ਜ਼ਿਲੇ ਦੇ ਸ਼ੈੱਲਰਾਂ ''ਚ ਨਿਯਮਾਂ ਤਹਿਤ ਝੋਨਾ ਲਾਇਆ ਜਾਵੇ : ਬਾਵਾ

Sunday, Nov 25, 2018 - 06:24 PM (IST)

ਜ਼ਿਲੇ ਦੇ ਸ਼ੈੱਲਰਾਂ ''ਚ ਨਿਯਮਾਂ ਤਹਿਤ ਝੋਨਾ ਲਾਇਆ ਜਾਵੇ : ਬਾਵਾ

ਬੁਢਲਾਡਾ (ਮਨਜੀਤ) : ਪੰਜਾਬ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੇ ਜਾ ਰਹੇ ਝੋਨੇ ਨੂੰ ਨਿਯਮਾਂ ਤਹਿਤ ਨੇੜਲੇ ਸ਼ੈੱਲਰਾਂ ਵਿਚ ਨਾ ਲਾਏ ਜਾਣ ਕਾਰਨ ਜਿੱਥੇ ਸ਼ੈੱਲਰ ਮਾਲਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਉੱਥੇ ਹੀ ਢੋਆ-ਢੋਆਈ ਦਾ ਵਾਧੂ ਭਾੜਾ ਸਰਕਾਰ ਦੇ ਖਜ਼ਾਨੇ 'ਤੇ ਬੋਝ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਅਤੇ ਜ਼ਿਲੇ ਦੇ ਰਾਈਸ ਮਿਲਰਜ ਦੇ ਮੈਂਬਰ  ਕੇ.ਸੀ ਬਾਵਾ ਬੱਛੋਆਣਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਿਯਮਾਂ ਤਹਿਤ ਨੇੜਲੇ ਸ਼ੈੱਲਰਾਂ ਸਮੇਤ ਮਾਨਸਾ ਜ਼ਿਲੇ ਦੇ ਸਮੂਹ ਸ਼ੈੱਲਰਾਂ ਵਿਚ 50% ਝੋਨਾ ਲਿਆਂਦਾ ਜਾਣਾ ਸੀ ਅਤੇ ਹੁਣ ਚੱਲ ਰਹੇ ਦੂਸਰੇ ਪੜਾਅ ਅਧੀਨ ਨਿਯਮਾਂ ਨੂੰ ਮੁੱਖ ਰੱਖਦਿਆਂ ਸ਼ੈੱਲਰਾਂ ਵਿਚ ਝੋਨੇ ਦੀ ਢੋਆ-ਢੋਆਈ ਰੇਸ਼ੋ ਮੁਤਾਬਕ ਕੀਤੀ ਜਾਵੇ ਤਾਂ ਕਿ ਖਜ਼ਾਨੇ ਅਤੇ ਢੋਆ-ਢੁਆਈ ਦਾ ਬੋਝ ਘੱਟ ਪਵੇ। ਨਾਲ ਹੀ ਜ਼ਿਲੇ ਦੇ ਸਮੁੱਚੇ ਸ਼ੈੱਲਰ ਮਾਲਕਾਂ ਨੂੰ ਬਣਦਾ ਹੱਕ ਮਿਲ ਸਕੇ। 
ਉਕਤ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਮੂਹ ਪੰਜਾਬ ਦੀਆਂ ਏਜੰਸੀਆਂ ਦੇ ਮੁੱਖੀਆਂ ਤੋਂ ਮੰਗ ਕੀਤੀ ਕਿ ਨਿਯਮਾਂ ਤਹਿਤ ਸਾਰੇ ਸ਼ੈੱਲਰਾਂ ਵਿਚ ਝੋਨਾ ਪੂਰਾ ਕੀਤਾ ਜਾਵੇ, ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਆਪਣੀਆਂ ਪੰਜਾਬ ਦੀਆਂ ਫਲਾਇੰਗ ਕਮੇਟੀਆਂ ਵੱਲੋਂ ਸ਼ੈੱਲਰਾਂ ਵਿਚ ਪਏ ਝੋਨੇ ਦੀ ਰੇਸ਼ੋ ਚੈੱਕ ਕੀਤੀ ਜਾਵੇ ਅਤੇ ਨਿਯਮਾਂ ਦੇ ਉਲਟ ਚੱਲਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੇ ਸਾਰੇ ਵਰਤਾਰੇ ਦੀ ਜਾਣਕਾਰੀ ਫੂਡ ਸਪਲਾਈ ਮੰਤਰੀ ਦੇ ਨੇੜਲੇ ਸਾਥੀ ਅਜੀਤਇੰਦਰ ਸਿੰਘ ਮੋਫਰ ਨੂੰ ਵੀ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨਾਲ ਲਖਵਿੰਦਰ ਸਿੰਘ, ਸੱਤਪਾਲ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।


Related News