ਮਾਛੀਵਾੜਾ : ਵੋਟਾਂ ਤੋਂ ਪਹਿਲਾਂ ਲਾਈਨਾਂ ''ਚ ਲੱਗੇ ਉਮੀਦਵਾਰ
Wednesday, Dec 19, 2018 - 03:27 PM (IST)

ਮਾਛੀਵਾੜਾ ਸਾਹਿਬ (ਟੱਕਰ) : ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ 19 ਦਸੰਬਰ ਆਖਰੀ ਤਰੀਕ ਹੋਣ ਕਾਰਨ ਸਰਪੰਚ ਤੇ ਪੰਚਾਇਤ ਮੈਂਬਰਾਂ ਦੀ ਚੋਣ ਲੜ ਰਹੇ ਉਮੀਦਵਾਰਾਂ ਦੀ ਭੀੜ ਕਾਗਜ਼ ਦਾਖਲ ਕਰਵਾਉਣ ਵਾਲੇ ਸਬੰਧਿਤ ਅਧਿਕਾਰੀਆਂ ਕੋਲ ਉਮੜੀ ਦਿਖਾਈ ਦਿੱਤੀ ਅਤੇ ਵੋਟਾਂ ਤੋਂ ਪਹਿਲਾਂ ਹੀ ਉਮੀਦਵਾਰ ਕਤਾਰ੍ਹਾਂ 'ਚ ਲੱਗੇ ਦਿਖਾਈ ਦਿੱਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 15 ਦਸੰਬਰ ਤੋਂ ਸ਼ੁਰੂ ਹੋਈ ਸੀ ਪਰ ਉਮੀਦਵਾਰ ਆਪਣੇ ਦਸਤਾਵੇਜ਼ ਮੁਕੰਮਲ ਕਰਨ ਜਾਂ ਪਿੰਡਾਂ 'ਚ ਸਰਬ ਸੰਮਤੀਆਂ ਕਰਵਾਉਣ 'ਚ ਜੁਟੇ ਰਹੇ ਅਤੇ ਅੱਜ ਆਖਰੀ ਦਿਨ ਮਾਛੀਵਾੜਾ ਬਲਾਕ 'ਚ ਕਈ ਚੋਣ ਅਧਿਕਾਰੀਆਂ ਕੋਲ ਉਮੀਦਵਾਰਾਂ ਦੀ ਭਾਰੀ ਭੀੜ ਦਿਖਾਈ ਦਿੱਤੀ, ਜਿਸ 'ਚ ਔਰਤਾਂ ਵੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਤਾਰ੍ਹਾਂ 'ਚ ਖੜ੍ਹੀਆਂ ਦਿਖਾਈ ਦਿੱਤੀਆਂ। ਬੇਸ਼ੱਕ ਮਾਛੀਵਾੜਾ ਬਲਾਕ 'ਚ 116 ਪਿੰਡਾਂ ਦੀਆਂ ਪੰਚਾਇਤਾਂ ਲਈ ਵੱਖ-ਵੱਖ ਪਿੰਡਾਂ 'ਚ 10 ਸਹਾਇਕ ਚੋਣ ਅਧਿਕਾਰੀ ਨਿਯੁਕਤ ਕੀਤੇ ਸਨ ਪਰ ਅੱਜ ਅੰਤਿਮ ਦਿਨ ਉਮੀਦਵਾਰਾਂ ਦੀ ਭਾਰੀ ਭੀੜ ਉਮੜਨ ਕਾਰਨ ਉਹ ਵੀ ਮੁਸ਼ੱਕਤ ਕਰਦੇ ਦਿਖਾਈ ਦਿੱਤੇ ਕਿ ਜਲਦ ਤੋਂ ਜਲਦ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਕੰਮ ਮੁੱਕ ਜਾਵੇ।