ਪਟਿਆਲਾ ਸੰਸਦੀ ਹਲਕੇ ’ਚ ਬਣਨਗੀਆਂ 5 ਨਵੀਆਂ ਸਬ-ਡਵੀਜ਼ਨਾਂ
Tuesday, Jul 10, 2018 - 05:55 AM (IST)
ਪਟਿਆਲਾ, (ਰਾਜੇਸ਼)- ਸੂਬੇ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਿੱਥੇ ਦੂਜੇ ਵਿਭਾਗਾਂ ਵੱਲੋਂ ਸੀ. ਐੈੱਮ. ਸਿਟੀ ਵਿਚ ਵਿਕਾਸ ਕਾਰਜ ਆਰੰਭੇ ਹਨ, ਉਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਵੀ ਹੁਣ ਪੂਰੀ ਤਰ੍ਹਾਂ ਸ਼ਾਹੀ ਸ਼ਹਿਰ ’ਤੇ ਮਿਹਰਬਾਨ ਹੋ ਗਿਆ ਹੈ। ਪਾਵਰਕਾਮ ਵੱਲੋਂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੇ ਸੰਸਦੀ ਹਲਕੇ ਅਤੇ ਮੁੱਖ ਮੰਤਰੀ ਦੇ ਸ਼ਹਿਰ ਵਿਚ 5 ਨਵੀਆਂ ਸਬ-ਡਵੀਜ਼ਨਾਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕਈਅਾਂ ਨੂੰ ਅਪਗ੍ਰੇਡ ਵੀ ਕੀਤਾ ਜਾ ਰਿਹਾ ਹੈ। ਨਵੀਆਂ ਸਬ-ਡਵੀਜ਼ਨਾਂ ਬਣਨ ਨਾਲ ਲੋਕਾਂ ਨੂੰ ਬਿਜਲੀ ਸਪਲਾਈ ਅਤੇ ਬਿੱਲ ਸਬੰਧੀ ਸਮੱਸਿਆਵਾਂ ਨਹੀਂ ਆਉਣਗੀਆਂ।
ਪਾਵਰਕਾਮ ਦੇ ਸਾਊਥ ਜ਼ੋਨ ਦੇ ਚੀਫ ਇੰਜੀਨੀਅਰ ਇੰਜੀ. ਡੀ. ਪੀ. ਐੈੱਸ. ਗਰੇਵਾਲ ਨੇ ਅਹੁਦਾ ਸੰਭਾਲਦੇ ਹੀ ਪੂਰੇ ਜ਼ਿਲੇ ਦੀ ਸਟੱਡੀ ਕੀਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਜਿਸ ਵੀ ਇਲਾਕੇ ਵਿਚ ਨਵੀਂ ਸਬ-ਡਵੀਜ਼ਨ ਦੀ ਲੋਡ਼ ਮਹਿਸੂਸ ਦਿਖਾਈ ਦਿੱਤੀ, ਉਨ੍ਹਾਂ ਨੇ ਉਸ ਦਾ ਪ੍ਰਾਜੈਕਟ ਬਣਾ ਕੇ ਪਾਵਰਕਾਮ ਦੇ ਹੈੈੱਡ ਆਫਿਸ ਨੂੰ ਭੇਜ ਦਿੱਤਾ।
ਬੋਰਡ ਆਫ ਡਾਇਰੈਕਟਰਜ਼ ਨੇ ਵੀ ਇਸ ’ਤੇ ਮੋਹਰ ਲਾ ਦਿੱਤੀ। ਸ਼ਾਹੀ ਸ਼ਹਿਰ ਨੂੰ ਇਸ ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ ਕਿਉਂਕਿ 3 ਸਬ-ਡਵੀਜ਼ਨਾਂ ਇਕੱਲੇ ਪਟਿਆਲਾ ਸ਼ਹਿਰ ਵਿਚ ਹੀ ਬਣਨ ਜਾ ਰਹੀਆਂ ਹਨ।
30 ਤੋਂ 40 ਹਜ਼ਾਰ ਖਪਤਕਾਰਾਂ ਲਈ ਬਣਦੀ ਹੈ ਇਕ ਸਬ-ਡਵੀਜ਼ਨ
