ਜੇ. ਐੱਨ. ਯੂ. ਦਿੱਲੀ ਦੇ ਵਿਦਿਆਰਥੀਆਂ ''ਤੇ ਹਮਲੇ ਦੇ ਵਿਰੋਧ ''ਚ ਪਾਕਿ ''ਚ ਵੀ ਪ੍ਰਦਰਸ਼ਨ
Thursday, Jan 09, 2020 - 05:39 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਭਾਰਤ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਬੀਤੇ ਦਿਨੀ ਨਕਾਬਪੋਸ਼ਾਂ ਵਲੋਂ ਵਿਦਿਆਰਥੀਆਂ 'ਤੇ ਕੀਤੇ ਗਏ ਹਮਲੇ ਸਬੰਧੀ ਤਕਲੀਫ ਕਿਸੇ ਨੂੰ ਹੋਈ ਹੋਵੇ ਜਾਂ ਨਾ ਹੋਈ ਹੋਵੇ ਪਰ ਪਾਕਿਸਤਾਨ ਦੇ ਸ਼ਹਿਰ ਕਰਾਚੀ, ਲਾਹੌਰ ਅਤੇ ਇਸਲਾਮਾਬਾਦ 'ਚ ਪਾਕਿਸਤਾਨੀ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਇਸ ਘਟਨਾ ਦਾ ਦੁੱਖ ਬਹੁਤ ਜ਼ਿਆਦਾ ਲੱਗ ਰਿਹਾ ਹੈ। ਪਾਕਿਸਤਾਨ ਦੇ ਇਨ੍ਹਾਂ ਸ਼ਹਿਰਾਂ 'ਚ ਜੇ. ਐੱਨ. ਯੂ. ਦੇ ਵਿਦਿਆਰਥੀਆਂ ਦੇ ਸਮਰਥਨ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਰਾਚੀ, ਲਾਹੌਰ ਅਤੇ ਇਸਲਾਮਾਬਾਦ 'ਚ ਪ੍ਰੈੱਸ ਕਲੱਬ ਦੇ ਬਾਹਰ ਇੰਟਰ ਯੂਨੀਵਰਸਿਟੀ ਫੈਮਿਸਟ ਯੂਨੀਅਨ ਦੇ ਪਾਕਿਸਤਾਨ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਆਖਿਆ ਕਿ ਇਹ ਹਮਲਾਵਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਿਦਿਆਰਥੀ ਸਨ ਅਤੇ ਦੋਸ਼ ਲਾਇਆ ਕਿ ਇਹ ਹਮਲਾ ਭਾਰਤ ਸਰਕਾਰ ਦੇ ਸਮਰਥਨ ਨਾਲ ਕੀਤਾ ਗਿਆ ਹੈ।
ਦੱਸ ਦੇਈਏ ਕਿ 5 ਜਨਵਰੀ ਨੂੰ ਜੇ. ਐੱਨ. ਯੂ. ਦਿੱਲੀ 'ਚ ਕੁਝ ਨਕਾਬਪੋਸ਼ਾਂ ਨੇ ਹਮਲਾ ਕਰ ਕੇ ਵਿਦਿਆਰਥੀਆਂ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਦਿੱਲੀ ਸਰਕਾਰ ਸਮੇਤ ਕਈ ਹੋਰ ਏਜੰਸੀਆਂ ਇਸ ਘਟਨਾ ਦੀ ਜਾਂਚ ਵੀ ਕਰ ਰਹੀਆਂ ਹਨ ਕਿ ਹਮਲਾ ਕਰਨ ਵਾਲੇ ਨਕਾਬਪੋਸ਼ ਕੌਣ ਸਨ।