ਨਿੱਜੀ ਸਕੂਲ ਦੇ ਬਾਹਰ ਮਾਪਿਆਂ ਦਾ ਹੰਗਾਮਾ, ਸਕੂਲ ਬਾਹਰ ਹੀ ਸੜਕ ''ਤੇ ਬੈਠੇ

06/24/2020 2:59:23 PM

ਲੁਧਿਆਣਾ (ਵਿੱਕੀ) : ਸਕੂਲ ਫੀਸਾਂ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਬੁੱਧਵਾਰ ਨੂੰ ਕਿਚਲੂ ਨਗਰ ਇਕ ਨਿੱਜੀ ਸਕੂਲ 'ਤੇ ਕੁਝ ਮਾਪਿਆਂ ਨੇ 3 ਮਹੀਨੇ ਦੀ ਇਕੱਠੀ ਫੀਸ ਜਮ੍ਹਾਂ ਕਰਵਾਉਣ ਦਾ ਨੋਟਿਸ ਭੇਜਣ ਦਾ ਦੋਸ਼ ਲਾਉਂਦੇ ਹੋਏ ਹੰਗਾਮਾ ਕਰ ਦਿੱਤਾ। ਮਾਮਲਾ ਗਰਮਾਉਂਦਾ ਦੇਖ ਕੇ ਪੁਲਸ ਵੀ ਪਹੁੰਚ ਗਈ। ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਪ੍ਰਿੰਸੀਪਲ ਉਨ੍ਹਾਂ ਦੀ ਗੱਲ ਤੱਕ ਸੁਣਨ ਲਈ ਤਿਆਰ ਨਹੀਂ ਹੈ ਅਤੇ ਮਾਪਿਆਂ ਲਈ ਗੇਟ ਬੰਦ ਕਰਕੇ ਉਨ੍ਹਾਂ ਨੂੰ ਅੰਦਰ ਤੱਕ ਆਉਣ ਤੋਂ ਵੀ ਰੋਕਿਆ ਜਾ ਰਿਹਾ ਹੈ।

ਮਾਪਿਆਂ ਦੇ ਨਾਲ ਆਏ ਰਾਹੁਲ ਗੁਪਤਾ ਨੇ ਦੋਸ਼ ਲਾਇਆ ਕਿ ਸਕੂਲ ਕਹਿ ਰਿਹਾ ਹੈ ਕਿ ਜੇਕਰ 3 ਮਹੀਨੇ ਦੀ ਫੀਸ ਇਕੱਠੀ ਜਮ੍ਹਾਂ ਨਹੀਂ ਕਰਵਾਈ ਗਈ ਤਾਂ ਬੱਚੇ ਦਾ ਨਾਂ ਸਕੂਲ 'ਚੋਂ ਕੱਟ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਾਪੇ ਸਵੇਰ ਤੋਂ ਸਕੂਲ ਦੇ ਬਾਹਰ ਸੜਕ 'ਤੇ ਬੈਠੇ ਹਨ ਪਰ ਸਕੂਲ ਉਨ੍ਹਾਂ ਨਾਲ ਗੱਲ ਤੱਕ ਕਰਨ ਲਈ ਤਿਆਰ ਨਹੀਂ। ਮਾਪਿਆਂ ਦਾ ਕਹਿਣਾ ਹੈ ਕਿ ਅਜੇ ਫੀਸ ਬਾਰੇ ਮਾਮਲਾ ਹਾਈਕੋਰਟ 'ਚ ਹੈ, ਜਦੋਂ ਤੱਕ ਕੋਈ ਫੈਸਲਾ ਨਹੀਂ ਆਉਂਦਾ, ਸਕੂਲ ਉਨ੍ਹਾਂ ਦੀ ਫੀਸ ਬਾਰੇ ਕੋਈ ਨੋਟਿਸ ਨਹੀਂ ਭੇਜ ਸਕਦੇ।

ਦੂਜੇ ਪਾਸੇ ਮਾਪਿਆਂ ਵਲੋਂ ਲਾਏ ਗਏ ਦੋਸ਼ 'ਤੇ ਪੱਖ ਜਾਨਣ ਲਈ ਪ੍ਰਿੰਸੀਪਲ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਨੇ ਮਾਪਿਆਂ ਤੋਂ ਸਿਰਫ ਮਹੀਨੇ ਦੀ ਫੀਸ ਮੰਗੀ ਹੈ ਅਤੇ ਕਿਸੇ ਮਾਪੇ ਨੂੰ ਨਹੀਂ ਕਿਹਾ ਗਿਆ ਕਿ ਜੇਕਰ 3 ਮਹੀਨੇ ਦੀ ਫੀਸ ਨਹੀਂ ਦੇਣਗੇ ਤਾਂ ਬੱਚੇ ਦਾ ਸਕੂਲ 'ਚੋਂ ਨਾਂ ਕੱਟ ਦਿੱਤਾ ਜਾਵੇਗਾ। ਗੋਇਲ ਨੇ ਕਿਹਾ ਕਿ ਸਕੂਲ ਮਾਪਿਆਂ ਦੇ ਹਾਲਾਤ ਨੂੰ ਸਮਝਦਾ ਹੈ ਪਰ ਸਟਾਫ  ਨੂੰ ਤਨਖਾਹ ਦੇਣ ਲਈ ਸਿਰਫ ਮਹੀਨੇ ਦੀ ਫੀਸ ਮੰਗੀ ਗਈ ਹੈ। ਅਸੀਂ ਮਾਪਿਆਂ ਨੂੰ ਕਿਹਾ ਹੈ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਉਸ ਨੂੰ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਸਕੂਲ ਨਾਲ ਸਹਿਯੋਗ ਕਰਨ।
 


Babita

Content Editor

Related News