ਪਾਵਰਕਾਮ ਦੇ ਨਿਯਮਾਂ ਅਨੁਸਾਰ 30 ਤੋਂ 40 ਹਜ਼ਾਰ ਖਪਤਕਾਰਾਂ ਦੀ ਸੁਵਿਧਾ ਲਈ ਇਕ ਸਬ-ਡਵੀਜ਼ਨ ਬਣਨੀ ਚਾਹੀਦੀ ਹੈ ਪਰ ਪਟਿਆਲਾ ਵਿਚ 80 ਹਜ਼ਾਰ ਤੋਂ ਵੱਧ ਦੀ ਅਬਾਦੀ ’ਤੇ ਇਕ ਸਬ-ਡਵੀਜ਼ਨ ਸੀ, ਜਿਸ ਕਾਰਨ ਇਥੇ ਇਨ੍ਹਾਂ ਦੀ ਜ਼ਿਆਦਾ ਲੋਡ਼ ਸੀ। ਅਬਾਦੀ ਵਧਣ ਕਾਰਨ ਜਿਥੇ ਕੱਟ-ਮੁਕਤ ਬਿਜਲੀ ਦੀ ਜ਼ਰੂਰਤ ਲਈ ਇਹ ਸਬ-ਡਵੀਜ਼ਨਾਂ ਬਣਨੀਆਂ ਜ਼ਰੂਰੀ ਸਨ, ਉਥੇ ਹੀ ਲੋਕਾਂ ਨੂੰ ਬਿੱਲ ਭਰਨ ਅਤੇ ਹੋਰ ਸ਼ਿਕਾਇਤਾਂ ਆਦਿ ਲਈ ਪਹਿਲਾਂ ਕਈ-ਕਈ ਕਿਲੋਮੀਟਰ ਜਾਣਾ ਪੈਂਦਾ ਸੀ। ਇਹ ਸਬ-ਡਵੀਜ਼ਨਾਂ ਬਣਨ ਨਾਲ ਉਨ੍ਹਾਂ ਦੀ ਦੂਰੀ ਘਟੇਗੀ। ਲੋਕਾਂ ਨੂੰ ਸਹੂਲਤ ਮਿਲੇਗੀ।
ਇਹ ਬਣਨਗੀਆਂ ਸਬ-ਡਵੀਜ਼ਨਾਂ
1. ਮਾਡਲ ਟਾਊਨ ਪਟਿਆਲਾ
2. ਵੈਸਟ ਡਵੀਜ਼ਨ ਪਟਿਆਲਾ
3. ਸਬ-ਅਰਬਨ ਡਵੀਜ਼ਨ ਪਟਿਆਲਾ (ਬਹਾਦਰਗਡ਼੍ਹ)
4. ਜ਼ੀਰਕਪੁਰ
5. ਡੇਰਾਬਸੀ
ਮਹਾਰਾਣੀ ਅੱਜ ਸ਼ੁਰੂ ਕਰਵਾਉਣਗੇ ਨਵੇਂ ਬਣਨ ਵਾਲੇ ਗਰਿੱਡ ਦਾ ਕੰਮ
5 ਨਵੀਆਂ ਸਬ-ਡਵੀਜ਼ਨਾਂ ਬਣਾਉਣ ਦੇ ਨਾਲ-ਨਾਲ ਸ਼ਾਹੀ ਸ਼ਹਿਰ ਵਿਚ ਇਕ ਨਵਾਂ 66 ਕੇ. ਵੀ. ਗਰਿੱਡ ਵੀ ਬਣਾਇਆ ਜਾ ਰਿਹਾ ਹੈ। ਇਸ ਦਾ ਨਿਰਮਾਣ ਕਾਰਜ ਮੰਗਲਵਾਰ ਨੂੰ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਸ਼ੁਰੂ ਕਰਵਾਉਣਗੇ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਚੀਫ ਇੰਜੀਨੀਅਰ ਸਾਊਥ ਇੰਜੀ. ਡੀ. ਪੀ. ਐੈੱਸ. ਗਰੇਵਾਲ ਨਾਲ ਕਈ ਮੀਟਿੰਗਾਂ ਕਰਨ ਤੋਂ ਬਾਅਦ ਇਸ ਗਰਿੱਡ ਦਾ ਪ੍ਰਾਜੈਕਟ ਬਣਵਾਇਆ। ਮਹਾਰਾਣੀ ਪ੍ਰਨੀਤ ਕੌਰ ਨੇ ਚੰਡੀਗਡ਼੍ਹ ਵਿਚ ਬੈਠ ਕੇ ਸਮੁੱਚੇ ਅਫਸਰਾਂ ਨੂੰ ਮੌਕੇ ’ਤੇ ਬੁਲਾ ਕੇ ਇਸ ਨੂੰ ਪਾਸ ਕਰਵਾਇਆ। ਸਨੌਰੀ ਅੱਡਾ ਤਿਆਗੀ ਜੀ ਦੇ ਮੰਦਰ ਦੇ ਸਾਹਮਣੇ ਜਿਸ ਜ਼ਮੀਨ ਵਿਚ ਇਹ ਗਰਿੱਡ ਬਣਨ ਜਾ ਰਿਹਾ ਹੈ, ਉਹ ਜ਼ਮੀਨ ਪਸ਼ੂ-ਪਾਲਣ ਵਿਭਾਗ ਦੀ ਸੀ। ਮਹਾਰਾਣੀ ਪ੍ਰਨੀਤ ਕੌਰ ਨੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਪ੍ਰਿੰਸੀਪਲ ਸੈਕਟਰੀ ਨੂੰ ਮੌਕੇ ’ਤੇ ਬੁਲਾ ਕੇ ਇਹ ਜ਼ਮੀਨ ਪਾਵਰਕਾਮ ਦੇ ਨਾਂ ਟਰਾਂਸਫਰ ਕਰਵਾਈ। ਇਸ ਤੋਂ ਬਾਅਦ ਮੌਕੇ ’ਤੇ ਹੀ ਡਿਪਟੀ ਕਮਿਸ਼ਨਰ ਅਤੇ ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨ ਦਾ ਇੰਤਕਾਲ ਪਾਵਰਕਾਮ ਦੇ ਨਾਂ ਚਾਡ਼੍ਹਣ ਦੇ ਹੁਕਮ ਦਿੱਤੇ ਸਨ। ਇਕ ਦਿਨ ਵਿਚ ਹੀ ਇਹ ਕਾਰਵਾਈ ਮੁਕੰਮਲ ਕਰ ਦਿੱਤੀ ਗਈ।
ਕਮਰਸ਼ੀਅਲ ਖਪਤਕਾਰਾਂ ਲਈ ਵੱਖਰੇ ਐੈੱਸ. ਡੀ. ਓ.
