ਪ੍ਰੀਖਿਆ ਸ਼ੁਰੂ ਹੋਣ ਤੋਂ 20 ਮਿੰਟ ਬਾਅਦ ਪੇਪਰ ਲੀਕ

Thursday, Mar 01, 2018 - 05:59 AM (IST)

ਪ੍ਰੀਖਿਆ ਸ਼ੁਰੂ ਹੋਣ ਤੋਂ 20 ਮਿੰਟ ਬਾਅਦ ਪੇਪਰ ਲੀਕ

ਅੰਮ੍ਰਿਤਸਰ,  (ਦਲਜੀਤ)-   ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਜ ਸ਼ੁਰੂ ਹੋਈਆਂ ਪ੍ਰੀਖਿਆਵਾਂ 'ਚ ਜੰਮ ਕੇ ਨਕਲ ਚੱਲੀ। ਸਰਕਾਰੀ ਸੀਨੀ. ਸੈਕੰ. ਸਕੂਲ ਅਠਵਾਲ ਵਿਖੇ ਪ੍ਰੀਖਿਆ ਸ਼ੁਰੂ ਹੋਣ ਤੋਂ 20 ਮਿੰਟ ਬਾਅਦ ਹੀ ਪੇਪਰ ਲੀਕ ਹੋ ਗਿਆ। ਉਕਤ ਸਕੂਲ ਵਿਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਾਅਵਿਆਂ ਨੂੰ ਠੇਂਗਾ ਦਿਖਾਉਂਦਿਆਂ ਨਕਲਚੀਆਂ ਦੇ ਹਮਾਇਤੀ ਕੰਧਾਂ ਟੱਪ ਕੇ ਪ੍ਰੀਖਿਆ ਕੇਂਦਰ ਵਿਚ ਪਹੁੰਚ ਰਹੇ ਸਨ। ਸਰਕਾਰੀ ਕਰਮਚਾਰੀ ਵੀ ਨਕਲਚੀਆਂ ਦੀ ਹਮਾਇਤ ਕਰਦੇ ਹੋਏ ਨਕਲ ਕਰਵਾ ਰਹੇ ਸਨ। ਜਗ ਬਾਣੀ ਦੇ ਪ੍ਰੈੱਸ ਫੋਟੋਗ੍ਰਾਫਰ ਨੇ ਜਦੋਂ ਕੰਧਾਂ ਟੱਪ ਰਹੇ ਮੁੰਡਿਆਂ ਦੀਆਂ ਫੋਟੋ ਕੈਮਰੇ ਵਿਚ ਕੈਦ ਕੀਤੀਆਂ ਤਾਂ ਨਕਲਚੀਆਂ ਦੇ ਹਮਾਇਤੀਆਂ ਨੇ ਉਸ 'ਤੇ ਹਮਲਾ ਕਰ ਕੇ ਬੰਧਕ ਬਣਾ ਲਿਆ। ਮਾਮਲਾ ਪ੍ਰਬੰਧਕੀ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਤੁਰੰਤ ਪੁਲਸ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਪ੍ਰੈੱਸ ਫੋਟੋਗ੍ਰਾਫਰ ਨੂੰ ਸ਼ਰਾਰਤੀ ਅਨਸਰਾਂ ਦੇ ਕਬਜ਼ੇ 'ਚੋਂ ਛੁਡਾਇਆ।
ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਅੱਜ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਸੀ। ਸਿੱਖਿਆ ਵਿਭਾਗ ਵੱਲੋਂ ਸੈਲਫ ਪ੍ਰੀਖਿਆ ਕੇਂਦਰ ਤਬਦੀਲ ਕਰਨ ਦੇ ਕਾਰਨ ਸਰਕਾਰੀ ਸੀਨੀ. ਸੈਕੰ. ਸਕੂਲ ਮਜੀਠਾ ਦੇ ਵਿਦਿਆਰਥੀਆਂ ਦਾ ਉਕਤ ਅਠਵਾਲ ਸਕੂਲ ਵਿਚ ਪ੍ਰੀਖਿਆ ਕੇਂਦਰ ਬਣਿਆ ਹੋਇਆ ਸੀ। ਜਗ ਬਾਣੀ ਦੀ ਟੀਮ ਨੇ ਜਦੋਂ ਉਕਤ ਸਕੂਲ ਦੀ ਅਚਾਨਕ ਜਾਂਚ ਕੀਤੀ ਤਾਂ 2:20 ਵਜੇ 001/ਏ ਗਰੁੱਪ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਕੇਂਦਰ ਦੇ ਬਾਹਰ ਖੜ੍ਹੇ ਦਰਜਨਾਂ ਨੌਜਵਾਨਾਂ ਦੇ ਮੋਬਾਇਲ 'ਤੇ ਆ ਗਿਆ ਸੀ। ਪੇਪਰ ਲੀਕ ਹੋਣ ਤੋਂ ਬਾਅਦ ਪ੍ਰੀਖਿਆ ਕੇਂਦਰ 'ਚ ਬੈਠੇ ਕਈ ਵਿਦਿਆਰਥੀਆਂ ਦੇ ਹਮਾਇਤੀਆਂ ਨੇ ਸਕੂਲ ਦੀ ਕੰਧ ਦੇ ਬਾਹਰ ਹੀ ਕਿਤਾਬ ਖੋਲ੍ਹ ਕੇ ਸ਼ਰੇਆਮ ਪਰਚੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਸਕੂਲ ਪ੍ਰਬੰਧਕਾਂ ਵੱਲੋਂ ਵੀ ਸਖਤੀ ਨਾ ਕੀਤੇ ਜਾਣ ਕਾਰਨ ਨਕਲਚੀਆਂ ਦੇ ਹਮਾਇਤੀ ਸ਼ਰੇਆਮ ਕੰਧਾਂ ਟੱਪ ਕੇ ਕੇਂਦਰ ਵਿਚ ਦਾਖਲ ਹੋ ਰਹੇ ਸਨ। ਸਕੂਲ ਦੇ ਕੋਲ ਹੀ ਖੜ੍ਹੀਆਂ ਕਈ ਗੱਡੀਆਂ ਵਿਚ ਸ਼ਰੇਆਮ ਪਰਚੀਆਂ ਬਣਾਈਆਂ ਜਾ ਰਹੀਆਂ ਸਨ। ਸਕੂਲ ਦੇ ਮੁੱਖ ਗੇਟ ਤੋਂ ਵੀ ਚੰਗੀ ਪਹੁੰਚ ਰੱਖਣ ਵਾਲੇ ਲੋਕ ਸ਼ਰੇਆਮ ਆ-ਜਾ ਰਹੇ ਸਨ। ਵਿਭਾਗ ਦੀਆਂ ਅੱਖਾਂ 'ਚ ਮਿੱਟੀ ਪਾਉਣ ਲਈ ਸਕੂਲ ਦੇ ਮੁੱਖ ਗੇਟ ਦੇ ਅੰਦਰ ਸਟਾਫ ਮੈਂਬਰ ਬੈਠੇ ਹੋਏ ਸਨ ਪਰ ਉਨ੍ਹਾਂ ਦੀ ਹਾਜ਼ਰੀ ਵਿਚ ਸ਼ਰੇਆਮ ਨਕਲ ਚੱਲ ਰਹੀ ਸੀ। ਸਰਕਾਰੀ ਸੀਨੀ. ਸੈਕੰ. ਸਕੂਲ ਮਜੀਠਾ ਦੇ ਵੀ ਕੁਝ ਸਟਾਫ ਕਰਮਚਾਰੀ ਅਠਵਾਲ ਸਕੂਲ ਦੇ ਕੇਂਦਰ ਵਿਚ ਮੌਜੂਦ ਸਨ। ਸ਼ਰੇਆਮ ਨਕਲ ਚੱਲ ਰਹੀ ਸੀ ਪਰ ਸਿੱਖਿਆ ਵਿਭਾਗ ਦੀ ਇਕ ਵੀ ਟੀਮ ਚੈਕਿੰਗ ਕਰਨ ਲਈ ਨਹੀਂ ਆਈ ਸੀ।
