3 ਹਿੱਸਿਆਂ ’ਚ ਵੰਡੇ ਪੰਥਕ ਆਗੂ ਸੰਗਰੂਰ ਜ਼ਿਮਨੀ ਚੋਣ ਜਿੱਤਣ ਲਈ ਪਏ ਕਾਹਲੇ

Friday, Jun 17, 2022 - 04:42 PM (IST)

ਲੰਡਨ (ਸਰਬਜੀਤ ਬਨੂੜ) : ਸੰਗਰੂਰ ਲੋਕ ਸਭਾ ਸੀਟ ਕਿਸ ਦੀ ਝੋਲੀ ਪਵੇਗੀ ਇਹ ਤਾਂ ਪਤਾ ਨਹੀਂ ਪਰ 3 ਹਿੱਸਿਆਂ ਵਿਚ ਵੰਡੇ ਪੰਥ ਦੇ ਆਗੂ ਬਾਦਲ, ਮਾਨ, ਢੀਂਡਸਾ ਆਪਣੀ-ਆਪਣੀ ਜਿੱਤ ਦਾ ਫ਼ੈਸਲਾ ਕਰਨ ਲਈ ਕਾਹਲੇ ਪਏ ਹੋਏ ਹਨ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਪੰਥਕ ਉਮੀਦਵਾਰ ਬਣਾਇਆ ਗਿਆ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਖਾਲਿਸਤਾਨੀ ਆਗੂ ਸਿਮਰਨਜੀਤ ਸਿੰਘ ਮਾਨ ਅਤੇ ਤੀਜੇ ਬਾਦਲ ਦਲ ਤੋਂ ਵੱਖ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਭਾਜਪਾ ਨਾਲ ਮਿਲ ਕੇ ਲੋਕ ਸਭਾ ਚੋਣ ਲੜੀ ਜਾ ਰਹੀ ਹੈ ਜਦੋਂਕਿ ਕਾਂਗਰਸ ਛੱਡ ਕੇ ਆਏ ਚੋਣ ਲੜਨ ਵਾਲੇ ਕੇਵਲ ਸਿੰਘ ਢਿੱਲੋਂ ਇਸ ਵਾਰ ਭਾਜਪਾ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਕੇਵਲ ਸਿੰਘ ਢਿੱਲੋਂ ਬਰਨਾਲਾ ਦੇ 2 ਵਾਰ ਵਿਧਾਇਕ ਰਹੇ ਹਨ ਅਤੇ ਉਹ ਇਕ ਚੰਗੇ ਰਸੂਖ ਵਾਲੇ ਵਪਾਰੀ ਹਨ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

ਇਹ ਚੋਣ ਪੰਥ ਲਈ ਕਈ ਸਵਾਲ ਖੜ੍ਹੇ ਕਰ ਰਹੀ ਹੈ। ਸਰਕਾਰ ਬਣਾਉਣ ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਹਾਰੇ ਬਾਦਲ ਦਲ ਬੰਦੀ ਸਿੰਘਾਂ ਦੀ ਰਿਹਾਈ ਦਾ ਗੰਭੀਰ ਮੁੱਦਾ ਚੋਣਾਂ ਵਿਚ ਵਰਤ ਰਹੇ ਹਨ ਤੇ ਦੇਸ਼-ਵਿਦੇਸ਼ ਤੋਂ ਪੰਥਕ ਵੋਟ ਬੈਂਕ ਖਿੱਚਣ ਦੇ ਰੌਂਅ ’ਚ ਹਨ। ਰਾਜੋਆਣਾ ਤੇ ਬਾਦਲਾਂ ਨਾਲ ਸਮੁੱਚਾ ਸੰਤ ਸਮਾਜ ਵੀ ਵਿਚਰ ਰਿਹਾ, ਜੋ ਹਮੇਸ਼ਾ ਬਾਦਲ ਦਲ ਦੀ ਮਦਦ ਕਰਦਾ ਹੈ।ਦੂਜੇ ਪਾਸੇ ਸੰਵਿਧਾਨ ਨੂੰ ਨਾ ਮੰਨਣ ਵਾਲੀਆਂ ਧਿਰਾਂ ਭਾਵੇਂ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਵਿਚ ਲੋਕਤੰਤਰੀ ਤਰੀਕੇ ਨਾਲ ਹੁੰਦੀਆਂ ਚੋਣਾਂ ਵਿਚ ਹਿੱਸਾ ਲੈਂਦੀਆਂ ਹਨ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਸਮਝ ਕੇ ਉਨ੍ਹਾਂ ਨੂੰ ਜਿਤਾਉਣ ਲਈ ਉਤਾਵਲੀ ਰਹਿੰਦੀਆਂ ਹਨ। ਬਹੁਤਾਤ ਬੰਦੀ ਸਿੰਘ ਮਾਨ ਦਲ ਨਾਲ ਖੜ੍ਹੇ ਹਨ ਤੇ ਬਾਕੀ ਢੀਂਡਸਾ ਧੜੇ ਨਾਲ। ਬੰਦੀ ਸਿੰਘਾਂ ਦੀ ਰਾਜੋਆਣਾ ਲਈ ਆਪਸੀ ਖਿੱਚੋਤਾਣ ਸਹੀ ਹੈ ਜਾਂ ਗ਼ਲਤ, ਇਹ ਆਮ ਵੋਟਰਾਂ ਲਈ ਸਮਝਣਾ ਬਹੁਤ ਮੁਸ਼ਕਲ ਹੈ।

