ਨਵੀਆਂ ਚੁਣੀਆਂ ਪੰਚਾਇਤਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿਆਂਗੇ : ਪ੍ਰਨੀਤ ਕੌਰ

12/31/2018 4:56:53 PM

ਪਟਿਆਲਾ (ਰਾਜੇਸ਼) : ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀਆਂ ਨੀਤੀਆਂ 'ਤੇ ਚਲਦਿਆਂ ਪੰਜਾਬ 'ਚ ਪੰਚਾਇਤੀ ਚੋਣਾਂ ਨਿਰਪੱਖ ਹੋਈਆਂ। ਅਕਾਲੀਆਂ ਵੇਲੇ ਹਮੇਸ਼ਾ ਗੁੰਡਾਗਰਦੀ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪੰਚਾਇਤਾਂ ਕਾਂਗਰਸ-ਪੱਖੀ ਬਣਨ ਨਾਲ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ। ਪ੍ਰਨੀਤ ਕੌਰ ਨੇ ਨਵੇਂ ਚੁਣੇ ਸਮੁੱਚੇ ਸਰਪੰਚਾਂ ਅਤੇ ਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪਿੰਡਾਂ ਦਾ ਵਿਕਾਸ ਕਰਵਾਉਣ। ਲੋਕਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਨੂੰ ਧਿਆਨ 'ਚ ਰੱਖ ਕੇ ਹੀ ਕਾਂਗਰਸ-ਪੱਖੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਪਿੰਡਾਂ ਦੇ ਵਿਕਾਸ ਦੀ ਕਮਾਨ ਕਾਂਗਰਸੀ ਸਰਪੰਚਾਂ ਹਵਾਲੇ ਕੀਤੀ ਹੈ ਤਾਂ ਕਿ ਉਹ ਸਰਕਾਰ ਨਾਲ ਤਾਲਮੇਲ ਕਰ ਕੇ ਆਪਣੇ ਪਿੰਡ ਦੇ ਵਿਕਾਸ ਲਈ ਵਧ ਤੋਂ ਵਧ ਗ੍ਰਾਂਟਾਂ ਲੈ ਕੇ ਪਿੰਡਾਂ ਦਾ ਵਿਕਾਸ ਕਰਵਾ ਸਕਣ।

ਪੰਜਾਬ 'ਚ ਪਹਿਲੀ ਵਾਰ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਪੰਚਾਇਤੀ ਚੋਣਾਂ : ਬ੍ਰਹਮ ਮਹਿੰਦਰਾ                                 
ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਚੋਣ ਸੰਪੰਨ ਹੋਣ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਹਰ ਵਾਰ ਹੋਈ ਪੰਚਾਇਤੀ ਚੋਣਾਂ 'ਚ ਜੰਮ ਕੇ ਧਾਂਦਲੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਸੀ। ਕੈਪਟਨ ਸਰਕਾਰ ਦੀ ਅਗਵਾਈ ਹੇਠ 10 ਸਾਲ ਬਾਅਦ ਪਹਿਲੀ ਵਾਰ ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ। ਇਸ ਲਈ ਪੰਜਾਬ ਦੀ ਜਨਤਾ ਵਧਾਈ ਦੀ ਪਾਤਰ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸਪੱਸ਼ਟ ਨਿਰਦੇਸ਼ ਸਨ ਕਿ ਪੰਚਾਇਤੀ ਚੋਣਾਂ ਨਿਰਪੱਖ ਕਰਵਾਈਆਂ ਜਾਣ। ਇਸ ਕਾਰਨ ਹੀ ਪੰਜਾਬ ਦੇ ਸਾਰੇ ਦਿਹਾਤੀ ਵੋਟਰਾਂ ਨੇ ਆਪਣੀਆਂ ਵੋਟਾਂ ਖੁੱਲ੍ਹ ਕੇ ਪਾਈਆਂ। ਲੋਕ ਜਿਸ ਉਮੀਦਵਾਰ ਨੂੰ ਆਪਣਾ ਪ੍ਰਤੀਨਿਧੀ ਚੁਣਨਾ ਚਾਹੁੰਦੇ ਸਨ, ਉਸੇ ਨੂੰ ਚੁਣਿਆ। ਲੋਕ ਚਾਹੁੰਦੇ ਸਨ ਕਿ ਪਿੰਡਾਂ ਦਾ ਵਿਕਾਸ ਕਰਨ ਲਈ ਕÎਾਂਗਰਸੀ ਸੋਚ ਵਾਲੇ ਸਰਪੰਚਾਂ ਨੂੰ ਜਿਤਾਇਆ ਜਾਵੇ। 95 ਫੀਸਦੀ ਪਿੰਡਾਂ 'ਚ ਕਾਂਗਰਸ-ਪੱਖੀ ਪੰਚਾਇਤਾਂ ਬਣੀਆਂ ਹਨ। 