ਜਗ ਬਾਣੀ ਦਾ ਪ੍ਰੈੱਸ ਫੋਟੋਗ੍ਰਾਫਰ ਰਮਨ ਮਲਹੋਤਰਾ ਜਦੋਂ ਸੈਂਟਰ ਦੇ ਬਾਹਰ ਖੜ੍ਹੇ ਨਕਲਚੀਆਂ ਦੇ ਹਮਾਇਤੀਆਂ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਕਰ ਰਿਹਾ ਸੀ ਤਾਂ ਮੁੰਡਿਆਂ ਦੇ ਇਕ ਇਕੱਠ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਕੈਮਰਾ ਖੋਹ ਲਿਆ। ਮੁੰਡਿਆਂ ਨੇ ਸਕੂਲ ਦੇ ਕੇਂਦਰ ਕੋਲ ਹੀ ਇਕ ਘਰ ਵਿਚ ਫੋਟੋਗ੍ਰਾਫਰ ਨੂੰ ਨਜ਼ਰਬੰਦ ਕਰ ਦਿੱਤਾ। ਮੁੰਡਿਆਂ ਨੇ ਫੋਟੋਗ੍ਰਾਫਰ ਦਾ ਮੋਬਾਇਲ ਅਤੇ ਕੈਮਰੇ 'ਚ ਖਿੱਚੀਆਂ ਸਾਰੀਆਂ ਫੋਟੋਆਂ ਡਿਲੀਟ ਕਰ ਦਿੱਤੀਆਂ। ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੂੰ ਜਦੋਂ ਇਸ ਸਬੰਧੀ ਸੂਚਨਾ ਦਿੱਤੀ ਤਾਂ ਉਨ੍ਹਾਂ ਤੁਰੰਤ ਹਰਕਤ 'ਚ ਆਉਂਦਿਆਂ ਪੁਲਸ ਅਧਿਕਾਰੀਆਂ ਨੂੰ ਅਠਵਾਲ ਪਿੰਡ ਭੇਜਿਆ। ਇਕ ਘਰ ਵਿਚ ਨਜ਼ਰਬੰਦ ਬੈਠੇ ਰਮਨ ਮਲਹੋਤਰਾ ਨੂੰ ਮਜੀਠਾ ਥਾਣੇ ਦੇ ਐੱਚ. ਐੱਸ. ਓ. ਮੋਹਿਤ ਕੁਮਾਰ ਨੇ ਛੁਡਾਇਆ। ਮੀਡੀਆ ਕਰਮਚਾਰੀਆਂ ਨੇ ਐੱਸ. ਐੱਚ. ਓ. ਨੂੰ ਨਕਲਚੀਆਂ ਵੱਲੋਂ ਕਰਵਾਈ ਜਾ ਰਹੀ ਨਕਲ ਅਤੇ ਪੇਪਰ ਲੀਕ ਹੋਣ ਸਬੰਧੀ ਗਹਿਰਾਈ ਨਾਲ ਜਾਣਕਾਰੀ ਵੀ ਦਿੱਤੀ।
