26 ਤੱਕ ਪਟਿਆਲਾ ਸ਼ਹਿਰ ''ਚ ਤਾਇਨਾਤ ਰਹੇ ਪੈਰਾਮਿਲਟਰੀ ਫੋਰਸ : ਹਾਈਕੋਰਟ

09/22/2017 9:22:26 AM

ਚੰਡੀਗੜ੍ਹ (ਬਰਜਿੰਦਰ)—ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ 'ਚ ਆਪਣੀਆਂ ਮੰਗਾਂ ਸਬੰਧੀ 22 ਸਤੰਬਰ ਨੂੰ ਇਕੱਠੇ ਹੋਣ ਨੂੰ ਲੈ ਕੇ ਪਟਿਆਲਾ ਸਮੇਤ ਆਸ-ਪਾਸ ਦੇ ਖੇਤਰਾਂ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਸਥਾਨਕ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਇਰ ਜਨਹਿਤ ਪਟੀਸ਼ਨ 'ਤੇ ਅੱਜ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਦੇ ਏ. ਜੀ. ਅਤੁਲ ਨੰਦਾ ਨੇ ਜਸਟਿਸ ਏ. ਕੇ. ਮਿੱਤਲ ਤੇ ਜਸਟਿਸ ਅਮਿਤ ਰਾਵਲ ਦੀ ਡਵੀਜ਼ਨ ਬੈਂਚ 'ਚ ਪੇਸ਼ ਹੋ ਕੇ ਦੱਸਿਆ ਕਿ ਇਥੇ ਪਹਿਲਾਂ ਤੋਂ ਹੀ ਤਾਇਨਾਤ ਪੈਰਾਮਿਲਟਰੀ ਫੋਰਸ 26 ਸਤੰਬਰ ਤੱਕ ਇਥੇ ਹੀ ਰੱਖੀ ਜਾਵੇਗੀ। ਉਥੇ ਪ੍ਰਤੀਵਾਦੀ ਕਿਸਾਨ ਜਥੇਬੰਦੀਆਂ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ। ਹਾਈਕੋਰਟ ਨੇ ਵਿਆਪਕ ਹਿੱਤਾਂ ਵਿਸ਼ੇਸ਼ ਕਰਕੇ ਜਨਤਾ ਬਾਰੇ ਸੋਚਦੇ ਹੋਏ ਜਿਥੇ ਕਿਸਾਨਾਂ ਨੇ ਇਕੱਠੇ ਹੋਣਾ ਹੈ, ਉਥੇ ਪੈਰਾਮਿਲਟਰੀ ਫੋਰਸ ਨੂੰ 26 ਸਤੰਬਰ ਤੱਕ ਤਾਇਨਾਤ ਕੀਤੇ ਜਾਣ ਲਈ ਕਿਹਾ ਹੈ। ਏ. ਜੀ. ਪੰਜਾਬ ਨੇ ਹਾਈਕੋਰਟ 'ਚ ਪੇਸ਼ ਕੀਤੇ ਗਏ ਨਕਸ਼ੇ ਨੂੰ ਲੈ ਕੇ ਦੱਸਿਆ ਕਿ ਅੰਦੋਲਨ ਲਈ ਪਟਿਆਲਾ ਸ਼ਹਿਰ ਤੋਂ 5 ਕਿਲੋਮੀਟਰ ਦੂਰ ਸ਼ੇਰ ਮਾਜਰਾ ਦਾਣਾ ਮੰਡੀ 'ਚ 7.5 ਏਕੜ ਦੀ ਜ਼ਮੀਨ ਨਿਰਧਾਰਿਤ ਕੀਤੀ ਗਈ ਹੈ। ਇਥੇ ਬਿਜਲੀ ਕੁਨੈਕਸ਼ਨ ਵੀ ਉਪਲਬਧ ਕਰਵਾਇਆ ਗਿਆ ਹੈ। ਉਧਰ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਜੋ ਥਾਂ ਅੰਦੋਲਨ ਲਈ ਨਿਰਧਾਰਿਤ ਕੀਤੀ ਗਈ ਹੈ, ਉਹ ਜੰਗਲੀ ਖੇਤਰ ਹੈ ਤੇ ਉਥੇ ਅੰਦੋਲਨ ਕਰਨਾ ਅਰਥਹੀਣ ਹੋਵੇਗਾ।
