ਖੰਡਰ ਬਣ ਚੁੱਕੀ ਇਮਾਰਤ ''ਚ ਚੱਲ ਰਿਹੈ ਪਨਸਪ ਗੈਸ ਏਜੰਸੀ ਦਾ ਗੁਦਾਮ
Tuesday, Oct 24, 2017 - 02:11 AM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਇਸ ਖੇਤਰ ਦੇ ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਗੈਸ ਸਿਲੰਡਰ ਮੁਹੱਈਆ ਕਰਵਾਉਣ ਵਾਲੀ ਸਰਕਾਰੀ ਏਜੰਸੀ ਪਨਸਪ ਦਾ ਜੋ ਗੁਦਾਮ ਹੈ, ਉਸ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਕਿਉਂਕਿ ਉਹ ਅਨੇਕਾਂ ਸਹੂਲਤਾਂ ਤੋਂ ਸੱਖਣੀ ਤੇ ਖੰਡਰ ਬਣ ਚੁੱਕੀ ਇਮਾਰਤ ਵਿਚ ਚੱਲ ਰਿਹਾ ਹੈ।
ਖਪਤਕਾਰ ਹੁੰਦੇ ਨੇ ਖੱਜਲ-ਖੁਆਰ
ਜਾਣਕਾਰੀ ਅਨੁਸਾਰ ਬਰਕੰਦੀ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਨਸਪ ਦਾ ਇਹ ਗੁਦਾਮ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਕਿਰਾਏ 'ਤੇ ਲਈ ਗਈ ਇਕ ਇਮਾਰਤ ਵਿਚ ਹੀ ਚੱਲ ਰਿਹਾ ਹੈ। ਇਸ ਗੁਦਾਮ ਵਿਚ ਲਗਭਗ 1500 ਗੈਸ ਸਿਲੰਡਰ ਰੱਖੇ ਜਾਣ ਦੀ ਸਮਰਥਾ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਕਤ ਗੁਦਾਮ ਵਿਚ ਨਾ ਤਾਂ ਆਉਣ ਵਾਲੇ ਖਪਤਕਾਰਾਂ ਨੂੰ ਕੋਈ ਸਹੂਲਤ ਮਿਲ ਰਹੀ ਹੈ ਤੇ ਨਾ ਹੀ ਉਥੇ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ। ਮੁਲਾਜ਼ਮਾਂ ਦੇ ਬੈਠਣ ਲਈ ਕੋਈ ਕਮਰਾ ਨਹੀਂ ਹੈ ਤੇ ਗੈਸ ਸਿਲੰਡਰਾਂ ਦੇ ਪੈਸੇ ਜਮ੍ਹਾ ਕਰਨ ਵਾਲਾ ਮੁਲਾਜ਼ਮ ਬਾਹਰ ਖੁੱਲ੍ਹੇ ਆਸਮਾਨ ਵਿਚ ਦਰੱਖਤਾਂ ਹੇਠ ਹੀ ਬੈਠਦਾ ਹੈ ਤੇ ਉਥੇ ਹੀ ਗੈਸ ਸਿਲੰਡਰ ਲੈਣ ਵਾਲੇ ਲੋਕ ਆ ਕੇ ਖੜ੍ਹਦੇ ਹਨ।
ਮੁਲਾਜ਼ਮਾਂ ਦੇ ਬੈਠਣ ਲਈ ਫਰਨੀਚਰ ਵੀ ਨਹੀਂ ਹੈ ਤੇ ਬੇਹੱਦ ਮਾੜੀ ਹਾਲਤ ਵਾਲੀਆਂ ਟੁੱਟੀਆਂ- ਫੁੱਟੀਆਂ ਕੁਰਸੀਆਂ ਪਈਆਂ ਹਨ। ਧੁੱਪ ਤੇ ਮੀਂਹ-ਕਣੀ ਤੋਂ ਬਚਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ, ਜਿਸ ਕਰਕੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਝ ਵੀ ਇਹ ਗੁਦਾਮ ਸੁਰੱਖਿਆ ਪੱਖੋਂ ਸਹੀ ਨਹੀਂ ਹੈ ਤੇ ਇਥੋਂ ਗੈਸ ਸਿਲੰਡਰ ਚੋਰੀ ਹੋ ਚੁੱਕੇ ਹਨ। ਅੱਗ ਬੁਝਾਉਣ ਲਈ ਗੁਦਾਮ ਵਿਚ ਦੋ ਹੀ ਯੰਤਰ ਲੱਗੇ ਹੋਏ ਹਨ, ਜਦਕਿ 10 ਦੇ ਕਰੀਬ ਅੱਗ ਬੁਝਾਊ ਯੰਤਰਾਂ ਦੀ ਲੋੜ ਹੈ।