ਘਟਨਾਕ੍ਰਮ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਉਕਤ ਮਾਮਲੇ ਸਬੰਧੀ ਪਤਾ ਹੋਣ ਦੇ ਬਾਵਜੂਦ ਕੋਈ ਵੀ ਵਿਭਾਗ ਦੀ ਚੈਕਿੰਗ ਟੀਮ ਮੌਕੇ 'ਤੇ ਨਹੀਂ ਪਹੁੰਚੀ। ਕਹਿਣ ਨੂੰ ਕ੍ਰਿਸ਼ਨ ਕੁਮਾਰ ਵੱਲੋਂ ਬੋਰਡ ਪ੍ਰੀਖਿਆਵਾਂ ਵਿਚ ਸਖਤੀ ਕੀਤੇ ਜਾਣ ਅਤੇ ਨਕਲ ਕਰਵਾਉਣ ਵਾਲਿਆਂ ਨੂੰ ਚਾਰਜਸ਼ੀਟ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਕਤ ਸਕੂਲ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਕ੍ਰਿਸ਼ਨ ਕੁਮਾਰ ਦੇ ਦਾਅਵਿਆਂ ਦਾ ਜ਼ਿਲੇ ਦੇ ਅਧਿਕਾਰੀਆਂ 'ਤੇ ਜ਼ਰਾ ਵੀ ਅਸਰ ਨਹੀਂ ਹੋਇਆ।
ਪਿਛਲੇ ਸਾਲ ਵੀ ਮਜੀਠਾ ਸਕੂਲ ਰਿਹਾ ਸੀ ਚਰਚਾ 'ਚ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਿਛਲੇ ਸਾਲ ਹੋਈ ਬੋਰਡ ਪ੍ਰੀਖਿਆ ਵਿਚ ਸਰਕਾਰੀ ਸੀਨੀ. ਸੈਕੰ. ਸਕੂਲ ਮਜੀਠਾ ਦੇ ਵਿਦਿਆਰਥੀਆਂ ਦਾ ਪ੍ਰੀਖਿਆ ਸੈਂਟਰ ਉਕਤ ਸਕੂਲ ਵਿਚ ਹੀ ਬਣਿਆ ਸੀ। ਸਕੂਲ ਵਿਚ ਉਸ ਸਮੇਂ ਵੀ ਹਾਈ ਲੈਵਲ 'ਤੇ ਨਕਲ ਹੋਈ ਸੀ। ਗਰੁੱਪ ਵਿਚ ਵਿਦਿਆਰਥੀ ਬੈਠ ਕੇ ਨਕਲ ਕਰ ਰਹੇ ਸਨ। ਸਿੱਖਿਆ ਵਿਭਾਗ ਨੇ ਉਦੋਂ ਵੀ ਮੀਡੀਆ 'ਚ ਮਾਮਲਾ ਛਾਇਆ ਰਹਿਣ ਦੇ ਬਾਵਜੂਦ ਉਕਤ ਸਕੂਲ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਸੀ। ਸਿੱਖਿਆ ਵਿਭਾਗ ਦੇ ਅਧਿਕਾਰੀ ਉਦੋਂ ਵੀ ਰਾਜਨੀਤਕ ਨੇਤਾਵਾਂ ਦੇ ਇਸ਼ਾਰੇ 'ਤੇ ਸਕੂਲ ਨੂੰ ਕਾਰਵਾਈ ਲਈ ਬਚਾਉਂਦੇ ਰਹੇ ਸਨ।
ਕ੍ਰਿਸ਼ਨ ਕੁਮਾਰ ਕਰਨਗੇ ਅਠਵਾਲ ਸਕੂਲ 'ਤੇ ਕਾਰਵਾਈ
