ਨਾਬਾਲਗ ਲੜਕੀ ਨਾਲ ਦੁਸ਼ਕਰਮ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
Wednesday, Dec 11, 2024 - 05:40 PM (IST)
ਫਰੀਦਕੋਟ (ਜਗਦੀਸ਼) : ਇਥੋਂ ਦੀ ਅਦਾਲਤ ਨੇ 15 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਦੁਸ਼ਕਰਮ ਕਰਨ ਅਤੇ ਧਮਕੀਆਂ ਦੇਣ ਦੇ ਮੁਲਜ਼ਮ 23 ਸਾਲਾ ਨੌਜਵਾਨ ਨੂੰ ਵੱਖ-ਵੱਖ ਧਰਾਵਾਂ ਵਿਚ ਦੋਸ਼ੀ ਕਰਾਰ ਦਿੰਦਿਆਂ ਕੈਦ ਅਤੇ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ । ਇਹ ਘਟਨਾ ਸਬੰਧੀ 16 ਜਨਵਰੀ 2022 ਦੀ ਹੈ, ਜਿਸ ਵਿਚ ਤਹਿਸੀਲ ਜੈਤੋ ਦੇ ਪਿੰਡ ਨਵਾਂ ਰੋੜੀਕਪੂਰਾ ਦੇ ਰਹਿਣਵਾਲੇ ਇਕ ਵਿਅਕਤੀ ਨੇ ਥਾਣਾ ਜੈਤੋ ਵਿਚ ਸ਼ਿਕਾਇਤ ਕਰਕੇ ਆਪਣੇ ਬਿਆਨ ਦਰਜ ਕਰਵਾਏ ਸਨ। ਸ਼ਿਕਾਇਤ 'ਤੇ ਗੁਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਰੋੜੀਕਪੂਰਾ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਵਿਸ਼ੇਸ਼ ਸੈਸ਼ਨ ਜੱਜ ਨਵਜੋਤ ਕੌਰ ਨੇ ਸਰਕਾਰ ਨੂੰ ਜਿਣਸੀ ਅਪਰਾਧਾ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਵਿਵਸਥਾਵਾਂ ਤਹਿਤ ਪੀੜਤਾ ਨੂੰ 4 ਲੱਖ ਰੁਪਏ ਮੁਅਾਵਜ਼ਾ ਦੇਣ ਦਾ ਹੁਕਮ ਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੀ ਹੈ ।
ਇਸ ਮੁਕੱਦਮੇ ਦੀ ਪੂਰੀ ਤਨਦੇਹੀ ਨਾਲ ਸਰਕਾਰੀ ਵਕੀਲ ਸੁਰਿੰਦਰ ਸਚਦੇਵਾ ਵੱਲੋਂ ਪੈਰਵੀ ਕਰਦਿਆਂ ਮੁਕੱਦਮੇ ਦਾ ਚਲਾਨ ਪੇਸ਼ ਕਰਨ ਉਪਰੰਤ ਗਵਾਹੀਆਂ ਕਰਵਾਈਆਂ ਗਈਆ ਜਿਸ ਦੇ ਅਧਾਰ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਨੇ ਦਲੀਲਾਂ ਅਤੇ ਸਬੂਤਾ ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਪੋਕਸੋ ਵਿਚ 20 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਕਰਾਉਣ ਦੀ ਸੂਰਤ ਵਿਚ ਉਸ ਨੂੰ 3 ਮਹੀਨੇ ਹੋਰ ਵਾਧੂ ਜੇਲ੍ਹ ਵਿਚ ਰਹਿਣ ਦਾ ਹੁਕਮ ਕੀਤਾ। ਜਦੋਂ ਅਧੀਨ ਧਾਰਾ 363 ਵਿਚ 3 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨਾ, 366 ਵਿਚ 3 ਸਾਲ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨਾ, 346 ਵਿਚ ਇਕ ਸਾਲ ਕੈਦ, 506 ਵਿਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ । ਮਾਮਲੇ ਦੀ ਸੁਣਵਾਈ ਦੌਰਾਨ ਗੁਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਆਪਣੀਆਂ ਦਲੀਲਾਂ ਅਦਾਲਤ ਵਿਚ ਪੇਸ਼ ਕੀਤੀਆਂ ਸਨ।