ਪਾਕਿ ਤੋਂ ਨਮਕ ਦੇ ਟਰੱਕ ’ਚ ਲੁਕੋ ਕੇ ਲਿਆਂਦੀ ਜਾ ਰਹੀ 350 ਕਰੋੜ ਦੀ ਹੈਰੋਇਨ ਜ਼ਬਤ

Sunday, Jun 30, 2019 - 12:39 AM (IST)

ਪਾਕਿ ਤੋਂ ਨਮਕ ਦੇ ਟਰੱਕ ’ਚ ਲੁਕੋ ਕੇ ਲਿਆਂਦੀ ਜਾ ਰਹੀ 350 ਕਰੋੜ ਦੀ ਹੈਰੋਇਨ ਜ਼ਬਤ

ਅੰਮ੍ਰਿਤਸਰ(ਸੁਮਿਤ ਖੰਨਾ,ਨੀਰਜ)— ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਆਈ.ਸੀ.ਪੀ. ਅਟਾਰੀ ਬਾਰਡਰ 'ਤੇ ਅਫਗਾਨੀ ਸੇਬ ਦੀਆਂ ਪੇਟੀਆਂ 'ਚੋਂ 33 ਕਿੱਲੋ ਸੋਨਾ ਫੜੇ ਜਾਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਮਕ 'ਚੋਂ ਕਸਟਮ ਵਿਭਾਗ ਦੀ ਟੀਮ ਨੇ 70 ਕਿੱਲੋ ਹੈਰੋਇਨ ਦੀ ਖੇਪ ਜ਼ਬਤ ਕੀਤੀ ਹੈ। ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਮਾਰਕੀਟ 'ਚ 350 ਕਰੋੜ ਰੁਪਏ ਆਂਕੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਆਈ.ਸੀ.ਪੀ. ਅਟਾਰੀ 'ਤੇ ਤਾਇਨਾਤ ਕਸਟਮ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਬਸੰਤ ਕੁਮਾਰ ਦੀ ਅਗਵਾਈ ਵਿਚ ਪਾਕਿਸਤਾਨ ਤੋਂ ਆਏ ਨਮਕ ਦੀ ਰੈਮਜਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਹ ਖੇਪ ਫੜੀ ਗਈ। ਇਸ ਦੀ ਜਾਣਕਾਰੀ ਮਿਲਦੇ ਹੀ ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ, ਕਸਟਮ ਐਂਟੀ ਸਮੱਗਲਿੰਗ ਵਿੰਗ ਦੀ ਡਿਪਟੀ ਕਮਿਸ਼ਨਰ ਸਿਵਾਤੀ ਚੋਪੜਾ ਸਮੇਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਸਟਮ ਵਿਭਾਗ ਦੀ ਇਕ ਟੀਮ ਨੇ ਪਾਕਿਸਤਾਨ ਤੋਂ ਨਮਕ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਸਾਲ 2012 ਵਿਚ ਭਾਰਤ-ਪਾਕਿ ਕਾਰੋਬਾਰ ਲਈ ਬਣਾਈ ਗਈ ਦੇਸ਼ ਦੀ ਸਭ ਤੋਂ ਪਹਿਲੀ ਆਈ.ਸੀ.ਪੀ. ਅਟਾਰੀ ਦੇ ਇਤਿਹਾਸ ਦੀ ਗੱਲ ਕਰੀਏ ਜਾਂ ਫਿਰ ਇਸ ਤੋਂ ਪਹਿਲਾਂ ਜੁਆਇੰਟ ਚੈੱਕ ਪੋਸਟ ਅਟਾਰੀ ਦੇ ਜ਼ਰੀਏ ਭਾਰਤ-ਪਾਕਿਸਤਾਨ ਦੇ ਵਿਚਕਾਰ ਹੋਣ ਵਾਲੇ ਆਯਾਤ-ਨਿਰਯਾਤ ਦੀ ਗੱਲ ਕਰੀਏ ਤਾਂ ਹੁਣ ਤੱਕ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ ਗਈ ਹੈ।


author

Baljit Singh

Content Editor

Related News