ਨਵੀਆਂ ਸਬ-ਡਵੀਜ਼ਨਾਂ ਬਣਨ ਤੋਂ ਬਾਅਦ ਬਿਜਲੀ ਦੇ ਕਮਰਸ਼ੀਅਲ ਖਪਤਕਾਰਾਂ ਲਈ ਵੱਖਰੇ ਐੈੱਸ. ਡੀ. ਓ. ਬਣਾਏ ਜਾਣਗੇ ਤਾਂ ਜੋ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਕੋਈ ਸਮੱਸਿਆ ਨਾ ਆਵੇ। ਕਮਰਸ਼ੀਅਲ ਐੈੱਸ. ਡੀ. ਓ. ਸਿਰਫ ਕਮਰਸ਼ੀਅਲ ਬਿਜਲੀ ਕਨੈਕਸ਼ਨਾਂ ਨੂੰ ਡੀਲ ਕਰਨਗੇ। ਪਟਿਆਲਾ ਵਿਚ ਪਹਿਲਾਂ ਕਮਰਸ਼ੀਅਲ ਸਬ-ਡਵੀਜ਼ਨਾਂ ਕਾਫੀ ਘੱਟ ਹਨ। ਕਮਰਸ਼ੀਅਲ ਖਪਤਕਾਰਾਂ ਨੂੰ ਰਾਹਤ ਦੇਣ ਲਈ ਇਹ ਸਬ-ਡਵੀਜ਼ਨਾਂ ਬਣਾਈਆਂ ਜਾ ਰਹੀਆਂ ਹਨ।
ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ : ਪ੍ਰਨੀਤ ਕੌਰ
ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀਆਂ ਨੇ 10 ਸਾਲ ਪਟਿਆਲਾ ਦਾ ਵੱਡਾ ਨੁਕਸਾਨ ਕੀਤਾ ਹੈ। ਹੁਣ ਕਾਂਗਰਸ ਸਰਕਾਰ ਪਟਿਆਲਾ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੇਗੀ। ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਸਮੁੱਚੇ ਵਿਭਾਗ ਪਟਿਆਲਾ ਦੇ ਵਿਕਾਸ ਵਿਚ ਜੁਟ ਗਏ ਹਨ। ਪਾਵਰਕਾਮ, ਪੀ. ਡਬਲਿਊ. ਡੀ., ਲੋਕਲ ਬਾਡੀਜ਼, ਮੰਡੀ ਬੋਰਡ, ਪੀ. ਆਈ. ਡੀ. ਬੀ., ਪੁੱਡਾ, ਪੀ. ਡੀ. ਏ., ਸੱਭਿਆਚਾਰਕ ਅਤੇ ਪੁਰਾਲੇਖ ਵਿਭਾਗ ਸਮੇਤ ਹੋਰ ਕਈ ਵਿਭਾਗ ਪਟਿਆਲਾ ਲਈ ਵਿਕਾਸ ਯੋਜਨਾਵਾਂ ਬਣਾ ਰਹੇ ਹਨ।
ਪਿਛਲੇ 10 ਸਾਲਾਂ ਦੌਰਾਨ ਪਟਿਆਲਾ ਨੂੰ ਜਾਣ-ਬੁੱਝ ਕੇ ਵਿਕਾਸ ਪੱਖੋਂ ਅਣਗੌਲਿਆਂ ਰੱਖਿਆ ਗਿਆ। ਹੁਣ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪਟਿਆਲਾ ਦਾ ਚਹੁੰ-ਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਪਟਿਆਲਾ ਵਿਚ ਇਕ ਮਿੰਟ ਲਈ ਵੀ ਬਿਜਲੀ ਕੱਟ ਨਾ ਲੱਗੇ। ਇਨ੍ਹਾਂ 5 ਸਬ-ਡਵੀਜ਼ਨਾਂ ਤੋਂ ਇਲਾਵਾ ਸ਼ਹਿਰ ਵਿਚ ਹੋਰ ਨਵੇਂ ਗਰਿੱਡ ਬਣਾਏ ਜਾਣਗੇ।
