ਲਾਪ੍ਰਵਾਹੀ ਕਾਰਨ 2 ਸਾਲ ਦੇ ਮਾਸੂਮ ਦੀ ਗਈ ਜਾਨ, ਨਰਸ ਨੇ ਮੋਬਾਇਲ ਸੁਣਦਿਆਂ ਲਾਇਆ ਗ਼ਲਤ ਟੀਕਾ

Friday, Jun 09, 2023 - 12:54 PM (IST)

ਲਾਪ੍ਰਵਾਹੀ ਕਾਰਨ 2 ਸਾਲ ਦੇ ਮਾਸੂਮ ਦੀ ਗਈ ਜਾਨ, ਨਰਸ ਨੇ ਮੋਬਾਇਲ ਸੁਣਦਿਆਂ ਲਾਇਆ ਗ਼ਲਤ ਟੀਕਾ

ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਿਭਾਗ ਵਿਚ 2 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਜਾਣ ਤੋਂ ਬਾਅਦ ਮਾਪਿਆਂ ਨੇ ਸਟਾਫ ਨਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਗੋਦ ਵਿਚ ਲੈ ਕੇ ਮਜੀਠਾ ਰੋਡ ’ਤੇ ਆਵਾਜਾਈ ਠੱਪ ਕਰ ਕੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮਾਪਿਆਂ ਨੇ ਦੋਸ਼ ਲਾਇਆ ਕਿ ਜਦੋਂ ਸਟਾਫ਼ ਨਰਸ ਨੇ ਬੱਚੇ ਨੂੰ ਟੀਕਾ ਲਗਾਇਆ ਤਾਂ ਉਹ ਫੋਨ ’ਤੇ ਗੱਲ ਕਰ ਰਹੀ ਸੀ ਅਤੇ ਉਸ ਨੇ ਟੀਕਾ ਲਗਾਇਆ ਜੋ ਬੱਚਿਆਂ ਦੀ ਇਨਫੈਕਸ਼ਨ ਦੇ ਇਲਾਜ ਵਿਚ ਵਰਤੋਂ ਨਹੀਂ ਕੀਤਾ ਜਾਂਦਾ। ਉਨ੍ਹਾਂ ਵਲੋਂ ਸਟਾਫ਼ ਨਰਸ ’ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ। ਦੂਜੇ ਪਾਸੇ ਘਟਨਾ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਹੋਰ ਬੱਚਿਆਂ ਦੇ ਮਾਪਿਆਂ ’ਚ ਵੀ ਡਰ ਦਾ ਮਾਹੋਲ ਪਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਰਮਦਾਸ ਦੇ ਪਿੰਡ ਮਾਛੀਵਾਲਾ ਦੇ ਵਸਨੀਕ ਕੁਲਵਿੰਦਰ ਸਿੰਘ ਨੇ ਉਸ ਨੇ ਆਪਣੇ ਬੱਚੇ ਦਕਸ਼ਪ੍ਰੀਤ ਨੂੰ ਲੱਤ ’ਤੇ ਰੇਸ਼ਾ ਭਰਨ ਦੀ ਸ਼ਿਕਾਇਤ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਿਭਾਗ ਵਿਚ 3 ਜੂਨ ਨੂੰ ਦਾਖਲ ਕਰਵਾਇਆ ਸੀ। 5 ਜੂਨ ਤੱਕ ਉਸ ਦੇ ਬੱਚੇ ਦਾ ਇਲਾਜ ਸਹੀ ਢੰਗ ਨਾਲ ਕੀਤਾ ਜਾ ਰਿਹਾ ਸੀ ਪਰ ਬਾਅਦ ਵਿਚ ਬੱਚੇ ਦੇ ਇਲਾਜ ਵਿਚ ਮਾਪਿਆਂ ਅਨੁਸਾਰ ਕੁਤਾਹੀ ਵਰਤੀ ਜਾਣ ਲੱਗੀ। ਬੱਚੇ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ਨੂੰ ਇੰਨਫੈਕਸ਼ਨ ਕਾਰਨ ਰੋਜ਼ਾਨਾ ਦੋ ਟੀਕੇ ਲੱਗ ਰਹੇ ਸਨ। ਇਕ ਟੀਕਾ ਹਸਪਤਾਲ ਪ੍ਰਸਾਸ਼ਨ ਵਲੋਂ ਮੁਫਤ ਲਾਇਆ ਜਾ ਰਿਹਾ ਸੀ ਅਤੇ ਦੂਸਰਾ ਬਾਹਰੋਂ ਪ੍ਰਾਈਵੇਟ ਮੈਡੀਕਲ ਸਟੋਰ ਤੋਂ ਲਿਆ ਕੇ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਟੀਕੇ ਦਾ ਸਮਾਂ ਹੋ ਗਿਆ ਸੀ। ਵਾਰ-ਵਾਰ ਉਹ ਸਟਾਫ ਨਰਸ ਨੂੰ ਬੱਚੇ ਨੂੰ ਇੰਨਫੈਕਸ਼ਨ ਦਾ ਟੀਕਾ ਲਾਉਣ ਲਈ ਕਹਿ ਰਹੇ ਸੀ ਤਾਂ ਇਸ ਦੌਰਾਨ ਡਿੳੂਟੀ ’ਤੇ ਤਾਇਨਾਤ ਇਕ ਸਟਾਫ ਨਰਸ ਜੋ ਕਾਫੀ ਸਮੇਂ ਤੋਂ ਫੋਨ ’ਤੇ ਰੁਝੀ ਹੋਈ ਸੀ, ਉਹ ਪਹਿਲਾਂ ਤਾਂ ਉਸ ਦੀ ਗੱਲ ਨੂੰ ਅਣਦੇਖੀ ਕਰਦੀ ਰਹੀ ਪਰ ਬਾਅਦ ਵਿਚ ਆਉਦੇ ਹੀ ਫੋਨ ਨੂੰ ਕੰਨ ’ਤੇ ਲਗਾ ਕੇ ਬੱਚੇ ਨੂੰ ਟੀਕਾ ਲਗਾ ਕੇ ਚਲੀ ਗਈ। ਉਨ੍ਹਾਂ ਦੱਸਿਆ ਕਿ ਟੀਕੇ ਲੱਗਣ ਦੇ ਕੁਝ ਸਮੇਂ ਹੀ ਬੱਚੇ ਦੀ ਹਾਲਤ ਕਾਫੀ ਵਿਗੜ ਗਈ।

