ਸਰਪੰਚ ਬਣਨ ਦੇ ਚਾਹਵਾਨ ਧਾਰਮਿਕ ਅਸਥਾਨਾਂ ਦਾ ਕਰਨ ਲੱਗੇ ਰੁਖ

12/24/2018 1:31:01 PM

ਜਲੰਧਰ (ਵਰਿਆਣਾ)— ਇਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋ ਗਏ ਹਨ, ਉਥੇ ਹੀ ਦੂਜੇ ਪਾਸੇ ਜ਼ਿਆਦਾਤਰ ਪੰਚਾਇਤੀ ਉਮੀਦਵਾਰਾਂ ਦਾ ਰੁਖ ਧਾਰਮਿਕ ਅਸਥਾਨਾਂ ਵੱਲ ਸ਼ੁਰੂ ਹੋ ਗਿਆ ਹੈ ਅਤੇ ਜਿੱਤ ਨੂੰ ਲੈ ਕੇ ਸੁੱਖਾਂ ਸੁੱਖਣ ਦਾ ਸਿਲਸਿਲਾ ਸ਼ੁਰੂ ਹੋਇਆ। 

ਇਸ ਸਬੰਧੀ 'ਜਗ ਬਾਣੀ' ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਦੇਖਿਆ ਕਿ ਕਈ ਪਿੰਡਾਂ 'ਚ ਸਰਪੰਚ-ਪੰਚ ਬਣਨ ਦੇ ਚਾਹਵਾਨ ਉਮੀਦਵਾਰ ਬੀਤੇ ਦਿਨ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਧਾਰਮਿਕ ਅਸਥਾਨਾਂ ਵੱਲ ਸਮਰਥਕਾਂ ਸਹਿਤ ਜਾਂਦੇ ਦੇਖੇ ਗਏ। ਉਕਤ ਉਮੀਦਵਾਰਾਂ 'ਚੋਂ ਕਈਆਂ ਨੇ ਤਾਂ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਜਾ ਕੇ ਆਪਣੀ ਜਿੱਤ ਪੱਕੀ ਹੋਣ ਦੇ ਮਕਸਦ ਨਾਲ ਸੁੱਖਣਾ ਵੀ ਸੁੱਖ ਲਈ ਕਿ ਜੇ ਪ੍ਰਪਾਤਮਾ ਇਸ ਵਾਰ ਸਰਪੰਚ-ਪੰਚ ਬਣਾ ਦੇਵੇ ਤਾਂ ਸੁੱਖ ਪੂਰੀ ਸ਼ਰਧਾ ਨਾਲ ਲਾਹਵਾਂਗੇ। ਇਸ ਸੁੱਖਣਾ ਸੁੱਖ ਵਾਲਿਆਂ ਨੂੰ ਦੇਖ ਕੇ ਕਈ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਪਿੰਡ ਜਾਂ ਪਿੰਡ ਦੇ ਲੋਕਾਂ ਲਈ ਚੰਗੇ ਕਾਰਜ ਕੀਤੇ ਹੋਣਗੇ ਤਾਂ ਪ੍ਰਮਾਤਮਾ ਉਨ੍ਹਾਂ ਦੀ ਅਰਦਾਸ ਆਪੇ ਪੂਰੀ ਕਰ ਦੇਵੇਗਾ, ਸੁਖਣਾ ਸੁੱਖਣ ਨਾਲ ਕੁੱਝ ਨਹੀਂ ਬਣਨਾ ਜੇ ਕੁੱਝ ਕਰਨਾ ਤਾਂ ਮਾਨਵਤਾ ਦੀ ਸੇਵਾ ਕਰੋ, ਜਿਸ ਪਾਸੇ ਧਿਆਨ ਦੇਣ ਵਾਲਿਆਂ 'ਤੇ ਪ੍ਰਮਾਤਮਾ ਸਦਾ ਮੇਹਰਾਂ ਦਾ ਮੀਂਹ ਵਰ੍ਹਾਉਂਦਾ ਹੈ।

ਉਧਰ ਕਈ ਉਮੀਦਵਾਰ ਅਤੇ ਸਮਰਥਕ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਜਦੋਂ ਆਪਣੇ ਪਿੰਡਾਂ 'ਚ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਹਾਰ ਪਾ ਕੇ ਕੀਤਾ ਗਿਆ ਅਤੇ ਚੋਣ ਨਿਸ਼ਾਨ ਦੇ ਪੰਫਲੇਟ ਜਲਦ ਤੋਂ ਜਲਦ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਜੋ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪਿੰਡ ਦੀਆਂ ਦੀਵਾਰਾਂ 'ਤੇ ਲਗਾ ਦਿੱਤਾ ਜਾਵੇ ਅਤੇ ਚੋਣ ਨਿਸ਼ਾਨ ਬਾਰੇ ਹਰ ਇਕ ਨੂੰ ਜਾਣਕਾਰੀ ਮਿਲ ਸਕੇ। ਉਧਰ ਕਈ ਉਮੀਦਵਾਰਾਂ ਨੇ ਤਾਂ ਆਪਣੇ ਸਮਰਥਕਾਂ ਤੋਂ ਚੋਣ ਖਰਚਾ ਇਕੱਠਾ ਕਰਨਾ ਵੀ ਸ਼ੁਰੂ ਕਰ ਦਿੱਤਾ ਤਾਂ ਜੋ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੀ ਉਕਤ ਖਰਚਾ ਲੋਕਾਂ 'ਤੇ ਕਰ ਦਿੱਤਾ ਜਾਵੇ ਤਾਂ ਜੋ ਵੋਟਾਂ ਵੱਧ ਤੋਂ ਵੱਧ ਪ੍ਰਾਪਤ ਕੀਤੀਆਂ ਜਾਣ।

