ਪਾਕਿਸਤਾਨ ''ਚ ਇਸਲਾਮ ਕਬੂਲਣ ਵਾਲੀ ਹੁਸ਼ਿਆਰਪੁਰ ਦੀ ਔਰਤ ਦੀ ਸੱਸ ਦਾ ਨਵਾਂ ਖੁਲਾਸਾ (ਵੀਡੀਓ)

04/20/2018 6:20:57 PM

ਹੁਸ਼ਿਆਰਪੁਰ (ਅਮਰੀਕ) : ਧਾਰਮਿਕ ਜਥੇ ਨਾਲ ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਕਿਰਨ ਬਾਲਾ ਵਲੋਂ ਉਥੇ ਪਾਕਿਸਤਾਨੀ  ਵਿਅਕਤੀ ਨਾਲ ਨਿਕਾਹ ਕਰਕੇ 'ਅਮੀਨਾ' ਬਣਨ ਮਗਰੋਂ ਪਰਿਵਾਰ 'ਚ ਜਿਥੇ ਹੈਰਾਨੀ ਅਤੇ ਨਮੋਸ਼ੀ ਦਾ ਆਲਮ ਹੈ, ਉਥੇ ਹੀ ਕਿਰਨ ਦੀ ਸੱਸ ਵਲੋਂ ਇਸ ਮਾਮਲੇ 'ਚ ਨਵਾਂ ਖੁਲਾਸਾ ਕੀਤਾ ਗਿਆ ਹੈ। ਸੱਸ ਮੁਤਾਬਕ ਪਤੀ ਦੀ ਮੌਤ ਤੋਂ ਬਾਅਦ ਕਿਰਨ ਨਾ ਸਿਰਫ ਉਸ ਨਾਲੋਂ ਵੱਖ ਹੋ ਗਈ, ਬਲਕਿ ਕਹਿਣੇ ਤੋਂ ਵੀ ਬਾਹਰ ਹੋ ਗਈ ਸੀ। ਰਿਸ਼ਤੇਦਾਰੀ 'ਚ ਵੀ ਉਸਦਾ ਚਰਿੱਤਰ ਕਾਫੀ ਮਾੜਾ ਹੋ ਗਿਆ। ਉਸਨੇ ਖੁਦ ਕਿਰਨ ਨੂੰ ਦੂਜਾ ਵਿਆਹ ਕਰਵਾਉਣ ਬਾਰੇ ਰਾਏ ਪੁੱਛੀ ਸੀ ਪਰ ਇਹ ਨਹੀਂ ਸੀ ਪਤਾ ਕਿ ਉਹ ਇਸ ਤਰ੍ਹਾਂ ਉਨ੍ਹਾਂ ਦੀ ਬਦਨਾਮੀ ਕਰਵਾਏਗੀ।
ਕਿਰਨ ਦੀ ਸੱਸ ਕਿਸ਼ਨ ਕੌਰ ਦਾ ਇਹ ਵੀ ਕਹਿਣਾ ਹੈ ਕਿ ਕਿਰਨ ਨੂੰ ਪਾਕਿਸਤਾਨ ਤੋਂ ਫੋਨ ਆਉਂਦਾ ਸੀ ਅਤੇ ਇਕ-ਦੋ ਵਾਰ ਕਿਸੇ ਨੇ ਉਸਨੂੰ ਪੈਸੇ ਵੀ ਭੇਜੇ ਸਨ ਪਰ ਪੁੱਛਣ 'ਤੇ ਉਹ ਮੁੱਕਰ ਜਾਂਦੀ ਸੀ ਅਤੇ ਜਾਂ ਫਿਰ ਲੜਣ 'ਤੇ ਉਤਾਰੂ ਹੋ ਜਾਂਦੀ ਸੀ। ਸਿਰਫ ਸੱਸ ਹੀ ਨਹੀਂ, ਕਿਰਨ ਬਾਲਾ ਦੇ ਬੱਚਿਆਂ ਦਾ ਵੀ ਕਹਿਣਾ ਹੈ ਕਿ ਮੰਮੀ ਨੂੰ ਪਾਕਿਸਤਾਨ ਤੋਂ ਕਿਸੇ ਸਹੇਲੀ ਦਾ ਫੋਨ ਆਉਂਦਾ ਸੀ।
ਕਿਰਨ ਬਾਲਾ ਦੇ ਇਸ ਕਦਮ ਨਾਲ ਜਿਥੇ ਪਰਿਵਾਰ ਸਕਤੇ 'ਚ ਹੈ, ਉਥੇ ਹੀ ਕਿਰਨ ਦੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਅਜੇ ਵੀ ਆਪਣੀ ਮਾਂ ਦੇ ਵਾਪਸ ਆਉਣ ਦੀ ਉਡੀਕ ਹੈ, ਜਿਨ੍ਹਾਂ ਨੂੰ ਉਹ ਛੇਤੀ ਹੀ ਵਾਪਸ ਆ ਜਾਣ ਦਾ ਲਾਰਾ ਲਗਾ ਕੇ ਗਈ ਹੈ। ਕਿਰਨ ਬਾਲਾ ਨੂੰ ਵਾਪਸ ਲਿਆਉਣ ਲਈ ਜਿਥੇ ਪਰਿਵਾਰ ਵਲੋਂ ਪੰਜਾਬ ਤੇ ਭਾਰਤ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ, ਉਥੇ ਹੀ ਕਿਰਨ ਦੇ ਸਹੁਰੇ ਨੇ ਐੱਸ. ਜੀ. ਪੀ. ਸੀ. ਖਿਲਾਫ ਵੀ ਕਾਰਵਾਈ ਦੀ ਗੱਲ ਕਹੀ ਹੈ।
ਇਸ ਸਭ ਦਰਮਿਆਨ 'ਅਮੀਨਾ' ਬਣੀ ਕਿਰਨ ਬਾਲਾ ਨੇ ਪਾਕਿਸਤਾਨ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਹ ਹੁਣ ਜਿਊਂਦੇ ਜੀਅ ਕਦੇ ਵੀ ਭਾਰਤ ਨਹੀਂ ਆਵੇਗੀ, 2013 ਵਿਚ ਪਿਤਾ ਦੀ ਮੌਤ ਤੋਂ ਬਾਅਦ ਪਿਓ ਦੇ ਪਿਆਰ ਦੇ ਵਾਂਝੇ ਹੋਏ ਇਹ ਬੱਚੇ ਤਾਂ ਕੀ ਹੁਣ ਮਾਂ ਦੇ ਪਿਆਰ ਤੋਂ ਵੀ ਮਹਿਰੂਮ ਹੋ ਜਾਣਗੇ।


Related News