮਾਰਕੰਡਾ ਐੱਸ.ਡੀ. ਕਾਲਜ ਫਾਰ ਵੂਮੈਨ ਵਿਖੇ ਬਣੇ ਇਕ ਪੋਲਿੰਗ ਬੂਥ ਵਿਖੇ ਚੋਣ ਪ੍ਰਕਿਰਿਆ ਨੌਜਵਾਨ ਸਟਾਫ਼ ਵੱਲੋਂ ਕਰਵਾਈ ਜਾਵੇਗੀ। ਤੇਜ਼ ਗਰਮੀ ਤੋਂ ਵੋਟਰਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹਰੇਕ ਪੋਲਿੰਗ ਬੂਥ ’ਤੇ ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਸ਼ਾਮਿਆਨਾ, ਵੀਲ੍ਹ ਚੇਅਰ,  ਰੈਂਪ, ਪਖਾਨੇ ਆਦਿ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਗਰਮੀ ਦੇ ਮੱਦੇਨਜ਼ਰ ਅਤੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਘਰ ਬੈਠੇ ਹੀ ਪੋਲਿੰਗ ਕੇਂਦਰ ਵਿਖੇ ਲੱਗੀ ਕਤਾਰ ਬਾਰੇ ਜਾਣਕਾਰੀ ਦੇਣ ਲਈ votejalandhar.in ਵੈਬਸਾਈਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੈਬਸਾਈਟ ’ਤੇ ਪੋਲਿੰਗ ਬੂਥ ’ਤੇ ਕਤਾਰ ’ਚ ਲੱਗੇ ਲੋਕਾਂ ਬਾਰੇ ਜਾਣਕਾਰੀ ਹਰ 15 ਮਿੰਟ ਬਾਅਦ ਅਪਡੇਟ ਕੀਤੀ ਜਾਵੇਗੀ, ਜਿਸ ਦੇ ਲਈ ਸਾਰੇ 1951 ਪੋਲਿੰਗ ਬੂਥਾਂ ’ਤੇ ਚੋਣ ਮਿੱਤਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਵੀ ਵੋਟਰਾਂ ਦੀ ਸਹੂਲਤ ਲਈ ‘ਵੋਟਰ ਕਿਊ ਇਨਫਰਮੇਸ਼ਨ ਸਿਸਟਮ’ ਜਾਰੀ ਕੀਤਾ ਗਿਆ ਹੈ। ਇਸ ਤਹਿਤ ਵੋਟਰ ਵੈਟਸਐਪ ਨੰਬਰ 7447447217 ’ਤੇ ਵੋਟ ਟਾਈਪ ਕਰਕੇ ਮੈਸੇਜ ਭੇਜ ਕੇ ਪੋਲਿੰਗ ਬੂਥ ’ਤੇ ਕਤਾਰ ’ਚ ਖੜ੍ਹੇ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜਮਹੂਰੀਅਤ ’ਚ ਇਕ-ਇਕ ਵੋਟ ਬਹੁਤ ਅਹਿਮ ਹੁੰਦੀ ਹੈ, ਇਸ ਲਈ ਹਰੇਕ ਵੋਟਰ ਨੂੰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਪੁਲਸ ਕਮਿਸ਼ਨਰ ਰਾਹੁਲ ਐੱਸ. ਨੇ ਕਿਹਾ ਕਿ ਚੋਣਾਂ ਦੌਰਾਨ ਸ਼ਰਾਬ ਅਤੇ ਨਕਦੀ ਦੇ ਪ੍ਰਵਾਹ ਦੀ ਰੋਕਥਾਮ ਲਈ ਜ਼ਿਲ੍ਹੇ ਭਰ ’ਚ ਵਿਸ਼ੇਸ਼ ਨਾਕੇ ਲਗਾਏ ਜਾਣਗੇ। ਇਸੇ ਤਰ੍ਹਾਂ ਲੋਕ ਸਭਾ ਹਲਕੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ 184 ਸੈਕਟਰ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਮਨ-ਕਾਨੂੰਨ ਨੂੰ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ’ਚ 454 ਵਲਨਰੇਬਲ ਪੋਲਿੰਗ ਬੂਥ ਹਨ, ਜਿੱਥੇ ਮਾਈਕਰੋ ਆਬਜ਼ਰਵਰਾਂ ਤੋਂ ਇਲਾਵਾ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਨਗਦੀ ਅਤੇ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਸਾਂਝੀਆਂ ਨਿਗਰਾਨੀ ਟੀਮਾਂ ਵੱਲੋਂ ਵੱਖ-ਵੱਖ ਪੁਆਇੰਟਾਂ 'ਤੇ ਚੈਕਿੰਗ ਹੋਰ ਵਧਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ’ਚ ਸਖ਼ਤੀ, ਨਿਗਰਾਨੀ ਵਧਾਉਣ ਦੇ ਨਿਰਦੇਸ਼

ਫਿਲੌਰ ਵਿਖੇ ਬਣਾਇਆ ਜਾਵੇਗਾ ਗ੍ਰੀਨ ਪੋਲਿੰਗ ਸਟੇਸ਼ਨ
ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਰਾਂ ਨੂੰ ਵੋਟਿੰਗ ਦੇ ਨਾਲ-ਨਾਲ ਕੁਦਰਤ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਭਟੀਆਂ ਵਿਖੇ ਇਕ ਗ੍ਰੀਨ ਪੋਲਿੰਗ ਸਟੇਸ਼ਨ ਵੀ ਸਥਾਪਤ ਕੀਤਾ ਗਿਆ ਹੈ। ਇਸ ਬੂਥ ਨੂੰ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਦੇ ਬੈਨਰਾਂ ਨਾਲ ਸਜਾਇਆ ਗਿਆ ਹੈ ਅਤੇ ਇਸ ਬੂਥ ’ਤੇ ਵੋਟ ਪਾਉਣ ਆਉਣ ਵਾਲੇ ਹਰੇਕ ਵੋਟਰ ਨੂੰ ਦੋ-ਦੋ ਬੂਟੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵੋਟਰਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਸੁਚੇਤ ਕੀਤਾ ਜਾਵੇਗਾ।


ਇਹ ਖ਼ਬਰ ਵੀ ਪੜ੍ਹੋ : ਇਕੱਲੇ ਚੋਣ ਲੜਨਾ ਕਾਫੀ ਚੈਲੇਂਜਿੰਗ ਪਰ ਭਾਜਪਾ ਕਰ ਰਹੀ ਬਿਹਤਰ ਪ੍ਰਫਾਰਮ : ਰਾਕੇਸ਼ ਰਾਠੌਰ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News