ਭਾਅ ਜੀ ! ਸਾਡੀ ਕੰਧ 'ਤੇ ਪੋਸਟਰ ਨਾ ਲਾਇਓ...
ਉਧਰ ਕਈ ਪੰਚਾਇਤੀ ਉਮੀਦਵਾਰਾਂ ਨੇ ਤਾਂ ਦੇਰ ਰਾਤ ਤੱਕ ਆਪਣੇ ਚੋਣ ਪ੍ਰਚਾਰ ਦੇ ਪੋਸਟਰ ਵੀ ਛਪਵਾ ਲਏ ਹਨ ਪਰ ਜਦੋਂ ਉਹ ਆਪਣੇ ਪਿੰਡ ਦੇ ਘਰਾਂ 'ਤੇ ਪ੍ਰਚਾਰ ਦੇ ਮਕਸਦ ਨਾਲ ਲਗਾਉਣ ਜਾਂਦੇ ਹਨ ਤਾਂ ਕਈ ਘਰਾਂ ਦੇ ਲੋਕ ਇਹ ਕਹਿ ਕੇ ਪੋਸਟਰ ਲਗਵਾਉਣ ਤੋਂ ਇਨਕਾਰ ਕਰਦੇ ਕਹਿੰਦੇ ਸੁਣੇ ਗਏ ਕਿ ਭਾਜੀ ਸਾਡੀ ਕੰਧ 'ਤੇ ਚੋਣ ਪ੍ਰਚਾਰ ਪੋਸਟਰ ਨਾ ਲਾਇਓ, ਸਾਡੇ ਲਈ ਤਾਂ ਤੁਸੀਂ ਸਾਰੇ ਇਕ ਸਮਾਨ ਹੋ, ਅਸੀਂ ਬਿਨਾਂ ਵਜ੍ਹਾ ਦੂਸਰਿਆਂ ਦੀਆਂ ਨਜ਼ਰਾਂ ਵਿਚ ਆ ਜਾਵਾਂਗੇ। 

ਲੱਖਾਂ ਖਰਚ ਕੇ ਜਿਹੜਾ ਬਣੂ ਸਰਪੰਚ, ਉਸ ਤੋਂ ਕੰਮ ਦੀ ਆਸ ਨਾ ਰੱਖਿਓ
ਉਧਰ ਪਿੰਡਾਂ ਦੀਆਂ ਸੱਥਾਂ 'ਚ ਇਸ ਗੱਲ ਦੀ ਖਾਸ ਕਰਕੇ ਬਜ਼ੁਰਗਾਂ 'ਚ ਚਰਚਾ ਹੁੰਦੀ ਦੇਖੀ ਗਈ ਕਿ ਜਿਹੜੇ ਲੱਖਾਂ ਰੁਪਏ ਖਰਚ ਕਰਕੇ ਸਰਪੰਚ ਬਣਨਗੇ, ਉਨ੍ਹਾਂ ਤੋਂ ਕੰਮ ਦੀ ਨਾ ਆਸ ਰੱਖਿਓ, ਕਿਉਂਕਿ ਲੱਖਾਂ ਰੁਪਏ ਉਸ ਨੇ ਜਿੱਤਣ ਤੋਂ ਬਾਅਦ ਪੰਚਾਇਤ ਨੂੰ ਮਿਲੀਆਂ ਵਿਕਾਸ ਕੰਮਾਂ 'ਚ ਗ੍ਰਾਂਟਾਂ 'ਚ ਗਬਨ ਕਰਕੇ ਹੀ ਪੂਰਾ ਕਰਨੇ ਹਨ। ਇਸ ਲਈ ਕਿਸੇ ਤਰ੍ਹਾਂ ਦੇ ਲਾਲਚ 'ਚ ਨਾ ਆ ਕੇ ਈਮਾਨਦਾਰ, ਸੂਝਵਾਨ ਉਮੀਦਵਾਰ ਨੂੰ ਹੀ ਸਰਪੰਚੀ ਦੀ ਵੋਟ ਪਾਇਓ।

ਜਿਸ ਨੇ ਵੋਟ ਵੇਚ ਦਿੱਤੀ, ਸਮਝੋ ਉਸਨੇ ਆਪਣਾ ਜ਼ਮੀਰ ਵੇਚ ਦਿੱਤਾ
ਉਧਰ ਪੜ੍ਹੇ ਲਿਖੇ ਕਈ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਹੈ, ਜਿਸ ਰਾਹੀਂ ਅਸੀਂ ਬਿਨਾਂ ਕਿਸੇ ਡਰ ਦੇ ਆਪਣਾ ਉਮੀਦਵਾਰ ਚੁਣ ਸਕਦੇ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਮਿਲਿਆ ਵੋਟ ਦਾ ਅਧਿਕਾਰ ਬਹੁਮੁੱਲਾ ਹੈ, ਜਿਸ ਦੀ ਕੋਈ ਕੀਮਤ ਨਹੀਂ, ਜਿਸ ਨਾਲ ਅਸੀਂ ਦੇਸ਼, ਸੂਬੇ ਅਤੇ ਪਿੰਡਾਂ ਦਾ ਉਜਵਲ ਭਵਿੱਖ ਬਣਾਉਣ ਵਾਲੇ ਨੁਮਾਇੰਦੇ ਚੁਣ ਸਕਦੇ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਨੇ ਕਿਸੇ ਤਰ੍ਹਾਂ ਦੇ ਲਾਲਚ 'ਚ ਆ ਕੇ ਵੋਟ ਵੇਚ ਦਿੱਤੀ, ਸਮਝੋ ਉਸ ਨੇ ਆਪਣੀ ਜ਼ਮੀਰ ਵੇਚ ਦਿੱਤੀ।


shivani attri

Content Editor

Related News