ਪਾਕਿਸਤਾਨ ਹਮਲੇ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ : ਅਠਾਵਲੇ

Sunday, Aug 05, 2018 - 04:41 AM (IST)

ਪਾਕਿਸਤਾਨ ਹਮਲੇ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ : ਅਠਾਵਲੇ

ਰਈਆ(ਦਿਨੇਸ਼, ਹਰਜੀਪ੍ਰੀਤ)-ਅੱਜ ਦਾਣਾ ਮੰਡੀ ਰਈਆ ਵਿਖੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਕਾਨਫਰੰਸ ਦੌਰਾਨ ਸੰਬੋਧਨ ਕਰਨ ਪੁੱਜੇ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਮਾਜਿਕ ਨਿਆਂ, ਸਸ਼ਕਤੀਕਰਨ ਰਾਜ ਮੰਤਰੀ ਭਾਰਤ ਰਾਮਦਾਸ ਅਠਾਵਲੇ ਨੇ ਕਿਹਾ ਕਿ ਪੰਜਾਬ ਵਿਚ ਦਲਿਤ ਭਾਈਚਾਰੇ ਦੀ 33 ਫੀਸਦੀ ਆਬਾਦੀ ਹੋਣ ਕਾਰਨ ਜੇਕਰ ਇਹ ਇਕਜੁੱਟ ਹੋ ਜਾਵੇ ਅਤੇ ਡਟ ਕੇ ਸਾਥ ਦੇਵੇ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦਾ ਮੁੱਖ ਮੰਤਰੀ ਇਕ ਦਲਿਤ ਹੋਵੇਗਾ ਕਿਉਂਕਿ ਇਕ ਸਮਾਂ ਸੀ ਜਦੋਂ ਪੰਜਾਬ ਦੀ ਸਰਕਾਰ ਵਿਚ ਰਿਪਬਲਿਕਨ ਪਾਰਟੀ ਦੇ 2-3 ਮੰਤਰੀ ਹੁੰਦੇ ਸਨ। ਉੱਤਰੀ ਭਾਰਤ 'ਚ ਇਕ ਸਮਾਂ ਸੀ ਜਦੋਂ ਸਾਡੀ ਪਾਰਟੀ ਦੇ 9 ਮੈਂਬਰ ਪਾਰਲੀਮੈਂਟ ਬਣੇ ਸਨ ਤੇ 1998 'ਚ 4 ਮੈਂਬਰ ਪਾਰਲੀਮੈਂਟ ਬਣੇ ਸਨ। ਪੰਜਾਬ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਥੇ ਦਲਿਤਾਂ ਦੀ 33 ਫੀਸਦੀ ਆਬਾਦੀ ਹੋਣ ਕਾਰਨ ਜਬਰ-ਜ਼ਨਾਹ ਜਾਂ ਹੋਰ ਅੱਤਿਆਚਾਰ ਦੀਆਂ ਘਟਨਾਵਾਂ ਦੇਸ਼ ਵਿਚ ਸਭ ਤੋਂ ਘੱਟ ਹੁੰਦੀਆਂ ਹਨ। ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਦਲਿਤਾਂ ਦੀ ਆਬਾਦੀ ਪੰਜਾਬ ਵਿਚ ਹੈ ਤੇ ਇਥੋਂ ਦੇ ਬਹੁਤ ਸਾਰੇ ਦਲਿਤ ਦਿੱਲੀ, ਮੁੰਬਈ, ਅਮਰੀਕਾ ਤੇ ਕੈਨੇਡਾ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਮੋਦੀ ਸਰਕਾਰ ਵਿਚ ਰਾਜ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਬਾਰੇ ਮੰਤਰੀ ਹਾਂ ਤੇ ਸਾਰੇ ਧਰਮਾਂ ਤੇ ਜਾਤੀਆਂ ਦੀ ਸਾਂਝੀ ਰਿਪਬਲਿਕਨ ਪਾਰਟੀ ਦੀ ਤਰੱਕੀ ਲਈ ਅਸੀਂ ਦਿਨ-ਰਾਤ ਇਕ ਕਰ ਰਹੇ ਹਾਂ ਤੇ ਪਾਰਟੀ ਵਿਚ ਆਉਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਚਾਹੇ ਕੋਈ ਕਿਸੇ ਵੀ ਧਰਮ ਜਾਂ ਜਾਤੀ ਨਾਲ ਸਬੰਧ ਰੱਖਦਾ ਹੋਵੇ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਨੂੰ ਮਜ਼ਬੂਤ ਬਣਾਈਏ ਤੇ ਜੇਕਰ ਪਾਕਿਸਤਾਨ ਸਾਨੂੰ ਜ਼ਿਆਦਾ ਤਕਲੀਫ ਦੇਵੇ ਜਾਂ ਹਮਲੇ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਆਰ-ਪਾਰ ਦੀ ਲੜਾਈ ਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਸਾਡਾ ਦੇਸ਼ ਭਾਰਤ 125 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਤੇ ਇਥੋਂ ਦਾ ਮੁਸਲਮਾਨ ਵੀ ਆਪਣੀ ਭਾਵਨਾ ਭਾਰਤ ਨਾਲ ਹੀ ਰੱਖਦਾ ਹੈ। ਇਸ ਮੌਕੇ ਜੋਗਾ ਸਿੰਘ ਵਡਾਲਾ ਪ੍ਰਧਾਨ ਵਾਲਮੀਕਿ ਕ੍ਰਾਂਤੀਕਾਰੀ ਮੋਰਚਾ ਪੰਜਾਬ, ਅੰਜੁਮਨ ਛਿੱਬਰ, ਆਰ. ਆਰ. ਬਾਘਲ, ਸੰਦੀਪ ਸਿੰਘ ਘਈ ਯੂਥ ਪ੍ਰਧਾਨ, ਤੀਰਥ ਸਿੰਘ ਕੋਹਾਲੀ, ਬਲਵਿੰਦਰ ਸਿੰਘ ਮੂਧਲ, ਅਵਤਾਰ ਸਿੰਘ ਬਿੱਲਾ, ਰਾਜੀਵ ਨੌਸ਼ਹਿਰਾ, ਨਿਰਮਲ ਸਿੰਘ ਬੱਢਾਥੇਹ, ਬਲਦੇਵ ਸਿੰਘ ਕੋਟ ਮਹਿਤਾਬ, ਕੁਲਵਿੰਦਰ ਸਿੰਘ ਦੌਲੋਨੰਗਲ, ਲਖਬੀਰ ਸਿੰਘ, ਬਾਬਾ ਸੱਜਣ ਸਿੰਘ, ਡਾ. ਰੁਪਿੰਦਰ ਸਿੰਘ ਮੱਟੂ, ਡਾ. ਰਾਜ ਕੁਮਾਰ ਹੰਸ, ਗੁਰਮੇਜ ਸਿੰਘ ਠੱਠੀਆਂ, ਸੁਪਿੰਦਰ ਸਿੰਘ ਵਡਾਲਾ, ਰਣਜੀਤ ਸਿੰਘ ਵਡਾਲਾ ਆਦਿ ਹਾਜ਼ਰ ਸਨ।


Related News