ਗਲਤ ਕੰਮ ਕਰਨ 'ਤੇ ਨਵਜੋਤ ਸਿੰਧੂ ਨੂੰ ਚੋਣ ਕਮਿਸ਼ਨ ਨੇ ਦਿੱਤੀ ਸਜ਼ਾ : ਬਾਦਲ (ਵੀਡੀਓ)

Tuesday, Apr 23, 2019 - 03:53 PM (IST)

ਸ੍ਰੀ ਮੁਕਤਸਰ ਸਾਹਿਬ (ਤਰੇਸਮ ਢੁੱਡੀ) - ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ। ਸੁਖਬੀਰ ਅਤੇ ਹਰਸਿਮਰਤ ਦੇ ਚੋਣ ਮੈਦਾਨ 'ਚ ਉਤਰਨ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਸਭ ਪਾਰਟੀ ਦਾ ਫੈਸਲਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣਾ ਅਤੇ ਪੰਜਾਬ ਦਾ ਭਲਾ ਕਰਨਾ ਹੈ। ਚੋਣ ਕਮਿਸ਼ਨ ਵਲੋਂ ਨਵਜੋਤ ਸਿੰਧੂ ਦੇ ਚੋਣ ਪ੍ਰਚਾਰ ਕਰਨ 'ਤੇ 72 ਘੰਟੇ ਦੀ ਲੱਗੀ ਰੋਕ 'ਤੇ ਬਾਦਲ ਨੇ ਕਿਹਾ ਕਿ ਸਿੰਧੂ ਗਲਤ ਕੰਮ ਕਰ ਰਿਹਾ ਸੀ, ਜਿਸ ਦੀ ਚੋਣ ਕਮਿਸ਼ਨ ਵਲੋਂ ਉਸ ਨੂੰ ਸਜ਼ਾ ਦਿੱਤੀ ਗਈ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ (ਕਾਂਗਰਸ) ਸਾਡੇ ਖਿਲਾਫ ਚੋਣ ਲੜ ਰਹੀ ਹੈ, ਉਸ ਦੇ ਲੀਡਰ ਨੂੰ ਕੋਈ ਤਜ਼ਰਬਾ ਨਹੀਂ, ਜਦਕਿ ਨਰਿੰਦਰ ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਤਜ਼ਰਬੇ ਵਜੋਂ ਕੋਰੇ ਹਨ। ਉਨ੍ਹਾਂ ਵਲੋਂ ਸਰਜੀਕਲ ਅਤੇ ਏਅਰ ਸਟ੍ਰਾਈਕ ਲਈ ਮੋਦੀ ਦੀ ਤਾਰੀਫ ਕੀਤੀ ਗਈ ਹੈ। ਕਾਂਗਰਸ ਸਰਕਾਰ ਨੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਬਹੁਤ ਧੱਕੇ ਕੀਤੇ ਹਨ। ਕੈਪਟਨ ਨੇ ਲੋਕਾਂ ਨੂੰ ਨੌਕਰੀ ਦੇਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ, ਨਸ਼ਾ ਖਤਮ ਕਰਨ ਦੇ ਝੂਠੇ ਵਾਅਦੇ ਕੀਤੇ। 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੁਆ ਕੇ ਮੋਦੀ ਦੇ ਸਾਨੂੰ ਇਨਸਾਫ ਦੁਆਇਆ ਹੈ। ਰਾਜਾ ਵੜਿੰਗ ਨੂੰ ਬਠਿੰਡਾ ਤੋਂ ਸੀਟ ਦੇਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਮਰਜ਼ੀ ਹੈ ਅਤੇ ਇਸ ਗੱਲ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਇਸ ਸੀਟ ਤੋਂ ਉਹ ਚਾਹੇ ਰਾਜਾ ਵੜਿੰਗ ਨੂੰ ਲੜਾਉਣ ਜਾਂ ਮਨਪ੍ਰੀਤ ਬਾਦਲ ਨੂੰ। ਫਿਰੋਜ਼ਪੁਰ ਹਲਕੇ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦੇਣ 'ਤੇ ਕੈਪਟਨ ਦੀ ਨਾਰਾਜ਼ਗੀ ਸਬੰਧੀ ਪੁੱਛੇ ਗਏ ਸਵਾਲ ਨੂੰ ਪ੍ਰਕਾਸ਼ ਸਿੰਘ ਬਾਦਲ ਗੋਲ-ਮੋਲ ਕਰਦੇ ਨਜ਼ਰ ਆਏ।


author

rajwinder kaur

Content Editor

Related News