ਬਾਦਲ ਬੋਲੇ-'ਕਿਹੜੇ ਸਬੂਤ ਮੰਗ ਰਿਹੈ ਪਾਕਿਸਤਾਨ'?

Wednesday, Feb 20, 2019 - 08:12 AM (IST)

ਬਾਦਲ ਬੋਲੇ-'ਕਿਹੜੇ ਸਬੂਤ ਮੰਗ ਰਿਹੈ ਪਾਕਿਸਤਾਨ'?

ਚੰਡੀਗਡ਼੍ਹ, (ਅਸ਼ਵਨੀ)- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋ ਧਾਰੀ ਖਾਮੋਸ਼ੀ ਤੋਂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਘਿਨਾਉਣੇ ਅਪਰਾਧ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਖ਼ਿਲਾਫ ਇਕ ਵੀ ਸ਼ਬਦ ਨਹੀਂ ਆਖਿਆ। ਉਨ੍ਹਾਂ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਪੁਲਵਾਮਾ ਹਮਲੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਮੂੰਹੋਂ ਕੁਝ ਸੁਣਿਆ ਹੈ ਅਤੇ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਧਾਰੀ ਚੁੱਪ ਬਾਰੇ ਕੀ ਸੋਚਦਾ ਹੈ।

ਕੀ ਸਿੱਧੂ ਅਜੇ ਵੀ ਇਹ ਮੰਨਦਾ ਹੈ ਕਿ ਅੱਤਵਾਦ ਨੂੰ ਕਿਸੇ ਦੁਸ਼ਮਣ ਮੁਲਕ ਦੀ ਸਰਕਾਰ ਦੀ ਹਮਾਇਤ ਪ੍ਰਾਪਤ ਨਹੀਂ ਹੈ?  ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਇੰਨੀ ਜ਼ਿੰਮੇਵਾਰ ਕੁਰਸੀ ’ਤੇ ਬੈਠੇ ਵਿਅਕਤੀ ਨੂੰ ਉਨ੍ਹਾਂ ਅੱਤਵਾਦੀਆਂ ਦੀ ਨਿਖੇਧੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਹਡ਼ੇ ਮਨੁੱਖਤਾ ਖ਼ਿਲਾਫ ਕੀਤੇ ਆਪਣੇ ਘਿਨਾਉਣੇ ਅਪਰਾਧ ਦਾ ਸ਼ਰੇਆਮ ਰੌਲਾ ਪਾ ਰਹੇ ਹਨ। ਪੁਲਵਾਮਾ ਹਮਲੇ ਬਾਰੇ ਦਿੱਤੇ ਆਪਣੇ ਭਾਸ਼ਣ ’ਚ ਇਮਰਾਨ ਖਾਨ ਨੇ ਉਸ ਹੌਲਨਾਕ ਘਟਨਾ ਦਾ ਜ਼ਿਕਰ ਤਕ ਨਹੀਂ ਕੀਤਾ, ਜਿਸ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਤਣਾਅਪੂਰਨ ਮਾਹੌਲ ਬਣਿਆ ਹੈ। 
ਉਨ੍ਹਾਂ ਕਿਹਾ ਕਿ ਕੀ ਉਹ ਜਾਣਦਾ ਨਹੀਂ ਕਿ ਇਸ ਘਿਨੌਣੇ ਹਮਲੇ ਦੀ ਜ਼ਿੰਮੇਵਾਰੀ ਇਕ ਅਜਿਹੇ ਅੱਤਵਾਦੀ ਗਰੁੱਪ ਵੱਲੋਂ ਲਈ ਜਾ ਚੁੱਕੀ ਹੈ, ਜਿਸ ਦਾ ਮੁਖੀ ਉਸੇ ਮੁਲਕ ਅੰਦਰ ਸ਼ਰੇਆਮ ਖੁੱਲ੍ਹਾ ਘੁੰਮ ਰਿਹਾ ਹੈ, ਜਿਸ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਹੈ? ਉਹ ਕਹਿੰਦਾ ਹੈ ਕਿ ਉਸ ਨੂੰ ਸਬੂਤ ਚਾਹੀਦੇ ਹਨ। ਅੱਤਵਾਦੀ ਗਰੁੱਪ ਦਾ ਮੁਖੀ ਸ਼ਰੇਆਮ ਪਾਕਿਸਤਾਨ ਵਿਚ ਘੁੰਮ ਰਿਹਾ ਹੈ, ਉਹ ਲਾਹੌਰ ਅਤੇ ਕਰਾਚੀ ਵਿਚ ਰੈਲੀਆਂ ਨੂੰ ਸੰਬੋਧਨ ਕਰਦਾ ਹੋਇਆ ਭਾਰਤ ਖ਼ਿਲਾਫ ਜ਼ਹਿਰ ਉੁਗਲ ਰਿਹਾ ਹੈ। ਕੀ ਪ੍ਰਧਾਨ ਮੰਤਰੀ ਲਈ ਇਹ ਸਬੂਤ ਕਾਰਵਾਈ ਕਰਨ ਲਈ ਕਾਫੀ ਨਹੀਂ ਹਨ?


Related News