ਪਨਸਪ ਏਜੰਸੀ ਕੋਲ ਹਨ 13 ਹਜ਼ਾਰ ਕੁਨੈਕਸ਼ਨ
ਉਕਤ ਸਰਕਾਰੀ ਗੈਸ ਏਜੰਸੀ ਦੇ ਕੋਲ 13 ਹਜ਼ਾਰ ਦੇ ਕਰੀਬ ਗੈਸ ਕੁਨੈਕਸ਼ਨ ਹਨ, ਜਿਨ੍ਹਾਂ 'ਚ ਸ਼ਹਿਰੀ ਤੇ ਪੇਂਡੂ ਖੇਤਰ ਦੇ ਲੋਕ ਸ਼ਾਮਲ ਹਨ। ਗੈਸ ਦੀ ਪਰਚੀ ਗੁਰੂ ਗੋਬਿੰਦ ਸਿੰਘ ਪਾਰਕ ਦੇ ਨੇੜੇ ਬਣੇ ਦਫ਼ਤਰ ਵਿਚੋਂ ਜਾ ਕੇ ਲੈਣੀ ਪੈਂਦੀ ਹੈ ਤੇ ਗੈਸ ਸਿਲੰਡਰ ਚੁੱਕਣ ਲਈ ਉਥੋਂ ਇਕ ਕਿਲੋਮੀਟਰ ਤੋਂ ਵੱਧ ਦੂਰ ਗੁਦਾਮ ਵਿਚ ਆਉਣਾ ਪੈਂਦਾ ਹੈ।
ਪੀਣ ਵਾਲੇ ਪਾਣੀ ਦਾ ਨਹੀਂ ਪ੍ਰਬੰਧ
ਖਪਤਕਾਰਾਂ ਲਈ ਇਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਗੁਦਾਮ ਵਿਚ ਜੋ ਨਲਕਾ ਲੱਗਾ ਹੋਇਆ ਸੀ, ਉਹ ਵੀ ਪਿਛਲੇ ਸਮੇਂ ਤੋਂ ਖਰਾਬ ਤੇ ਕਬਾੜ ਬਣਿਆ ਪਿਆ ਹੈ। ਆਪਣੇ ਪੀਣ ਲਈ ਮੁਲਾਜ਼ਮ ਪਾਣੀ ਬਾਹਰੋਂ ਲਿਆਉਂਦੇ ਹਨ। ਇਸ ਤੋਂ ਇਲਾਵਾ ਪਖਾਨਿਆਂ ਦਾ ਵੀ ਇਥੇ ਕੋਈ ਪ੍ਰਬੰਧ ਨਹੀਂ ਹੈ।
ਸਰਕਾਰੀ ਇਮਾਰਤ ਬਣਾਈ ਜਾਵੇ
ਉੱਘੇ ਸਮਾਜ ਸੇਵਕ ਦਰਪਿੰਦਰ ਸਿੰਘ ਸਰਾਂ ਚੱਕ ਕਾਲਾ ਸਿੰਘ ਵਾਲਾ, ਲਾਲ ਸਿੰਘ ਬਰਾੜ ਲੱਖੇਵਾਲੀ, ਨਰਿੰਦਰ ਸਿੰਘ ਬਰਾੜ ਭਾਗਸਰ, ਸਰਬਨ ਸਿੰਘ ਧਾਲੀਵਾਲ ਤੇ ਡਾ. ਗੁਰਸੇਵਕ ਸਿੰਘ ਖੁੰਡੇ ਹਲਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਨਸਪ ਗੈਸ ਏਜੰਸੀ ਦੇ ਦਫ਼ਤਰ ਤੇ ਗੁਦਾਮ ਦੀ ਸਰਕਾਰੀ ਇਮਾਰਤ ਇਕੋ ਥਾਂ 'ਤੇ ਆਧੁਨਿਕ ਸਹੂਲਤਾਂ ਵਾਲੀ ਬਣਾਈ ਜਾਵੇ।
ਸਫ਼ਾਈ ਪੱਖੋਂ ਬੁਰਾ ਹਾਲ
ਇਸ ਗੁਦਾਮ ਅੰਦਰ ਸਫ਼ਾਈ ਦਾ ਵੀ ਬੇਹੱਦ ਮਾੜਾ ਹਾਲ ਹੈ ਤੇ ਸਾਰੇ ਪਾਸੇ ਘਾਹ-ਫੂਸ ਉੱਗਿਆ ਪਿਆ ਹੈ। ਮਿੱਟੀ ਦੇ ਢੇਰ ਤੇ ਹੋਰ ਕੂੜਾ ਕਰਕਟ ਨਜ਼ਰ ਆ ਰਿਹਾ ਹੈ।
ਖਪਤਕਾਰਾਂ ਤੇ ਮੁਲਾਜ਼ਮਾਂ ਨੂੰ ਮਿਲਣੀਆਂ ਚਾਹੀਦੀਆਂ ਹਨ ਸਹੂਲਤਾਂ
ਪਨਸਪ ਗੈਸ ਏਜੰਸੀ ਦਫ਼ਤਰ ਦੇ ਮੈਨੇਜਰ ਜੁਗਲਵੀਰ ਸਿੰਘ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਹੋ ਹੀ ਕਿਹਾ ਕਿ ਖਪਤਕਾਰਾਂ ਤੇ ਮੁਲਾਜ਼ਮਾਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
