ਰਿਸ਼ਤੇਦਾਰਾਂ ਨੇ ਝੋਨੇ ਦੀ ਫਸਲ ਨੂੰ ਬਰਬਾਦ ਕਰਨ ਦੇ ਲਾਏ ਦੋਸ਼

Monday, Jul 16, 2018 - 06:24 AM (IST)

ਰਿਸ਼ਤੇਦਾਰਾਂ ਨੇ ਝੋਨੇ ਦੀ ਫਸਲ ਨੂੰ ਬਰਬਾਦ ਕਰਨ ਦੇ ਲਾਏ ਦੋਸ਼

ਵੈਰੋਵਾਲ,  (ਗਿੱਲ)-  ਨੇਡ਼ਲੇ ਪਿੰਡ ਜਲਾਲਬਾਦ ਦੇ ਵਸਨੀਕ ਗੁਰਿੰਦਰਜੀਤ ਸਿੰਘ ਅਤੇ ਉਸਦੀ ਪਤਨੀ ਬੇਵੀ ਨੇ ਜੋ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾ ਰਹੀ ਹੈ, ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਸਕਾ ਤਾਇਆ ਗੁਲਜ਼ਾਰ ਸਿੰਘ, ਉਸਦੀ ਪਤਨੀ ਹਰਜਿੰਦਰ ਕੌਰ ਅਤੇ ਉਸਦਾ ਲਡ਼ਕਾ ਅਤੇ ਲਡ਼ਕੀਆਂ ਕੰਵਲਜੀਤ ਕੌਰ ਅਤੇ ਰਾਜਵਿੰਦਰ ਕੌਰ ਵੱਲੋਂ ਪਿੰਡ ਦੇ ਇਕ ਮੋਹਤਬਰ ਨਾਲ ਮਿਲ ਕੇ ਸਾਡੀ ਜ਼ਮੀਨ ਵਿਚ ਲੱਗੇ ਝੋਨੇ ਦੀ ਫਸਲ ਨੂੰ ਬਰਬਾਰ ਕੀਤਾ ਗਿਆ ਹੈ ਅਤੇ ਮੇਰੀ ਪਤਨੀ ਜੋ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਉਸਦੀ ਬਾਂਹ ਉਪਰ ਦਾਤ ਨਾਲ ਵਾਰ ਕੀਤਾ ਗਿਆ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਈ ਜੋ ਇਸ ਵੇਲੇ ਹਸਪਤਾਲ ਵਿਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਜੋ 31 ਕਨਾਲਾਂ 4 ਮਰਲੇ ਹੈ ਸਾਡੇ ਪਿਤਾ ਅਵਤਾਰ ਸਿੰਘ ਵੱਲੋਂ ਖਰੀਦੀ ਗਈ ਸੀ ਨਾ ਕਿ ਸਾਡੀ ਕੋਈ ਜੱਦੀ ਜਾਇਦਾਦ ਸੀ ਪਰ ਮੇਰੇ ਤਾਏ ਗੁਲਜ਼ਾਰ ਸਿੰਘ ਵੱਲੋਂ ਇਹ ਕਹਿ  ਕੇ ਇਸ ’ਤੇ ਹੱਕ ਜਤਾਇਆ ਜਾ ਰਿਹਾ ਹੈ ਕਿ ਇਸ ਵਿਚ ਅੱਧਾ ਹਿੱਸਾ ਮੇਰਾ ਹੈ ਜਦੋਂਕਿ ਇਸ ਜ਼ਮੀਨ ਦੀ ਕਰਮ ਮੇਰੇ ਪਿਤਾ ਵੱਲੋਂ ਅਤੇ ਉਨ੍ਹਾਂ ਦੇ ਗਾਇਬ ਹੋਣ ਤੋਂ ਉਪਰੰਤ ਮੇਰੇ ਮਾਂ ਵੱਲੋਂ ਦਿੱਤੀ ਗਈ ਸੀ। ਜਿਸ ਦੀਆਂ ਰਸੀਦਾਂ ਵੀ ਸਾਡੇ ਕੋਲ ਹਨ। ਇਸ ਜ਼ਮੀਨ ਦੀਆਂ ਗਿਰਦਾਵਰੀਆਂ ਵੀ ਮੇਰੇ ਅਤੇ ਮੇਰੇ ਭਰਾ ਸੁਖਜਿੰਦਰ ਸਿੰਘ ਨੇ ਨਾਂ ਹਨ। ਉਨ੍ਹਾਂ ਕਿਹਾ ਕਿ ਇਹ ਜ਼ਮੀਨ 1982 ਵਿਚ ਮੇਰੇ ਪਿਤਾ ਵੱਲੋਂ ਲਈ ਗਈ ਸੀ ਹੁਣ ਸਾਡੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦਾ ਅਦਾਲਤ ਵੱਲੋਂ ਸਟੇਟਸਕੋਅ ਵੀ ਮਿਲਿਆ ਹੋਇਆ ਹੈ ਪਰ ਸਾਡੇ ਤਾਏ ਵੱਲੋਂ ਫਿਰ ਵੀ ਸਾਡੀ ਜ਼ਮੀਨ ਵਿਚ ਲੱਗੇ ਝੋਨੇ ਦੀ ਫਸਲ ਨੂੰ ਆਪਣੇ ਸਾਰੇ ਪਰਿਵਾਰ ਨਾਲ ਮਿਲ ਕੇ ਬਰਬਾਦ ਕੀਤਾ ਗਿਆ ਹੈ। ਬਾਅਦ ਵਿਚ ਆਪਣੀ ਲਡ਼ਕੀ ਨੂੰ ਮੋਹਰਾ ਬਣਾ ਕੇ ਸਾਡੇ ’ਤੇ ਝੂਠਾ ਛੇਡ਼ਛਾਡ਼ ਦਾ  ਦੋਸ਼ ਲਾ ਰਿਹਾ ਹੈ ਜਦੋਂਕਿ ਸਾਡੇ ਕੋਲ ਜ਼ਮੀਨ ਵਿਚੋਂ ਝੋਨੇ ਦੀ ਫਸਲ ਬਰਬਾਦ ਕਰਨ ਅਤੇ  ਇਕ ਲਡ਼ਕੀ ਵੱਲੋਂ ਖੁਦ ਆਪਣੇ ਕੱਪਡ਼ੇ ਪਾਡ਼ਨ ਵਾਲੀ ਵੀਡੀਓ ਵੀ ਮੌਜੂਦ ਹੈ। ਇਸ ਮੌਕੇ ਪੀਡ਼ਤ ਪਰਿਵਾਰ ਨੇ ਮੰਗ ਕੀਤੀ ਕਿ ਸਾਡੇ ਵੱਲੋਂ ਜੋ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਉਸ ਉਪਰ ਕਾਰਵਾਈ ਕਰਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ। 
 ਇਸ ਸਬੰਧ ਵਿਚ ਜਦੋਂ ਦੂਜੀ ਧਿਰ ਨਾਲ ਫੋਨ ਉਪਰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇੇ ਹਿੱਸੇ ਦੀ ਜ਼ਮੀਨ ’ਤੇ ਇਨ੍ਹਾਂ ਵੱਲੋਂ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਅਤੇ ਇਨ੍ਹਾਂ ਨੇ ਸਾਡੇ ਨਾਲ ਧੱਕਾ-ਮੁੱਕੀ ਕਰਦਿਆਂ ਸਾਡੀ ਬੇਇਜ਼ਤੀ ਕੀਤੀ ਹੈ। ਜਿਸ ਦੇ ਸਬੂਤ ਸਾਡੇ ਕੋਲ ਹਨ। ਸਾਡੇ ਕੋਲ ਵੀ ਅਦਾਲਤੀ ਦਸਤਾਵੇਜ ਮੌਜੂਦ ਹਨ ਅਤੇ ਸਾਡੇ ਵੱਲੋਂ ਦਿੱਤੀ ਦਰਖਾਸਤ ਉਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਸਬੰਧ ਵਿਚ ਥਾਣਾ ਵੈਰੋਵਾਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਦਰਖਾਸਤਾਂ ਆਈਆਂ ਹਨ ਅਤੇ ਇਨ੍ਹਾਂ ਦੀ ਪਡ਼ਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।


Related News