ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਪਿੰਡ ਇਕ ਵੀ ਘਰ ''ਚ ਨਹੀਂ ਬਲ਼ਿਆ ਚੁੱਲ੍ਹਾ, ਭੁੱਖ ਹੜਤਾਲ ''ਤੇ ਬੈਠਾ ਸਾਰਾ ਪਿੰਡ

Wednesday, Dec 11, 2024 - 06:08 AM (IST)

ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਪਿੰਡ ਇਕ ਵੀ ਘਰ ''ਚ ਨਹੀਂ ਬਲ਼ਿਆ ਚੁੱਲ੍ਹਾ, ਭੁੱਖ ਹੜਤਾਲ ''ਤੇ ਬੈਠਾ ਸਾਰਾ ਪਿੰਡ

ਜਲੰਧਰ (ਵੈੱਬਡੈਸਕ)- ਕਿਸਾਨਾਂ ਦੇ ਹੱਕਾਂ ਦੀ ਮੰਗ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਡੱਲੇਵਾਲ ਦੇ ਸਰੀਰ ਦੇ ਗੁਰਦੇ ਤੇ ਲੀਵਰ ਕਾਫ਼ੀ ਡੈਮੇਜ ਹੋ ਗਏ ਹਨ, ਜਿਸ ਕਾਰਨ ਉਹ ਸਿਹਤ ਪੱਖੋਂ ਬਹੁਤ ਕਮਜ਼ੋਰ ਹੋ ਗਏ ਹਨ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਲੈਵਲ ਵੀ ਹੁਣ ਸਥਿਰ ਨਹੀਂ ਰਹਿੰਦਾ। 

ਜਗਜੀਤ ਡੱਲੇਵਾਲ ਦੇ ਮਰਨ ਵਰਤ ਦੌਰਾਨ ਉਨ੍ਹਾਂ ਦਾ ਸਾਥ ਦਿੰਦਿਆਂ ਉਨ੍ਹਾਂ ਦਾ ਪੂਰਾ ਪਿੰਡ ਡੱਲੇਵਾਲ ਵੀ ਉਨ੍ਹਾਂ ਦੇ ਹੱਕ 'ਚ ਉਤਰ ਆਇਆ ਹੈ ਤੇ ਪੂਰੇ ਪਿੰਡ ਵਾਸੀਆਂ ਨੇ ਅੱਜ ਪਿੰਡ 'ਚ ਚੁੱਲ੍ਹਾ ਨਹੀਂ ਬਾਲਿਆ। ਅੱਜ ਉਨ੍ਹਾਂ ਦੇ ਪਰਿਵਾਰ ਸਣੇ ਸਾਰਾ ਪਿੰਡ ਗੁਰਦੁਆਰਾ ਸਾਹਿਬ ਦੇ ਬਾਹਰ ਭੁੱਖ ਹੜਤਾਲ 'ਤੇ ਬੈਠ ਗਿਆ ਹੈ। ਉਨ੍ਹਾਂ ਡੱਲੇਵਾਲ ਦੇ ਹੱਕ 'ਚ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ।

ਇਹ ਵੀ ਪੜ੍ਹੋ- FIR ਦਰਜ ਹੋਣ ਮਗਰੋਂ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਪਹਿਲਾ ਬਿਆਨ ਆਇਆ ਸਾਹਮਣੇ

ਹੜਤਾਲ 'ਚ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਖਨੌਰੀ ਬਾਰਡਰ ਤੋਂ ਹੁਕਮ ਹੋਇਆ ਸੀ ਕਿ ਜਗਜੀਤ ਡੱਲੇਵਾਲ ਦੇ ਮਰਨ ਵਰਤ ਦੇ ਹੱਕ 'ਚ ਪੰਜਾਬ ਦੇ ਪਿੰਡਾਂ 'ਚ ਅੱਜ ਭੁੱਖ ਹੜਤਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡੱਲੇਵਾਲ ਨੂੰ ਉੱਥੇ 15 ਦਿਨ ਹੋ ਗਏ ਹਨ ਮਰਨ ਵਰਤ 'ਤੇ ਬੈਠੇ ਹੋਏ, ਤਾਂ ਕੀ ਅਸੀਂ ਇੱਥੇ ਇਕ ਦਿਨ ਲਈ ਵੀ ਭੁੱਖੇ ਨਹੀਂ ਰਹਿ ਸਕਦੇ ?

ਲੋਕਾਂ ਨੇ ਇਹ ਵੀ ਕਿਹਾ ਕਿ ਉਪ ਰਾਸ਼ਟਰਪਤੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਪੱਖ ਰੱਖਿਆ ਵੀ ਜਾ ਚੁੱਕਾ ਹੈ, ਪਰ ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਏ 'ਤੇ ਅੜੀ ਹੋਈ ਹੈ। ਹੁਣ ਕੇਂਦਰ ਸਰਕਾਰ ਨੂੰ ਇੰਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਪਿਛਲੇ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਦੇ ਵਾਅਦੇ ਨੂੰ ਪੂਰਾ ਕਰ ਦੇਣਾ ਚਾਹੀਦਾ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News