ਗਰੀਬੀ ਤੋਂ ਬੇਵੱਸ ਮਾਪਿਆਂ ਨੇ 50 ਹਜ਼ਾਰ ''ਚ ਗੈਰਾਂ ਦੀ ਗੋਦ ''ਚ ਪਾਇਆ ਬੱਚਾ

Tuesday, May 26, 2020 - 08:06 PM (IST)

ਗਰੀਬੀ ਤੋਂ ਬੇਵੱਸ ਮਾਪਿਆਂ ਨੇ 50 ਹਜ਼ਾਰ ''ਚ ਗੈਰਾਂ ਦੀ ਗੋਦ ''ਚ ਪਾਇਆ ਬੱਚਾ

ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)— ਨਸ਼ੇ ਤੇ ਗਰੀਬੀ ਕਈ ਪਰਿਵਾਰਾਂ 'ਤੇ ਅਜਿਹੀ ਭਾਰੂ ਪੈਂਦੀ ਹੈ ਕਿ ਉਹ ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੇ ਤੋਂ ਅਲੱਗ ਕਰ ਦਿੰਦੇ ਹਨ, ਇਸ ਤਰ੍ਹਾਂ ਦਾ ਮਾਮਲਾ ਮਾਛੀਵਾੜਾ ਥਾਣੇ ਪੁੱਜਾ, ਜਿੱਥੇ ਇਕ ਵਿਅਕਤੀ ਨੇ ਗਰੀਬੀ ਤੇ ਨਸ਼ੇ ਕਾਰਨ ਸਵਾ ਮਹੀਨੇ ਦਾ ਬੱਚਾ ਕਿਸੇ ਵਿਅਕਤੀ ਨੂੰ 50 ਹਜ਼ਾਰ ਰੁਪਏ 'ਚ ਗੋਦ ਦੇ ਦਿੱਤਾ।
ਜਾਣਕਾਰੀ ਅਨੁਸਾਰ ਮਾਛੀਵਾੜਾ ਬੇਟ ਖੇਤਰ ਦੇ ਇਕ ਪਿੰਡ 'ਚ ਰਹਿੰਦਾ ਨੌਜਵਾਨ ਜਿਸ ਦੇ ਘਰ ਪਤਨੀ ਤੋਂ ਦੂਜਾ ਲੜਕਾ ਪੈਦਾ ਹੋਇਆ ਤੇ ਘਰੇਲੂ ਕਲੇਸ਼ ਕਾਰਨ ਇਹ ਪਤੀ-ਪਤਨੀ ਮਾਛੀਵਾੜਾ ਵਿਖੇ ਆ ਕੇ ਰਹਿਣ ਲੱਗ ਪਏ। ਘਰ 'ਚ ਗਰੀਬੀ ਤੇ ਪਤੀ ਨਸ਼ਿਆਂ ਦਾ ਆਦੀ ਹੋਣ ਕਾਰਨ ਗੁਆਂਢ ਰਹਿੰਦੀ ਇਕ ਔਰਤ ਨੇ ਨਵਜੰਮਿਆ ਬੱਚਾ ਆਪਣੇ ਕਿਸੇ ਪਛਾਣ ਵਾਲੇ ਪਰਿਵਾਰ ਨੂੰ ਗੋਦ ਦਿਵਾ ਦਿੱਤਾ। ਗੋਦ ਲੈਣ ਵਾਲੇ ਪਰਿਵਾਰ ਕੋਲ ਪਿਛਲੇ 14 ਸਾਲਾਂ ਤੋਂ ਘਰ 'ਚ ਕੋਈ ਔਲਾਦ ਨਹੀਂ ਹੋ ਰਹੀ ਸੀ, ਜਿਸ ਕਾਰਨ ਦੋਵਾਂ ਪਰਿਵਾਰਾਂ ਨੇ ਤਹਿਸੀਲ 'ਚ ਜਾ ਕੇ ਹਲਫ਼ੀਆ ਬਿਆਨ ਤਿਆਰ ਕਰਵਾ ਲਿਆ ਕਿ ਅੱਜ ਤੋਂ ਬਾਅਦ ਇਹ ਨਵਜੰਮਿਆ ਬੱਚਾ ਗੋਦ ਦੇ ਦਿੱਤਾ ਹੈ ਤੇ ਹਸਪਤਾਲ ਤੇ ਜਣੇਪੇ ਦੇ ਖਰਚ ਵਜੋਂ 50 ਹਜ਼ਾਰ ਰੁਪਏ ਨਗਦ ਦੇ ਦਿੱਤੇ ਹਨ। ਇਹ ਬੱਚਾ ਫਰਵਰੀ ਮਹੀਨੇ 'ਚ ਗੋਦ ਦੇ ਦਿੱਤਾ ਅਤੇ ਬੱਚਾ ਜਨਮ ਦੇਣ ਵਾਲੀ ਮਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ 50 ਹਜ਼ਾਰ ਨਹੀਂ ਕੇਵਲ 20 ਹਜ਼ਾਰ ਰੁਪਏ ਮਿਲੇ ਜੋ ਕਿ ਉਸਦੇ ਘਰ ਵਾਲੇ ਨੇ ਨਸ਼ਿਆਂ 'ਚ ਉਜਾੜ ਦਿੱਤੇ। ਹੁਣ ਉਹ ਆਪਣੇ ਬੱਚੇ ਨੂੰ ਵਾਪਸ ਲੈਣਾ ਚਾਹੁੰਦੀ ਹੈ। ਜਿਸ ਸਬੰਧੀ ਉਨ੍ਹਾਂ ਬੱਚਾ ਗੋਦ ਲੈਣ ਵਾਲੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵੀ ਕੀਤਾ ਪਰ ਜਦੋਂ ਪਰਿਵਾਰ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਇਸ ਸਬੰਧੀ ਮਾਛੀਵਾੜਾ ਥਾਣਾ 'ਚ ਸ਼ਿਕਾਇਤ ਦੇ ਦਿੱਤੀ।
ਅੱਜ ਮਾਛੀਵਾੜਾ ਪੁਲਸ ਥਾਣਾ ਵਿਖੇ ਦੋਵੇਂ ਧਿਰਾਂ ਇਕੱਠੀਆਂ ਹੋਈਆਂ, ਜਿੱਥੇ ਪਤਵੰਤੇ ਸੱਜਣਾਂ ਨੇ ਰਾਜ਼ੀਨਾਮਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਉਹ ਮਜ਼ਦੂਰੀ ਕਰ ਹਰੇਕ ਮਹੀਨੇ 10 ਹਜ਼ਾਰ ਰੁਪਏ ਵਾਪਸ ਕਰੇਗੀ ਤੇ 5 ਮਹੀਨਿਆਂ 'ਚ ਪੈਸੇ ਪੂਰੇ ਕਰ ਦੇਵੇਗੀ। ਜਿਸ ਨੂੰ ਉਸਦਾ ਬੱਚਾ ਵਾਪਸ ਕਰ ਦਿੱਤਾ ਜਾਵੇ ਪਰ ਦੂਸਰੇ ਪਾਸੇ ਬੱਚਾ ਗੋਦ ਲੈਣ ਵਾਲਾ ਪਰਿਵਾਰ ਇਸ ਗੱਲ 'ਤੇ ਬੇਜ਼ਿੱਦ ਹੋ ਗਿਆ ਕਿ 50 ਹਜ਼ਾਰ ਰੁਪਏ ਤੁਰੰਤ ਦਿੱਤੇ ਜਾਣ ਤਾਂ ਹੀ ਉਹ ਬੱਚਾ ਵਾਪਸ ਦੇਣਗੇ।

