ਨਸ਼ਾ ਛੁਡਾਊ ਕੇਂਦਰ ’ਚ ਦਾਖਲ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਏ ਕੁੱਟਮਾਰ ਦੇ ਦੋਸ਼
Wednesday, Dec 18, 2024 - 08:51 PM (IST)
ਮਲੋਟ, (ਜੁਨੇਜਾ)- ਪਿਛਲੇ 5 ਮਹੀਨਿਆਂ ਤੋਂ ਉਪ ਮੰਡਲ ਦੇ ਪਿੰਡ ਸਰਾਵਾਂ ਬੋਦਲਾਂ ਵਿਖੇ ਇਕ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਮਲੋਟ ਦੇ ਇਕ ਨੌਜਵਾਨ ਦੀ ਬੀਤੀ ਰਾਤ ਏਮਜ਼ ਹਸਪਤਾਲ ਬਠਿੰਡਾ ਵਿਖੇ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਕੇਂਦਰ ਦੇ ਸੰਚਾਲਕਾਂ ਵਲੋਂ ਲਗਾਤਾਰ ਕੀਤੀ ਕੁੱਟਮਾਰ ਤੇ ਤਸੀਹੇ ਦੇਣ ਪਿੱਛੋਂ ਹਾਲਤ ਖਰਾਬ ਹੋਣ ਕਰ ਕੇ ਹੋਈ ਹੈ। ਇਸ ਮਾਮਲੇ ’ਤੇ ਕਬਰਵਾਲਾ ਪੁਲਸ ਵਲੋਂ ਜਾਂਚ ਉਪਰੰਤ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਮਲੋਟ ਸਿਵਲ ਹਸਪਤਾਲ ਵਿਚ ਮ੍ਰਿਤਕ ਨੌਜਵਾਨ ਅਮਰਜੀਤ ਸਿੰਘ ਦੀ ਪਤਨੀ ਕਮਲਜੀਤ ਕੌਰ ਨੇ ਪੁਲਸ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਦਾ ਸੀ, ਜਿਸ ਕਰ ਕੇ ਜੁਲਾਈ ਮਹੀਨੇ ’ਚ ਉਨ੍ਹਾਂ ਸਰਾਵਾਂ ਬੋਦਲਾਂ ਵਿਖੇ ਚੱਲ ਰਹੇ ਇਕ ਨਿੱਜੀ ਨਸ਼ਾ ਛੁਡਾਊ ਕੇਂਦਰ ’ਚ ਉਸ ਨੂੰ ਦਾਖਲ ਕਰਵਾ ਦਿੱਤਾ, ਜਿੱਥੇ ਹਰ ਮਹੀਨੇ ਉਹ 8-10 ਹਜ਼ਾਰ ਰੁਪਏ ਖਰਚਾ ਦਿੰਦੇ ਸੀ। ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕ ਉਨ੍ਹਾਂ ਨੂੰ ਉਸ ਨਾਲ ਮਿਲਣ ਨਹੀਂ ਦਿੰਦੇ ਸਨ ਤੇ ਹਰ ਮਹੀਨੇ ਸਿਰਫ ਪੈਸੇ ਲੈਣ ਲਈ ਫੋਨ ਕਰਦੇ ਸਨ।
ਉਸ ਨੇ ਦੱਸਿਆ ਕਿ 16 ਦਸੰਬਰ ਵੀ ਉਹ ਪੈਸੇ ਦੇਣ ਗਏ, ਜਿੱਥੇ ਉਨ੍ਹਾਂ ਨੇ ਅਮਰਜੀਤ ਨੂੰ ਘਰ ਲਿਜਾਣ ਦੀ ਇੱਛਾ ਪ੍ਰਗਟ ਕੀਤੀ। ਕੁਝ ਦੇਰ ਬਾਅਦ ਕੇਂਦਰ ’ਚ ਕੰਮ ਕਰਦੇ 2 ਲੜਕੇ ਸਹਾਰਾ ਦੇ ਕੇ ਅਮਰਜੀਤ ਸਿੰਘ ਨੂੰ ਬਾਹਰ ਛੱਡਣ ਆਏ। ਅਮਰਜੀਤ ਦੀ ਹਾਲਤ ਬਹੁਤ ਖਰਾਬ ਸੀ, ਜਿਸ ਕਰ ਕੇ ਉਹ ਉਸ ਨੂੰ ਮਲੋਟ ਸਰਕਾਰੀ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ।
ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਤੇ ਤਾਏ ਦੇ ਪੁੱਤ ਗੁਰਪ੍ਰੀਤ ਨੇ ਦੱਸਿਆ ਕਿ ਰਸਤੇ ’ਚ ਅਮਰਜੀਤ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ’ਚ ਉਸ ਉੱਪਰ ਬਹੁਤ ਤਸ਼ੱਦਦ ਕੀਤਾ ਜਾਂਦਾ ਸੀ, ਜਿਸ ਕਰ ਕੇ ਉਸ ਦੀ ਹਾਲਤ ਵਿਗੜੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ 2 ਛੋਟੇ ਛੋਟੇ ਬੱਚੇ ਹਨ।
ਇਸ ਮਾਮਲੇ ’ਤੇ ਸਬੰਧਤ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕ ਇਕਉਂਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕੇਂਦਰ ਮੰਨਜੂਰਸ਼ੁਦਾ ਹੈ। ਉਨ੍ਹਾਂ ਪਰਿਵਾਰ ਵਲੋਂ ਕੁੱਟਮਾਰ ਸਬੰਧੀ ਲਾਏ ਦੋਸ਼ਾਂ ’ਤੇ ਕਿਹਾ ਕਿ ਇਸ ਸਬੰਧੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਮੌਤ ਦਾ ਕੀ ਕਾਰਨ ਸੀ।
ਉਧਰ ਐੱਸ. ਐੱਚ. ਓ. ਦਵਿੰਦਰ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।