ਬੋਰਡ ਪ੍ਰੀਖਿਆਵਾਂ ਵਿਚ ਨਕਲ ਰੋਕਣ ਸਬੰਧੀ ਵੱਡੇ-ਵੱਡੇ ਦਾਅਵੇ ਕਰਨ ਵਾਲੇ ਸਿੱਖਿਆ ਵਿਭਾਗ ਦੇ ਸਕੱਤਰ ਕੀ ਅਠਵਾਲ ਸਕੂਲ 'ਤੇ ਬਣਦੀ ਕਾਰਵਾਈ ਕਰਨਗੇ? ਇਹ ਇਕ ਵੱਡਾ ਪ੍ਰਸ਼ਨ ਹੈ। ਕ੍ਰਿਸ਼ਨ ਕੁਮਾਰ ਦੀ ਕਾਰਜਸ਼ੈਲੀ ਵੀ ਇਸ ਸਬੰਧੀ ਕਟਹਿਰੇ 'ਚ ਖੜ੍ਹੀ ਹੈ। ਉਨ੍ਹਾਂ ਦੇ ਮਾਝੇ ਖੇਤਰ ਦੇ ਇਕ ਜ਼ਿਲੇ ਵਿਚ ਮੌਜੂਦ ਹੋਣ ਦੇ ਬਾਵਜੂਦ ਅੱਜ ਜ਼ਿਲਾ ਅੰਮ੍ਰਿਤਸਰ ਵਿਚ ਸ਼ਰੇਆਮ ਨਕਲ ਚੱਲੀ। ਨਕਲਚੀਆਂ ਨੇ ਸਾਬਿਤ ਕਰ ਦਿੱਤਾ ਕਿ ਵਿਭਾਗ ਦੀ ਕਮਾਨ ਚਾਹੇ ਜਿਹੜਾ ਮਰਜ਼ੀ ਅਧਿਕਾਰੀ ਸੰਭਾਲ ਲਵੇ, ਨਕਲ ਕਦੇ ਬੰਦ ਨਹੀਂ ਹੋ ਸਕਦੀ।
ਪ੍ਰਾਈਵੇਟ ਸਕੂਲਾਂ 'ਤੇ ਕੱਸਿਆ ਸ਼ਿਕੰਜਾ, ਆਪਣੇ ਕਰ ਰਹੇ ਨਕਲ
ਸਿੱਖਿਆ ਸਕੱਤਰ ਵੱਲੋਂ ਸੈਲਫ ਪ੍ਰੀਖਿਆ ਸੈਂਟਰ ਨਾ ਬਣਾਉਣ ਕਾਰਨ ਮਜੀਠਾ ਸਕੂਲ ਦਾ ਪ੍ਰੀਖਿਆ ਕੇਂਦਰ ਅਠਵਾਲ ਸਕੂਲ ਵਿਚ ਬਣਿਆ ਸੀ ਅਤੇ ਮਜੀਠਾ ਸਕੂਲ 'ਚ ਪ੍ਰਾਈਵੇਟ ਸਕੂਲਾਂ ਦੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਸਿੱਖਿਆ ਵਿਭਾਗ ਨੇ ਮਜੀਠਾ ਸਕੂਲ ਵਿਚ ਬਾਕਾਇਦਾ ਕੈਮਰੇ ਲਵਾ ਕੇ ਜਿਥੇ ਇਸ ਵਾਰ ਪੂਰੀ ਸਖਤੀ ਕੀਤੀ ਹੋਈ ਸੀ, ਉਥੇ ਹੀ ਦੂਜੇ ਪਾਸੇ ਮਜੀਠਾ ਸਕੂਲ ਦੇ ਵਿਦਿਆਰਥੀ ਅਠਵਾਲ ਸਕੂਲ ਵਿਚ ਨਕਲ ਕਰ ਕੇ ਪਿਛਲੇ ਸਾਰੇ ਰਿਕਾਰਡ ਤੋੜ ਰਹੇ ਸਨ। ਮਜੀਠਾ ਸਕੂਲ ਵਿਚ ਧਾਰਾ 144 ਵੀ ਦਿਖਾਈ ਦੇ ਰਹੀ ਸੀ ਪਰ ਅਠਵਾਲ ਸਕੂਲ ਵਿਚ ਇਹ ਧਾਰਾ ਦੇਖਣ 'ਤੇ ਵੀ ਨਹੀਂ ਮਿਲੀ।
ਘਣੂਪੁਰ ਪ੍ਰੀਖਿਆ ਸੈਂਟਰ 'ਤੇ ਲੋਕਾਂ ਨੇ ਮਾਰੇ ਪੱਥਰ
ਸਰਕਾਰੀ ਸੀਨੀ. ਸੈਕੰ. ਸਕੂਲ ਘਣੂਪੁਰ ਵਿਚ ਸਖਤੀ ਹੋਣ ਕਾਰਨ ਲੋਕਾਂ ਦੇ ਇਕੱਠ ਨੇ ਸਕੂਲ ਨੂੰ ਘੇਰ ਲਿਆ। ਨਕਲ ਨਾ ਚੱਲਣ ਕਾਰਨ ਲੋਕਾਂ ਨੇ ਪ੍ਰੀਖਿਆ ਕੇਂਦਰ ਦੇ ਸਟਾਫ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜ਼ਿਲਾ ਸਿੱਖਿਆ ਅਧਿਕਾਰੀ ਸੁਨੀਤਾ ਕਿਰਨ ਮੌਕੇ 'ਤੇ ਪਹੁੰਚੀ ਤੇ ਉਨ੍ਹਾਂ ਪੁਲਸ ਦੀ ਮਦਦ ਨਾਲ ਭੀੜ ਨੂੰ ਖਦੇੜਿਆ। ਪੁਲਸ ਦੀ ਹਾਜ਼ਰੀ 'ਚ ਹੀ ਸੁਪਰਡੈਂਟ ਤੇ ਅੱਜ ਹੋਏ ਪੇਪਰਾਂ ਨੂੰ ਹਿਫਾਜ਼ਤ ਨਾਲ ਸਕੂਲ 'ਚੋਂ ਬਾਹਰ ਕੱਢਿਆ ਗਿਆ।
11 ਚੈਕਿੰਗ ਟੀਮਾਂ ਨੇ ਚੈੱਕ ਕੀਤੇ 55 ਸਕੂਲ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਲਈ ਅੱਜ ਜ਼ਿਲੇ 'ਚ 166 ਪ੍ਰੀਖਿਆ ਸੈਂਟਰ ਬਣਾਏ ਗਏ ਸਨ। ਸਿੱਖਿਆ ਵਿਭਾਗ ਦੀਆਂ 11 ਚੈਕਿੰਗ ਟੀਮਾਂ ਨੇ 55 ਸਕੂਲਾਂ ਨੂੰ ਚੈੱਕ ਕੀਤਾ, ਜਦੋਂ ਕਿ ਬਾਕੀ ਪ੍ਰੀਖਿਆ ਕੇਂਦਰਾਂ ਵਿਚ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਜ਼ਿਲੇ ਦੇ ਕੁਝ ਸਕੂਲਾਂ ਵਿਚ ਚੋਰ-ਮੋਰੀਆਂ ਨਾਲ ਨਕਲ ਹੁੰਦੀ ਰਹੀ ਅਤੇ ਅਧਿਕਾਰੀ ਆਪਣੀ ਕਾਰਜਸ਼ੈਲੀ ਵਧੀਆ ਬਣਾਉਣ ਲਈ ਆਪਣੀ ਪਿੱਠ ਥਪਥਪਾਉਂਦੇ ਦਿਖਾਈ ਦਿੱਤੇ।
ਕੀ ਕਹਿਣਾ ਹੈ ਜ਼ਿਲਾ ਸਿੱਖਿਆ ਅਧਿਕਾਰੀ ਦਾ?
ਇਸ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ ਸੁਨੀਤਾ ਕਿਰਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਠਵਾਲ ਸਕੂਲ ਵਿਚ ਨਕਲ ਚੱਲਣ ਸਬੰਧੀ ਸਿੱਖਿਆ ਸਕੱਤਰ ਵੱਲੋਂ ਫੋਨ ਕਰ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ, ਤੁਰੰਤ ਟੀਮਾਂ ਉਕਤ ਸਕੂਲ ਵਿਚ ਭੇਜ ਦਿੱਤੀਆਂ ਗਈਆਂ ਸਨ ਪਰ ਟੀਮਾਂ ਅਨੁਸਾਰ ਉਥੇ ਅਜਿਹੀ ਕੋਈ ਵੀ ਘਟਨਾ ਨਹੀਂ ਹੋਈ।


Related News