ਸਾਬਕਾ ਸਰਪੰਚਣੀ ਗਰੀਬ ਪਰਿਵਾਰ ਦੇ ਹੱਕ 'ਚ ਨਿੱਤਰੀ
ਬੇਟ ਖੇਤਰ ਦੀ ਇਕ ਸਾਬਕਾ ਸਰਪੰਚਣੀ ਜੋ ਕਿ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨਾਲ ਰਾਜ਼ੀਨਾਮੇ 'ਚ ਆਈ ਸੀ, ਉਸਨੇ ਤੁਰੰਤ ਗਰੀਬ ਪਰਿਵਾਰ ਦੇ ਹੱਕ 'ਚ ਨਿੱਤਰਦਿਆਂ ਆਪਣੇ ਘਰੋਂ 50 ਹਜ਼ਾਰ ਰੁਪਏ ਮੰਗਵਾ ਕੇ ਬੱਚਾ ਵਾਪਸ ਦੇਣ ਦੀ ਗੱਲ ਕਹੀ। ਫਿਰ ਅਖੀਰ 'ਚ ਪੁਲਿਸ ਥਾਣੇ 'ਚ ਪਤਵੰਤੇ ਸੱਜਣਾਂ ਨੇ ਇਹ ਬੱਚਾ ਵਾਪਸ ਦੇਣ ਜਾਂ ਨਾ ਦੇਣ ਦਾ ਫੈਸਲਾ ਭਲਕੇ ਰੱਖ ਲਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਤੇ ਅੱਜ ਦੋਵੇਂ ਧਿਰਾਂ ਵਲੋਂ ਪਤਵੰਤੇ ਸੱਜਣ ਇਨ੍ਹਾਂ ਦਾ ਰਾਜ਼ੀਨਾਮਾ ਕਰਵਾ ਰਹੇ ਸਨ।


author

KamalJeet Singh

Content Editor

Related News