ਇਹ ਵੀ ਪੜ੍ਹੋ- ਜਾਣੋ ਪੰਜਾਬ ਦੇ ਕਿਸ ਸ਼ਹਿਰ ਤੋਂ ਕਿਹੜੇ ਸਮੇਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ ਸਰਕਾਰੀ ਬੱਸਾਂ

ਕਾਂਗਰਸ ਵੱਲੋਂ ਵਿਧਾਨ ਸਭਾ ਵਿਚ ਭਗਵੰਤ ਸਿੰਘ ਮਾਨ ਤੋਂ ਧੂਰੀ ਸੀਟ ਤੋਂ ਹਾਰੇ ਦਲਵੀਰ ਸਿੰਘ ਗੋਲਡੀ ਉਮੀਦਵਾਰ ਹਨ। ਇਨ੍ਹਾਂ ਚੋਣਾਂ ’ਚ ਕਾਂਗਰਸ 29 ਮਈ ਨੂੰ ਗੈਂਗਸਟਰਾਂ ਵੱਲੋਂ ਮਾਰੇ ਗਏ ਕਾਂਗਰਸੀ ਆਗੂ ਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲ ਦੀ ਹਮਦਰਦੀ ਵੋਟ ਚੁੱਕਣ ਦੀ ਕੋਸ਼ਿਸ਼ ਵਿਚ ਹੈ। ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖ਼ਾਲੀ ਹੋਈ ਸੰਗਰੂਰ ਸੀਟ ’ਤੇ ਆਮ ਆਦਮੀ ਪਾਰਟੀ ਆਪਣਾ ਦਾਅਵਾ ਰੱਖਦੀ ਹੈ ਤੇ ਇਸ ਵਲੋਂ ਪਾਰਟੀ ਲਈ ਅਣਥੱਕ ਮਿਹਨਤ ਕਰਨ ਵਾਲੇ ਵਰਕਰ ਗੁਰਮੇਲ ਸਿੰਘ ਉਮੀਦਵਾਰ ਹਨ। ਸੰਗਰੂਰ ਦੇ ਆਮ ਲੋਕਾਂ ਦਾ ਮੰਨਣਾ ਹੈ ਕਿ ਇਸ ਸੀਟ ’ਤੇ ਕਦੇ ਵੀ ਸਰਕਾਰੀ ਧਿਰ ਦਾ ਉਮੀਦਵਾਰ ਨਹੀਂ ਜਿੱਤਦਾ ਪਰ ਤਿੰਨ ਮਹੀਨੇ ਪਹਿਲਾਂ ਬਣੀ ‘ਆਪ’ ਸਰਕਾਰ ਪੂਰੇ ਜਜ਼ਬੇ ਨਾਲ ਇਹ ਸੀਟ ਜਿੱਤਣ ਦਾ ਦਾਅਵਾ ਕਰ ਰਹੀ ਹੈ ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਕੇ ਵਿਧਾਨ ਸਭਾ ਪਹੁੰਚੇ ਹਨ ਤੇ ਅੱਜ ਸਰਕਾਰ ਦਾ ਹਰ ਇਕ ਅਹੁਦੇਦਾਰ ਸੰਗਰੂਰ ਦੇ ਪਾਰਟੀ ਵਰਕਰਾਂ ਨਾਲ ਰਾਬਤਾ ਰੱਖ ਰਿਹਾ ਹੈ।

ਇਹ ਵੀ ਪੜ੍ਹੋ-  CM ਮਾਨ ਦੇ 'ਸਪੇਨ' ਵਾਲੇ ਬਿਆਨ 'ਤੇ ਭੜਕੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ, ਪੁੱਛਿਆ ਵੱਡਾ ਸਵਾਲ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ

 


Harnek Seechewal

Content Editor

Related News