ਪੇਪਰ ਦੇਣ ਗਈ ਵਿਦਿਆਰਥਣ ਵਲੋਂ ਗੱਲ ਕਰਨ ਤੋਂ ਇਨਕਾਰ ਕਰਨ ''ਤੇ ਨੌਜਵਾਨ ਨੇ ਮਾਰੇ ਥੱਪੜ
Friday, May 03, 2019 - 09:48 AM (IST)

ਜਲੰਧਰ (ਸੁਧੀਰ) - ਸਥਾਨਕ ਇਕ ਕਾਲਜ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੇਪਰ ਦੇਣ ਗਈ ਵਿਦਿਆਰਥਣ ਦਾ ਇਕ ਨੌਜਵਾਨ ਨੇ ਹੱਥ ਫੜ ਕੇ ਉਸ ਦੇ ਮੂੰਹ 'ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਥੱਪੜ ਮਾਰਨ ਤੋਂ ਬਾਅਦ ਹੋਰ ਵਿਦਿਆਰਥਣਾਂ ਨੂੰ ਦੇਖ ਤੇ ਮਾਹੌਲ ਭਖਦਾ ਦੇਖ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਵਿਦਿਆਰਥਣ ਨੇ ਘਟਨਾ ਸਬੰਧੀ ਥਾਣਾ ਨੰ. 3 ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਨੇ ਹੁਸ਼ਿਆਰਪੁਰ ਵਾਸੀ ਪੰਕਜ ਨਾਮਕ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਹ ਕਾਲਜ ਕੰਪਲੈਕਸ 'ਚ ਪੇਪਰ ਦੇਣ ਲਈ ਗਈ ਸੀ। ਜਦੋਂ ਉਹ ਪੇਪਰ ਦੇ ਕੇ ਬਾਹਰ ਨਿਕਲੀ ਤਾਂ ਪਹਿਲਾਂ ਤੋਂ ਹੀ ਪੰਕਜ ਨਾਮਕ ਨੌਜਵਾਨ ਖੜ੍ਹਾ ਸੀ। ਉਹ ਪਹਿਲਾਂ ਤੋਂ ਉਸ ਨੂੰ ਜਾਣਦੀ ਹੈ। ਮੁਲਜ਼ਮ ਨੇ ਕਿਹਾ ਕਿ ਉਸ ਨੇ ਕੋਈ ਗੱਲ ਕਰਨੀ ਹੈ। ਵਿਰੋਧ ਕਰਨ 'ਤੇ ਪੰਕਜ ਨੇ ਗੁੱਸੇ 'ਚ ਆ ਕੇ ਉਸ ਦਾ ਹੱਥ ਫੜ ਲਿਆ ਤੇ ਧੱਕਾ-ਮੁੱਕੀ ਕਰਦੇ ਹੋਏ ਹੋਰ ਵਿਦਿਆਰਥੀਆਂ ਦੇ ਸਾਹਮਣੇ ਉਸ ਦੇ ਮੂੰਹ 'ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਬਾਅਦ 'ਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਉਥੋਂ ਫਰਾਰ ਹੋ ਗਿਆ। ਵਿਦਿਆਰਥਣ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਉਕਤ ਨੌਜਵਾਨ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਈ ਵਾਰ ਧਮਕੀਆਂ ਦੇ ਚੁੱਕਾ ਹੈ। ਦੂਜੇ ਪਾਸੇ ਥਾਣਾ ਨੰ. 3 ਦੇ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਸ ਨੇ ਵਿਦਿਆਰਥਣ ਦੀ ਸ਼ਿਕਾਇਤ 'ਤੇ ਨੌਜਵਾਨ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਪੁਲਸ ਵਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।