ਇਹ ਵੀ ਪੜ੍ਹੋ- ਜਰਨੈਲ ਸਿੰਘ ਕਤਲ ਕਾਂਡ 'ਚ ਵੱਡੀ ਗ੍ਰਿਫ਼ਤਾਰੀ, ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਮੁਲਜ਼ਮ ਸਣੇ 3 ਕਾਬੂ

ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦਾ ਬੱਚਾ ਅੱਧਾ ਘੰਟਾ ਪਹਿਲਾਂ ਸਾਰਾ ਕੁਝ ਖਾ-ਪੀ ਰਿਹਾ ਸੀ। ਕੁਲਵਿੰਦਰ ਸਿੰਘ ਨੇ ਦੱਸਿਅ ਕਿ ਉਸ ਨੇ ਆਪਦੇ ਬੱਚੇ ਦੀ ਵੀਡੀਓ ਵੀ ਬਣਾਈ ਸੀ। ਇੰਨਫਕੈਸ਼ਨ ਤੋਂ ਬਾਅਦ ਹਾਲਤ ਵਿਗੜ ਗਈ ਅਤੇ ਉਹ ਬੇਸੁੱਧ ਹੋ ਗਿਆ। ਡਾਕਟਰਾਂ ਵਲੋਂ ਪਹਿਲਾਂ ਤਾਂ ਉਸ ਦੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਰ ਜਦੋਂ ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਸਾਹ ਚੱਲ ਰਹੇ ਹਨ ਤਾਂ ਫਿਰ ਤੋਂ ਡਾਕਟਰਾਂ ਨੇ ਉਸ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਸਟਾਫ ਦੀ ਅਣਗਹਿਲੀ ਦੇ ਕਾਰਨ ਕਾਫੀ ਦੇਰੀ ਹੋ ਗਈ ਅਤੇ ਉਸ ਦੇ ਬੱਚੇ ਨੇ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਸਟਾਫ ਨਰਸ ਵਲੋਂ ਜੋ ਟੀਕਾ ਲਾਇਆ ਗਿਆ ਹੈ, ਉਹ ਆਈ. ਸੀ. ਯੂ. ਵਿਚ ਗੰਭੀਰ ਹਾਲਤ ਵਾਲੇ ਵੱਡੇ ਮਰੀਜ਼ਾਂ ਨੂੰ ਲਾਇਆ ਜਾਂਦਾ ਹੈ। ਬੱਚਿਆਂ ਲਈ ਇਹ ਟੀਕਾ ਨਹੀਂ ਹੈ। ਉਨ੍ਹਾਂ ਟੀਕਾ ਨੂੰ ਦਿਖਾਉਦੇ ਹੋਏ ਕਿਹਾ ਕਿ ਇਹ ਟੀਕਾ ਲਗਾ ਕੇ ਉਸ ਦੇ ਬੱਚੇ ਦੀ ਜਾਨ ਲੈ ਲਈ ਗਈ ਹੈ।

ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਸੁਣੀ ਗੱਲ

ਮਾਪਿਆਂ ਨੇ ਦੋਸ਼ ਲਾਇਆ ਕਿ ਉਹ ਸਵੇਰ ਤੋਂ ਇਨਸਾਫ ਦੀ ਮੰਗ ਲਈ ਉਧਰ-ਇੱਧਰ ਭਟਕ ਰਹੇ ਹਨ ਪਰ ਕਿਸੇ ਵੀ ਉੱਚ ਜਾ ਪ੍ਰਸਾਸ਼ਨਿਕ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਹੈ, ਜਿਸ ਕਾਰਨ ਉਨ੍ਹਾਂ ਗੋਦ ਵਿਚ ਬੱਚੇ ਦੀ ਮ੍ਰਿਤਕ ਦੇਹ ਲੈ ਕੇ ਮਜੀਠਾ ਰੋਡ ’ਤੇ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਆਉਣ ’ਤੇ ਸਬੰਧਤ ਸਟਾਫ ਨਰਸ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਬੱਚੇ ਨਾਲ ਅਜਿਹਾ ਭਿਆਨਕ ਕਾਰਨਾਮਾ ਕੀਤਾ ਗਿਆ ਹੈ ਪਰ ਭਵਿੱਖ ਵਿਚ ਕਿਸੇ ਹੋਰ ਦੇ ਬੱਚੇ ਨਾਲ ਅਜਿਹੀ ਘਟਨਾ ਨਾ ਹੋ ਸਕੇ, ਇਸ ਲਈ ਉਹ ਆਪਣੇ ਬੱਚੇ ਦੀ ਮੌਤ ਦੇ ਜ਼ਿੰਮੇਵਾਰ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਤਾ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਦੂਜੇ ਪਾਸੇ ਮਾਪਿਆਂ ਦੁਬਾਰਾ ਬੱਚੇ ਦੀ ਮੌਤ ਦੇ ਕੁਝ ਸਮੇਂ ਪਹਿਲਾਂ ਬਣਾਈ ਗਈ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਅਤੇ ਸੋਸ਼ਲ ਮੀਡੀਆ ’ਤੇ ਵੀ ਜੰਮ ਕੇ ਲੋਕ ਗੁਰੂ ਨਾਨਕ ਦੇਵ ਹਸਪਤਾਲ ਦੇ ਸਟਾਫ ਨੂੰ ਫਟਕਾਰ ਲਗਾ ਰਹੇ ਹਨ।

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ’ਚ  ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ 'ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ

ਕਮੇਟੀ ਦਾ ਗਠਨ, ਤੁਰੰਤ ਰਿਪੋਰਟ ਪੇਸ਼ ਕਰਨ ਦੇ ਹੁਕਮ

ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕਰਮਜੀਤ ਸਿੰਘ ਨੇ ਘਟਨਾ ਤੋਂ ਤੁਰੰਤ ਬਾਅਦ ਬੱਚਿਆਂ ਦੇ ਵਿਭਾਗ ਦਾ ਮੁਆਇਨਾ ਕੀਤਾ ਅਤੇ ਮਾਮਲੇ ਦੀ ਜਾਂਚ ਲਈ ਬਾਲ ਵਿਭਾਗ ਡਾ. ਮਨਮੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਕਮਲਜੋਤ ਕੌਰ ਅਤੇ ਹਸਪਤਾਲ ਦੇ ਮੈਟਰਨ ਦੇ ਅਧਾਰ ’ਤੇ ਇਕ ਕਮੇਟੀ ਦਾ ਗਠਨ ਕਰਦੇ ਹੋਏ ਤੁਰੰਤ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ ਘਟਨਾ ਤੋਂ ਬਾਅਦ ਬੱਚਿਆਂ ਦੇ ਵਿਭਾਗ ਦੀ ਮੁਖੀ ਡਾ. ਮਨਮੀਤ ਕੌਰ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ ਅਤੇ ਮੀਡੀਆ ਦਾ ਫ਼ੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝ ਰਹੀ। ਇਸ ਗੰਭੀਰ ਸਥਿਤੀ ਵਿੱਚ ਮਾਪੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਵਿਭਾਗ ਦੇ ਮੁਖੀ ਮਾਮਲੇ ਨੂੰ ਦਬਾਉਣ ਲਈ ਚੁੱਪ ਧਾਰੀ ਬੈਠੇ ਹਨ।