ਕਿਸਾਨ ਜਥੇਬੰਦੀਆਂ ਦੇ ਵਕੀਲਾਂ ਨੇ ਕਿਹਾ ਕਿ ਮਾਮਲੇ 'ਚ ਵੱਡੇ ਮੁੱਦੇ ਸ਼ਾਮਿਲ ਹਨ, ਜਿਨ੍ਹਾਂ ਕਾਰਨ ਅੰਦੋਲਨ ਕੀਤਾ ਜਾ ਰਿਹਾ ਹੈ। ਕਿਹਾ ਗਿਆ ਕਿ ਕਰਜ਼ਿਆਂ 'ਤੇ ਗੈਰ ਛੋਟ ਤੇ ਹੋਰ ਮੁਸ਼ਕਿਲਾਂ ਕਾਰਨ  ਕਈ ਕਿਸਾਨ ਮਰ ਚੁੱਕੇ ਹਨ। ਹਾਈਕੋਰਟ ਨੇ ਕਿਹਾ ਕਿ ਜਨਹਿਤ ਪਟੀਸ਼ਨ 'ਚ ਇਸ ਮੁੱਦੇ 'ਤੇ ਕੇਸ ਦੀ ਅਗਲੀ ਸੁਣਵਾਈ 'ਤੇ ਵਿਚਾਰ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਦੇ ਵਕੀਲਾਂ ਨੇ ਕੋਰਟ ਨੂੰ ਵਿਸ਼ਵਾਸ ਦਿਵਾਇਆ ਕਿ ਪਟਿਆਲਾ ਸ਼ਹਿਰ 'ਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਹੋਵੇਗੀ ਤੇ ਜੇ ਸ਼ਹਿਰ 'ਚ ਅੰਦੋਲਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਪੂਰੀ ਤਰ੍ਹਾਂ ਸ਼ਾਂਤੀ ਬਣਾ ਕੇ ਰੱਖੀ ਜਾਵੇਗੀ। ਕੇਸ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਹੋਵੇਗੀ। ਦਾਇਰ ਪਟੀਸ਼ਨ 'ਚ ਪੰਜਾਬ ਸਰਕਾਰ, ਕੇਂਦਰ ਸਰਕਾਰ, ਡੀ. ਜੀ. ਪੀ., ਐੱਸ. ਐੱਸ. ਪੀ. ਪਟਿਆਲਾ, ਬੀ. ਕੇ. ਯੂ. (ਉਗਰਾਹਾਂ), ਬੀ. ਕੇ. ਯੂ. (ਦਕੋਂਦਾ), ਬੀ. ਕੇ. ਯੂ. ਕ੍ਰਾਂਤੀਕਾਰੀ (ਫੁਲ ਗਰੁੱਪ), ਬੀ. ਕੇ. ਯੂ. ਕ੍ਰਾਂਤੀਕਾਰੀ (ਸ਼ਿੰਦਰ ਗਰੁੱਪ) ਤੇ ਆਜ਼ਾਦ ਸੰਘਰਸ਼ ਕਮੇਟੀ ਪਾਰਟੀ ਹਨ। ਕੇਸ ਦੀ ਪਿਛਲੀ ਸੁਣਵਾਈ 'ਤੇ ਡੀ. ਜੀ. ਪੀ. ਨੇ ਪਟਿਆਲਾ 'ਚ ਸਖਤੀ ਨਾਲ ਧਾਰਾ 144 ਦੀ ਪਾਲਣਾ ਕੀਤੇ ਜਾਣ ਦਾ ਭਰੋਸਾ ਕੋਰਟ ਨੂੰ ਦਿੱਤਾ ਸੀ।
1 ਤੋਂ 2 ਲੱਖ ਕਿਸਾਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ
ਪਟੀਸ਼ਨ 'ਚ ਕਿਹਾ ਗਿਆ ਹੈ ਕਿ 22 ਸਤੰਬਰ ਨੂੰ ਪਟਿਆਲਾ 'ਚ ਵੱਡੀ ਸੰਖਿਆ 'ਚ ਕਿਸਾਨ ਇਕੱਠੇ ਹੋਣਗੇ, ਜਿਨ੍ਹਾਂ ਨੇ 'ਜੇਲ ਭਰੋ' ਦੀ ਕਾਲ ਦਿੱਤੀ ਹੈ। ਪਟੀਸ਼ਨ 'ਚ 1 ਤੋਂ 2 ਲੱਖ ਕਿਸਾਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਕਾਨੂੰਨ ਵਿਵਸਥਾ ਵਿਗੜਨ ਦੀ ਸਥਿਤੀ ਪੈਦਾ ਹੋ ਸਕਦੀ ਹੈ। ਉਥੇ ਨਾਲ ਹੀ ਕਿਹਾ ਗਿਆ ਹੈ ਕਿ 22 ਸਤੰਬਰ ਨੂੰ ਪਟਿਆਲਾ ਤੇ ਇਸ ਦੇ ਆਸ-ਪਾਸ ਦੇ ਇਲਾਕੇ 'ਚ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ। ਇਸ ਲਈ ਪ੍ਰਤੀਵਾਦੀ ਪੱਖ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣ। 
 


Related News