ਪੀ. ਆਰ. ਟੀ. ਸੀ. ''ਚ ਐਡਵਾਂਸ ਬੁਕਰਾਂ ਦੀ ਠੇਕੇ ''ਤੇ ਭਰਤੀ ''ਚ ਹੋਈਆਂ ਬੇਨਿਯਮੀਆਂ ਦਾ ਸੂਚਨਾ ਅਧਿਕਾਰ ''ਚ ਹੋਇਆ ਖੁਲਾਸਾ
Sunday, Jul 23, 2017 - 02:22 AM (IST)

ਬਰੇਟਾ(ਸਿੰਗਲਾ)-ਪਿਛਲੇ ਸਮੇਂ ਵਿਚ ਪੀ. ਆਰ. ਟੀ. ਸੀ. ਵੱਲੋਂ ਠੇਕੇ 'ਤੇ ਰੱਖੇ ਗਏ 80 ਐਡਵਾਂਸ ਬੁਕਿੰਗ ਬੁਕਰ ਜਿਹੜੇ ਸਿੱਧੇ ਹੀ ਰੱਖੇ ਗਏ ਸਨ ਪਰ ਇਨ੍ਹਾਂ ਦੀ ਭਰਤੀ ਸਬੰਧੀ ਸਾਰੇ ਨਿਯਮ ਕਾਨੂੰਨ ਛਿੱਕੇ ਟੰਗੇ ਜਾਣ ਦੀ ਜਾਣਕਾਰੀ ਮਿਲਣ 'ਤੇ ਪਰਮਜੀਤ ਸ਼ਰਮਾ ਵੱਲੋਂ ਇਸ ਸਬੰਧੀ ਸੂਚਨਾ ਅਧਿਕਾਰ ਅਧੀਨ ਲਈ ਗਈ ਜਾਣਕਾਰੀ ਅਨੁਸਾਰ ਜੋ ਤੱਥ ਸਾਹਮਣੇ ਆਏ ਹਨ, ਉਹ ਹੈਰਾਨੀ ਜਨਕ ਹੀ ਨਹੀਂ ਸਗੋਂ ਹਾਸੋ ਹੀਣੇ ਅਤੇ ਸਰਕਾਰੀ ਤੰਤਰ ਨੂੰ ਗੁੰਮਰਾਹ ਕਰਨ ਤੇ ਧੋਖਾ ਦੇਣ ਵਾਲੇ ਵੀ ਦੱਸੇ ਗਏ ਹਨ। ਪੀ. ਆਰ. ਟੀ. ਸੀ. ਦੇ ਐੱਮ. ਡੀ. ਜਨਰਲ ਅਪ੍ਰੇਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਪੀ. ਆਰ. ਟੀ. ਸੀ. ਵੱਲੋਂ ਐਡਵਾਂਸ ਬੁਕਰ ਰੱਖੇ ਜਾਂਦੇ ਹਨ ਤੇ ਉਨ੍ਹਾਂ ਲਈ ਕੋਈ ਭਰਤੀ ਪ੍ਰਕਿਰਿਆ ਨਹੀਂ ਰੱਖੀ ਜਾਂਦੀ ਕਿਉਂਕਿ ਇਹ ਕਮੀਸ਼ਨ ਬੇਸ 'ਤੇ ਰੱਖੇ ਜਾਂਦੇ ਹਨ। ਇਸ ਲਈ ਉਨ੍ਹਾਂ ਸਬੰਧੀ ਅਖਬਾਰਾਂ ਵਿਚ ਇਸ਼ਤਿਆਰ ਨਹੀਂ ਦਿੱਤਾ ਗਿਆ। ਸਮੇਂ-ਸਮੇਂ 'ਤੇ ਆਈਆਂ ਦਰਖਾਸਤਾਂ ਅਨੁਸਾਰ ਪੀ. ਆਰ. ਟੀ. ਸੀ. ਦੇ ਹਿੱਤ 'ਚ ਰੱਖੇ ਗਏ ਹਨ। ਹੈਰਾਨੀ ਜਨਕ ਤੱਥ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਐਡਵਾਂਸ ਬੁਕਰਾਂ ਨੂੰ ਰੱਖਣ ਲਈ ਕੋਈ ਆਰਡਰ ਨਹੀਂ ਕੀਤੇ ਗਏ ਪਰ ਪੀ. ਆਰ. ਟੀ. ਸੀ. ਦੇ ਆਪਣੇ ਬੋਰਡ ਡਾਇਰੈਕਟਰ ਵੱਲੋਂ ਪ੍ਰਮਾਣਿਤ ਸ਼ਰਤਾਂ 'ਤੇ ਹੀ ਰੱਖੇ ਗਏ ਹਨ ਪਰ ਪਤਾ ਨਹੀਂ ਕਿ ਇਹ ਕਿਹੜੀਆਂ ਸ਼ਰਤਾਂ ਹਨ, ਜੋ ਗੁਪਤ ਹਨ। ਇਨ੍ਹਾਂ ਨੂੰ ਰੱਖਣ ਲਈ ਕੋਈ ਇੰਟਰਵਿਊ ਨਹੀਂ ਰੱਖੀ ਜਾਂਦੀ ਕਿÀੁਂਕਿ ਇਨ੍ਹਾਂ ਨੂੰ ਨਿਰੋਲ ਠੇਕੇ 'ਤੇ ਕਮੀਸ਼ਨ ਦੇ ਆਧਾਰ 'ਤੇ ਰੱਖਿਆ ਗਿਆ ਹੈ ਅਤੇ ਨਾ ਹੀ ਸ਼੍ਰੇਣੀਆਂ ਅਨੁਸਾਰ ਰੱਖਿਆ ਗਿਆ ਹੈ। ਸੂਚਨਾ ਲੈਣ ਵਾਲੇ ਪਰਮਜੀਤ ਸ਼ਰਮਾ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਕਿਸੇ ਵੀ ਠੇਕੇ ਦੀ ਭਰਤੀ ਲਈ ਵੀ ਅਖਬਾਰਾਂ ਵਿਚ ਇਸ਼ਤਿਆਰ ਦੇਣਾ ਜ਼ਰੂਰੀ ਹੈ, ਨਹੀਂ ਤਾਂ ਅਧਿਕਾਰੀਆਂ ਦੇ ਚਹੇਤੇ ਹੀ ਆਉਣਗੇ ਅਤੇ ਆਏ ਹਨ। ਦਿੱਤੀ ਜਾਣਕਾਰੀ ਹਾਸੋ ਹੀਣੀ ਇਸ ਲਈ ਹੈ ਕਿ ਸ਼ਾਇਦ ਉਨ੍ਹਾਂ ਨੂੰ ਨਿਯਮਾਂ ਦਾ ਪਤਾ ਨਹੀਂ ਜਾਂ ਫਿਰ ਜਾਣ ਬੁਝ ਕੇ ਗੂੰਗੇ ਬੋਲੇ ਬਣੇ ਹਨ। ਅਨੇਕਾਂ ਅਜਿਹੇ ਲੋਕ ਜਿਨ੍ਹਾਂ ਨੇ 100 ਰੁਪਏ ਫੀਸ ਅਤੇ 5000 ਰੁਪਏ ਦਾ ਡਰਾਫਟ ਵੀ ਦਿੱਤਾ ਹੈ, ਉਹ ਉਮੀਦਵਾਰ ਵੀ ਇਸ ਨਿਯੁਕਤੀ ਤੋਂ ਵਾਂਝੇ ਰਹੇ ਹਨ ਅਤੇ ਚਹੇਤੇ ਕਾਮਯਾਬ ਹੋਏ ਹਨ। ਸ਼੍ਰੀ ਸ਼ਰਮਾ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਪਿਛਲੀ ਸਰਕਾਰ ਸਮੇਂ ਹੋਈ ਇਸ ਪ੍ਰਕਿਰਿਆ ਨੂੰ ਭਾਵੇਂ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਹੋਇਆ ਹੈ ਪਰ ਸੂਚਨਾ ਅਧਿਕਾਰ ਅਧੀਨ ਸ਼ਾਇਦ ਮਜਬੂਰੀ ਕਾਰਨ ਹੀ ਇਹ ਨਿਯਮਾਂ ਨੂੰ ਤਾਕ 'ਤੇ ਲਾ ਕੇ ਅਮਲ ਵਿਚ ਲਿਆਂਦੀ ਗਈ ਇਸ ਪ੍ਰਕਿਰਿਆ ਨੂੰ ਜਨਤਕ ਕਰਨਾ ਪਿਆ ਜਾਪਦਾ ਹੈ, ਜਦਕਿ ਕਾਨੂੰਨੀ ਅਤੇ ਨਿਯਮਾਂ ਪੱਖੋਂ ਇਹ ਪ੍ਰਕਿਰਿਆ ਹਾਸੋਹੀਣੀ ਹੀ ਨਹੀਂ ਜਨਤਾ ਨੂੰ ਹਨੇਰੇ 'ਚ ਰੱਖਣ ਵਾਲੀ ਹੈ। ਇਸ ਲਈ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਦੀ ਤੁਰੰਤ ਲੋੜ ਹੈ। ਪਰਮਜੀਤ ਦਾ ਕਹਿਣਾ ਹੈ ਕਿ ਜੇਕਰ ਇਸ ਸਬੰਧੀ ਤੁਰੰਤ ਕਾਰਵਾਈ ਨਾ ਹੋਈ ਤਾਂ ਇਸ ਮਾਮਲੇ ਨੂੰ ਮਾਣਯੋਗ ਅਦਾਲਤ ਦੇ ਧਿਆਨ ਹਿੱਤ ਲਿਜਾਣ 'ਚ ਕੋਈ ਸੰਕੋਚ ਨਹੀਂ ਕਰੇਗਾ। ਇਸ ਸਬੰਧੀ ਪੀ. ਆਰ. ਟੀ. ਸੀ. ਮੈਨੇਜਿੰਗ ਡਾਇਰੈਕਟਰ ਪਟਿਆਲਾ ਦੇ ਦਫਤਰ ਨਾਲ ਸੰਪਰਕ ਕਰਨ 'ਤੇ ਦਫਤਰ ਵਿਚ ਮੌਜੂਦ ਪਾਏ ਰਾਜਦੀਪ ਸਿੰਘ ਨੇ ਦੱਸਿਆ ਕਿ ਇਹ ਭਰਤੀ ਪਹਿਲਾਂ ਹੋਈ ਸੀ, ਜਿਹੜੀ ਕਮੀਸ਼ਨ ਬੇਸ 'ਤੇ ਕੀਤੀ ਗਈ ਸੀ ਅਤੇ ਉਸ ਲਈ ਅਖਬਾਰ ਵਿਚ ਇਸ਼ਤਿਆਰ ਦੇਣਾ ਕੋਈ ਜ਼ਰੂਰੀ ਨਹੀਂ ਸੀ।