ਬਿਨਾਂ ਪਾਸਪੋਰਟ ਤੇ ਵੀਜ਼ੇ ਦੇ ਜਲੰਧਰ ਤੱਕ ਪੁੱਜਣ ਵਾਲੀ ਪਾਕਿਸਤਾਨੀ ਔਰਤ ਦੀ ਸੱਚਾਈ ਹੋਵੇਗੀ ਜਗ ਜ਼ਾਹਰ

08/03/2015 6:24:41 PM

ਅੰਮ੍ਰਿਤਸਰ (ਸ. ਹ.)-ਜਲੰਧਰ ਰੇਲਵੇ ਸਟੇਸ਼ਨ ''ਤੇ ਬਿਨਾਂ ਪਾਸਪੋਰਟ ਅਤੇ ਵੀਜ਼ਾ ਦੇ ਫੜ੍ਹੀ ਜਾਣ ਵਾਲੀ ਪਾਕਿਸਤਾਨੀ ਔਰਤ ਚੰਦਾ ਖਾਨ ਦੇ ਮਾਮਲੇ ''ਚ ਕੀ ਸੱਚਾਈ ਸੋਮਵਾਰ ਨੂੰ ਸਾਹਮਣੇ ਆ ਜਾਣ ''ਤੇ ਉਸ ਦਾ ਪਰਦਾਫਾਸ਼ ਹੋ ਜਾਵੇਗਾ ਕਿਉਂਕਿ ਸੋਮਵਾਰ ਦੇ ਦਿਨ ਹੀ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈੱਸ ਆਉਂਦੀ ਹੈ ਅਤੇ ਇਸ ਦਿਨ ਅਟਾਰੀ ਰੇਲਵੇ ਸਟੇਸ਼ਨ ''ਤੇ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਵੀ ਤਾਇਨਾਤ ਰਹਿੰਦੇ ਹਨ। 
ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਕਰ ਰਹੀ ਜੀ. ਆਰ. ਪੀ. ਦੀ ਟੀਮ ਨੂੰ ਅਦਾਲਤ ਤੋਂ ਚੰਦਾ ਖਾਨ ਦਾ 5 ਦਿਨ ਦਾ ਪੁਲਸ ਰਿਮਾਂਡ ਵੀ ਮਿਲ ਗਿਆ ਹੈ ਤਾਂ ਕਿ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਫਿਲਹਾਲ ਕੌਮਾਂਤਰੀ ਅਟਾਰੀ ਰੇਲਵੇ ਤੋਂ ਮਿਲੀ ਸੀ. ਸੀ. ਟੀ. ਵੀ. ਫੁਟੇਜ ''ਚ ਚੰਦਾ ਖਾਨ ਦੇ ਪਾਕਿਸਤਾਨ ਤੋਂ ਆਉਣ ਦੀ ਤਸਦੀਕ ਹੋ ਗਈ ਹੈ ਅਤੇ ਫੁਟੇਜ ''ਚ ਚੰਦਾ ਖਾਨ ਅਟਾਰੀ ਸਟੇਸ਼ਨ ''ਤੇ ਕਾਊਂਟਰਾਂ ''ਤੇ ਘੁੰਮਦੀ ਹੋਈ ਨਜ਼ਰੀ ਆ ਰਹੀ ਹੈ।
ਇਸ ਦੇ ਬਾਵਜੂਦ ਅਜੇ ਤਕ ਜਾਂਚ ਟੀਮ ਨੂੰ ਇਮੀਗ੍ਰੇਸ਼ਨ ਵਿਭਾਗ ਦਾ ਰਿਕਾਰਡ ਨਹੀਂ ਮਿਲਿਆ ਹੈ ਕਿਉਂਕਿ ਇਮੀਗ੍ਰੇਸ਼ਨ ਵਿਭਾਗ ਦੇ ਰਿਕਾਰਡ ਤੋਂ ਹੀ ਪਤਾ ਲੱਗੇਗਾ ਕਿ ਚੰਦਾ ਖਾਨ ਪਾਸਪੋਰਟ ''ਤੇ ਵੀਜ਼ਾ ਰਾਹੀਂ ਭਾਰਤ ਆਈ ਹੈ ਜਾਂ ਫਿਰ ਬਿਨਾਂ ਪਾਸਪੋਰਟ ਦੇ ਆਈ ਹੈ। 
ਇਸ ਮਾਮਲੇ ''ਚ ਜਾਂਚ ਟੀਮ ਅਜੇ ਤਕ ਚੰਦਾ ਖਾਨ ਦੇ ਮਾਮੇ ਦੀ ਕਹਾਣੀ ਦੀ ਵੀ ਕੋਈ ਸੱਚਾਈ ਪਤਾ ਨਹੀਂ ਲਗਾ ਸਕੀ ਹੈ ਤੇ ਅਜਿਹਾ ਵੀ ਸੰਭਵ ਹੋ ਸਕਦਾ ਹੈ ਕਿ ਚੰਦਾ ਖਾਨ ਆਪਣੇ ਮਾਮੇ ਦੇ ਨਾਲ ਹੀ ਆਈ ਹੋਵੇ ਤੇ ਦਿੱਲੀ ਜਾਣ ਦੌਰਾਨ ਉਸਦਾ ਮਾਮਾ ਪਾਸਪੋਰਟ ਲੈ ਕੇ ਗਾਇਬ ਹੋ ਗਿਆ ਹੋਵੇ ਪਰ ਇਸ ਸਭ ਦਾ ਖੁਲਾਸਾ ਇਮੀਗ੍ਰੇਸ਼ਨ ਵਿਭਾਗ ਦੀ ਰਿਪੋਰਟ ਤੋਂ ਬਾਅਦ ਹੀ ਹੋਵੇਗਾ।
ਜੇਕਰ ਇਮੀਗ੍ਰੇਸ਼ਨ ਵਿਭਾਗ ਦੀ ਰਿਪੋਰਟ ''ਚ ਇਹ ਸਾਬਤ ਹੋ ਜਾਂਦਾ ਹੈ ਕਿ ਚੰਦਾ ਖਾਨ ਆਪਣੇ ਪਾਸਪੋਰਟ ''ਤੇ ਸਮਝੌਤਾ ਐਕਸਪ੍ਰੈੱਸ ਰਾਹੀਂ ਭਾਰਤ ਆਈ ਸੀ ਤਾਂ ਉਸਦੇ ਮਾਮੇ ਦੀ ਕਹਾਣੀ ਵੀ ਸੱਚ ਸਾਬਤ ਹੋ ਸਕਦੀ ਹੈ। ਫਿਲਹਾਲ ਇਮੀਗ੍ਰੇਸ਼ਨ ਵਿਭਾਗ ਦੀ ਰਿਪੋਰਟ ਹੀ ਚੰਦਾ ਖਾਨ ਦੇ ਮਾਮਲੇ ਦੀ ਸੱਚਾਈ ਦੱਸੇਗੀ।  

Babita Marhas

News Editor

Related News