ਪੀ. ਏ. ਪੀ. ਦਾ ਹੈੱਡ ਕਾਂਸਟੇਬਲ ਗਰਲਫ੍ਰੈਂਡ ਨਾਲ ਇਤਰਾਜ਼ਯੋਗ ਹਾਲਤ ''ਚ ਫੜਿਆ
Friday, Sep 01, 2017 - 07:10 AM (IST)

ਜਲੰਧਰ, (ਪ੍ਰੀਤ)— ਬਸਤੀ ਬਾਵਾ ਖੇਲ ਦੇ ਨਿਊ ਰਤਨ ਨਗਰ ਇਲਾਕੇ ਵਿਚ ਕਾਰ ਵਿਚ ਪੀ. ਏ. ਪੀ. ਦੇ ਹੈੱਡ ਕਾਂਸਟੇਬਲ ਤੇ ਉਸਦੀ ਗਰਲਫ੍ਰੈਂਡ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖ ਕੇ ਇਲਾਕਾ ਵਾਸੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਲਾਕਾ ਵਾਸੀਆਂ ਨੇ ਕਾਰ ਘੇਰ ਲਈ ਤੇ ਦੋਵਾਂ ਨੂੰ ਕਾਬੂ ਕਰ ਲਿਆ।
ਵਾਰ-ਵਾਰ ਸੂਚਨਾ ਦਿੱਤੇ ਜਾਣ ਦੇ ਕਾਫੀ ਦੇਰ ਬਾਅਦ ਮੌਕੇ 'ਤੇ ਪਹੁੰਚੀ ਬਸਤੀ ਬਾਵਾ ਖੇਲ ਦੀ ਪੁਲਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ। ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਨਰੇਸ਼ ਜੋਸ਼ੀ ਦਾ ਕਹਿਣਾ ਹੈ ਕਿ ਵੈਰੀਫਾਈ ਕਰਨ ਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਿਕ ਅੱਜ ਰਾਤ ਕਰੀਬ 9.30 ਵਜੇ ਨਿਊ ਰਤਨ ਨਗਰ ਇਲਾਕੇ ਵਿਚ ਖੜ੍ਹੀ ਆਲਟੋ ਕਾਰ ਵਿਚ ਇਕ ਵਿਅਕਤੀ ਤੇ ਇਲਾਕੇ ਦੀ ਔਰਤ ਨੂੰ ਇਤਰਾਜ਼ਯੋਗ ਹਾਲਤ ਵਿਚ ਲੋਕਾਂ ਨੇ ਦੇਖਿਆ। ਪਹਿਲਾਂ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਇਲਾਕਾ ਵਾਸੀ ਇਕੱਠੇ ਹੋ ਗਏ ਤੇ ਕਾਰ ਨੂੰ ਘੇਰ ਕੇ ਹੰਗਾਮਾ ਕੀਤਾ। ਸੂਚਨਾ ਦਿੱਤੇ ਜਾਣ ਦੇ ਕਾਫੀ ਦੇਰ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਕਾਰ ਵਿਚ ਸਵਾਰ ਵਿਅਕਤੀ ਤੇ ਉਸਦੀ ਗਰਲਫ੍ਰੈਂਡ ਨੂੰ ਹਿਰਾਸਤ ਵਿਚ ਲੈ ਲਿਆ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਕਾਰ ਵਿਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨ ਪੀ. ਏ. ਪੀ. ਦਾ ਕਰਮਚਾਰੀ ਹੈ ਅਤੇ ਰਾਜ ਨਗਰ ਇਲਾਕੇ ਵਿਚ ਰਹਿੰਦਾ ਹੈ, ਜਦਕਿ ਉਸਦੀ ਗਰਲਫ੍ਰੈਂਡ ਨਿਊ ਰਤਨ ਨਗਰ ਦੀ ਹੀ ਹੈ। ਲੋਕਾਂ ਨੇ ਦੋਵਾਂ 'ਤੇ ਗੰਭੀਰ ਦੋਸ਼ ਲਗਾਏ ਕਿ ਜਦੋਂ ਕਾਰ ਨੂੰ ਘੇਰਿਆ ਗਿਆ ਤਾਂ ਕਰਮਚਾਰੀ ਨੇ ਫੋਨ ਕਰ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਆਉਂਦਿਆਂ ਹੀ ਲੋਕਾਂ ਨਾਲ ਧੱਕਾ-ਮੁੱਕੀ ਕਰ ਕੇ ਦੋਵਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ। ਕਰੀਬ ਦੋ ਘੰਟੇ ਤੱਕ ਜ਼ਬਰਦਸਤ ਹੰਗਾਮਾ ਹੋਇਆ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇੰਸ. ਨਰੇਸ਼ ਜੋਸ਼ੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।