ਫੂਲੇਵਾਲਾ ''ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ
Monday, Feb 09, 2026 - 09:12 PM (IST)
ਰਾਮਪੁਰਾ ਫੂਲ (ਬਠਿੰਡਾ) (ਵਿਜੈ ਵਰਮਾ) : ਪੰਜਾਬ ਦੇ ਜ਼ਿਲ੍ਹਾ ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਫੂਲੇਵਾਲਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਭਾਰੀ ਰੋਸ ਫੈਲ ਗਿਆ ਹੈ। ਸ਼ਰਾਰਤੀ ਤੱਤਾਂ ਵੱਲੋਂ ਧਾਰਮਿਕ ਗ੍ਰੰਥਾਂ ਦੇ ਪੰਨੇ ਬੱਸ ਅੱਡੇ ਕੋਲ ਸੁੱਟੇ ਜਾਣ ਦੀ ਘਟਨਾ ਨੇ ਪਿੰਡ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰਾ ਝਟਕਾ ਦਿੱਤਾ ਹੈ।
ਜਾਣਕਾਰੀ ਮੁਤਾਬਕ, ਪਿੰਡ ਵਾਸੀਆਂ ਨੂੰ ਬੱਸ ਅੱਡੇ ਕੋਲ ਧਾਰਮਿਕ ਕਿਤਾਬਾਂ ਦੇ ਪੰਨੇ ਪਏ ਮਿਲੇ। ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਪੰਨੇ ਭਗਤ ਰਵਿਦਾਸ ਜੀ ਦੇ ਸ਼ਲੋਕਾਂ ਨਾਲ ਸੰਬੰਧਿਤ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਪੁਲਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੂੰ ਅਗਾਹ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਧਨੌਲਾ ਆਪਣੀ ਟੀਮ ਸਮੇਤ ਪਿੰਡ ਫੂਲੇਵਾਲਾ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਜਥੇਦਾਰ ਧਨੌਲਾ ਨੇ ਦੱਸਿਆ ਕਿ ਪੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਸਾਹਿਬ ਦੇ ਨਹੀਂ ਸਨ, ਬਲਕਿ ਭਗਤ ਰਵਿਦਾਸ ਜੀ ਦੇ ਸ਼ਲੋਕਾਂ ਨਾਲ ਸੰਬੰਧਿਤ ਸਨ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਥਾਣਾ ਫੂਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਇਲਾਕੇ ਵਿੱਚ ਪੁਲਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