ਕਾਂਗਰਸ ਨੇ ਲੋਕਤੰਤਰ ਦਾ ਘਾਣ ਕਰ ਕੇ ਆਪਣੀ ਹਾਰ ਕਬੂਲੀ : ਰੱਖੜਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਚਾਇਤੀ ਚੋਣਾਂ 'ਚ ਕਾਂਗਰਸ ਨੇ ਲੋਕਤੰਤਰ ਦਾ ਘਾਣ ਕਰ ਕੇ ਆਪਣੀ ਹਾਰ ਕਬੂਲ ਲਈ ਹੈ। ਸ. ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ 'ਚ ਖੜ੍ਹੇ ਹੋਣ ਵਾਲੇ ਅਕਾਲੀ-ਪੱਖੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਬਹੁਤੇ ਪਿੰਡਾਂ 'ਚ ਅਕਾਲੀ-ਪੱਖੀ ਉਮੀਦਵਾਰਾਂ ਨੂੰ ਡਰਾਇਆ ਗਿਆ। ਇਸ ਦੇ ਬਾਵਜੂਦ ਵੀ ਅਕਾਲੀ ਦਲ ਦਾ ਥਾਪੜਾ ਪ੍ਰਾਪਤ ਪੰਚ ਤੇ ਸਰਪੰਚ ਪੂਰੀ ਤਰ੍ਹਾਂ ਮੈਦਾਨ 'ਚ ਡਟੇ ਰਹੇ। ਸ. ਰੱਖੜਾ ਨੇ ਆਖਿਆ ਇੰਨੀ ਛੋਟੀ ਜਿਹੀ ਚੋਣ 'ਚ ਵੀ ਕੀਤੀ ਧੱਕੇਸ਼ਾਹੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਨੇ ਆਪਣੀ ਹਾਰ ਕਬੂਲ ਕਰ ਲਈ ਹੈ। ਲੋਕ ਇਸ ਧੱਕੇਸ਼ਾਹੀ ਦਾ ਜਵਾਬ ਆ ਰਹੀਆਂ ਲੋਕ ਸਭਾ ਚੋਣਾਂ 'ਚ ਦੇਣਗੇ। 

ਗੁੰਡਾਗਰਦੀ ਦਾ ਸ਼ਰੇਆਮ ਹੋਇਆ ਨੰਗਾ ਨਾਚ : ਚੰਦੂਮਾਜਰਾ
ਪਟਿਆਲਾ : ਪੰਚਾਇਤੀ ਚੋਣਾਂ 'ਚ ਹੋਈ ਹਿੰਸਾ 'ਤੇ ਸਖਤ ਪ੍ਰਤੀਕਿਰਿਆ ਕਰਦਿਆਂ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਚਾਇਤੀ ਚੋਣਾਂ 'ਚ ਖੁਲ੍ਹ ਕੇ ਬੂਥ ਕੈਪਚਰਿੰਗ ਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਸ਼ਰੇਆਮ ਗੱਡੀਆਂ ਭਰ ਕੇ ਗੁੰਡੇ ਬੂਥ ਕੈਪਚਰਿੰਗ ਕਰਨ ਲਈ ਬਾਹਰੋਂ ਮੰਗਵਾਏ ਗਏ। ਪੁਲਸ ਤੇ ਪ੍ਰਸ਼ਾਸਨ ਦੀ ਸ਼ਹਿ ਨਾਲ ਦਰਜਨਾਂ ਪਿੰਡਾਂ 'ਚ ਬੂਥ ਕੈਪਚਰ ਕਰ ਲਏ ਗਏ। ਜ਼ਿਆਦਾਤਰ ਪਿੰਡਾਂ 'ਚ ਦੁਪਹਿਰ 2 ਵਜੇ ਤੱਕ ਹੀ ਵੋਟਾਂ ਪੈਣ ਦਿੱਤੀਆਂ ਗਈਆਂ।ਹਾਲਾਤ ਇਹ ਰਹੇ ਕਿ ਸ਼ਾਮ ਹੁੰਦੇ ਤੱਕ ਜ਼ਿਆਦਾਤਰ ਪਿੰਡਾਂ ਦੇ ਪੋਲਿੰਗ ਬੂਥ ਖਾਲੀ ਕਰ ਦਿੱਤੇ ਗਏ ਸਨ। ਉਨ੍ਹਾਂ ਵੱਲੋਂ ਖੁਦ ਪੁਲਸ ਅਧਿਕਾਰੀਆਂ ਨਾਲ ਗੱਲ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਇਹੀ ਕੁਝ ਕਰਨਾ ਸੀ ਤਾਂ ਫਿਰ ਚੋਣਾਂ ਕਰਵਾਉਣ ਦੀ ਲੋੜ ਕੀ ਸੀ? ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹਲਕੇ 'ਚ ਪੰਚਾਇਤੀ ਚੋਣਾਂ ਦੇ ਨਾਂ 'ਤੇ ਸ਼ਰੇਆਮ ਪੈਸੇ ਲਏ ਗਏ।  


Anuradha

Content Editor

Related News