ਘਟਨਾ ਤੋਂ ਬਾਅਦ ਦਾਖਲ ਹੋਰ ਬੱਚਿਆਂ ਦੇ ਮਾਪਿਆਂ ’ਚ ਡਰ ਦਾ ਮਾਹੌਲ

ਘਟਨਾ ਤੋਂ ਬਾਅਦ ਵਿਭਾਗ ਵਿਚ ਦਾਖ਼ਲ ਹੋਰ ਬੱਚਿਆਂ ਦੇ ਮਾਪਿਆਂ ਵਿਚ ਡਰ ਦਾ ਮਾਹੌਲ ਹੈ। ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਅਧਿਕਾਰੀਆਂ ਕੋਲ ਇੱਧਰ-ਉਧਰ ਗੇੜੇ ਮਾਰ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਵਿਭਾਗ ਦੀ ਮੁਖੀ ਡਾ. ਮਨਮੀਤ ਕੌਰ ਨਾ ਤਾਂ ਕਿਸੇ ਮਾਪਿਆਂ ਨੂੰ ਮਿਲ ਰਹੀ ਹੈ ਅਤੇ ਨਾ ਹੀ ਕੋਈ ਗੱਲ ਕਰ ਰਹੀ ਹੈ। ਇੱਥੋਂ ਤੱਕ ਕਿ ਬੱਚਿਆਂ ਦੇ ਰਿਸ਼ਤੇਦਾਰ ਵੀ ਵਿਭਾਗ ਦੇ ਮੁਖੀ ਨਾਲ ਗੱਲ ਕਰਨ ਲਈ ਉੱਥੇ ਪੁੱਜੇ ਪਰ ਡਾ. ਮਨਮੀਤ ਕੌਰ ਜੋ ਕਿ ਇਕ ਮਹੱਤਵਪੂਰਨ ਪੋਸਟ ’ਤੇ ਤਾਇਨਾਤ ਹਨ। ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹ ਲੋਕਾਂ ਦੇ ਮਨਾਂ ਵਿਚ ਪੈਦਾ ਹੋਏ ਸ਼ੰਕਿਆਂ ਅਤੇ ਡਰ ਨੂੰ ਦੂਰ ਕਰਨ ਲਈ ਲੋਕਾਂ ਨੂੰ ਨਹੀਂ ਮਿਲ ਰਹੀ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਮੁਖੀ ਡਾ. ਮਨਮੀਤ ਨਾ ਤਾਂ ਆਮ ਲੋਕਾਂ ਦਾ ਫ਼ੋਨ ਚੁੱਕਦੇ ਹਨ ਅਤੇ ਨਾ ਹੀ ਉਨ੍ਹਾਂ ਨਾਲ ਠੀਕ ਤਰ੍ਹਾਂ ਗੱਲ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੀ ਇਸ ਤਰ੍ਹਾਂ ਦਾ ਅਧਿਕਾਰੀ ਇਸ ਅਹਿਮ ਅਹੁਦੇ ਲਈ ਯੋਗ ਹੈ। ਸਰਕਾਰ ਨੂੰ ਅਜਿਹੇ ਅਫਸਰਾਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਮੁੱਢਲੀ ਜਾਂਚ ਤੋਂ ਬਾਅਦ ਹੋਵੇਗੀ ਸਖ਼ਤ ਕਾਰਵਾਈ

ਗੁਰੂ ਨਾਨਕ ਦੇਵ ਹਸਪਤਾਲ ਦੇ ਐੱਮ. ਐੱਸ. ਕਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ 12 ਘੰਟਿਆਂ ਵਿਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਢਲੀ ਰਿਪੋਰਟ ਆਉਣ ’ਤੇ ਸਬੰਧਤ ਸਟਾਫ ਨਰਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਪੇ ਜੋ ਟੀਕੇ ਦਿਖਾ ਰਹੇ ਹਨ, ਉਹ ਆਈ. ਸੀ. ਯੂ. ’ਚ ਵਰਤੋਂ ਹੁੰਦਾ ਹੈ ਪਰ ਬੱਚੇ ਦੀ ਮੌਤ ਕਿਵੇਂ ਹੋਈ ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਕਮੇਟੀ ਦੇ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਕੀ ਹੋਇਆ ਸੀ। ਜੇਕਰ ਸਟਾਫ਼ ਨਰਸ ਦੀ ਕੋਈ ਲਾਪਰਵਾਹੀ ਪਾਈ ਗਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਰਡਾਰ 'ਤੇ ਸਾਬਕਾ CM ਚੰਨੀ, ਹੁਣ ਇਸ ਮਾਮਲੇ ਨੂੰ ਲੈ ਕੇ ਵਧ ਸਕਦੀਆਂ ਨੇ ਮੁਸ਼ਕਿਲਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News