ਆਕਸੀਜਨ ਪਲਾਂਟ ਲਾਉਣ ’ਤੇ ਨਿੱਜੀ ਹਸਪਤਾਲਾਂ ਨੇ ਮੰਗਿਆ 15 ਦਿਨ ਦਾ ਸਮਾਂ

Saturday, Sep 11, 2021 - 10:48 AM (IST)

ਆਕਸੀਜਨ ਪਲਾਂਟ ਲਾਉਣ ’ਤੇ ਨਿੱਜੀ ਹਸਪਤਾਲਾਂ ਨੇ ਮੰਗਿਆ 15 ਦਿਨ ਦਾ ਸਮਾਂ

ਚੰਡੀਗੜ੍ਹ (ਰਜਿੰਦਰ) : ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਵਿਚ ਆਕਸੀਜਨ ਦੀ ਕਮੀ ਨਾ ਹੋਵੇ, ਇਸ ਲਈ ਯੂ. ਟੀ. ਪ੍ਰਸ਼ਾਸਨ ਸਾਰੇ ਨਿੱਜੀ ਹਸਪਤਾਲਾਂ ਵਿਚ ਪਲਾਂਟ ਲਵਾਉਣਾ ਚਾਹੁੰਦਾ ਹੈ, ਜਿਸ ਲਈ ਸ਼ੁੱਕਰਵਾਰ ਪ੍ਰਸ਼ਾਸਨ ਨੇ ਨਿੱਜੀ ਹਸਪਤਾਲਾਂ ਨਾਲ ਮੀਟਿੰਗ ਵੀ ਕੀਤੀ। ਇਸ ਵਿਚ ਆਕਸੀਜਨ ਪਲਾਂਟ ਦੀ ਤਕਨੀਕ ਸਬੰਧੀ ਉਨ੍ਹਾਂ ਨੂੰ ਪ੍ਰੈਜੈਂਟੇਸ਼ਨ ਦਿੱਤੀ ਗਈ। ਮੀਟਿੰਗ ਤੋਂ ਬਾਅਦ ਹੀ ਸਾਰੇ ਹਸਪਤਾਲਾਂ ਦੇ ਅਹੁਦੇਦਾਰਾਂ ਨੇ ਉਨ੍ਹਾਂ ਤੋਂ ਸੋਚਣ ਲਈ 15 ਦਿਨ ਦਾ ਸਮਾਂ ਮੰਗਿਆ ਹੈ। ਸੈਕਟਰੀ ਹੈਲਥ ਦੀ ਪ੍ਰਧਾਨਗੀ ਵਿਚ ਇਹ ਮੀਟਿੰਗ ਹੋਈ।
ਆਕਸੀਜਨ ਤਕਨਾਲੋਜੀ ਸਬੰਧੀ ਪ੍ਰੈਜੈਂਟੇਸ਼ਨ ਦਿੱਤੀ
ਜੀ. ਐੱਮ. ਐੱਸ. ਐੱਚ.-16 ਦੇ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ ਨੇ ਇਸ ਦੌਰਾਨ ਸਾਰੇ ਹਸਪਤਾਲਾਂ ਨੂੰ ਆਕਸੀਜਨ ਪਲਾਂਟ ਦੀ ਪੀ. ਐੱਸ. ਏ. ਆਕਸੀਜਨ ਤਕਨਾਲੋਜੀ ਸਬੰਧੀ ਪ੍ਰੈਜੈਂਟੇਸ਼ਨ ਦਿੱਤੀ। ਇਸ ਤੋਂ ਇਲਾਵਾ ਪਲਾਂਟ ਲਾਉਣ ਦੀ ਲਾਗਤ ਸਬੰਧੀ ਵੀ ਦੱਸਿਆ ਗਿਆ।
ਹੁੰਗਾਰਾ ਚੰਗਾ, ਅਗਲੇ ਮਹੀਨੇ ਫਿਰ ਮੀਟਿੰਗ
ਪ੍ਰਸ਼ਾਸਨ ਅਨੁਸਾਰ ਨਿੱਜੀ ਹਸਪਤਾਲਾਂ ਦਾ ਚੰਗਾ ਹੁੰਗਾਰਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਜਾਣਕਾਰੀ ਵੀ ਮੰਗੀ ਹੈ ਕਿ ਕਿਹੜੇ ਇਲਾਕੇ ਵਿਚ ਇਨ੍ਹਾਂ ਪਲਾਂਟਾਂ ਨੂੰ ਲਾਇਆ ਜਾ ਸਕਦਾ ਹੈ। ਹੁਣ ਅਗਲੇ ਮਹੀਨੇ ਦੁਬਾਰਾ ਹਸਪਤਾਲਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਕਸੀਜਨ ਪਲਾਂਟ ਲਾਉਣ ਸਬੰਧੀ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਗਿਆਨ ਹਸਪਤਾਲ, ਈਡਨ ਕ੍ਰਿਟੀਕਲ ਕੇਅਰ ਹਸਪਤਾਲ, ਹੈਪੀ ਫੈਮਿਲੀ ਹਸਪਤਾਲ, ਹੀਲਿੰਗ ਹਸਪਤਾਲ, ਕਪੂਰ ਕਿਡਨੀ ਐਂਡ ਯੂਰੋਸਟੋਨ ਸੈਂਟਰ, ਲੈਂਡਮਾਰਕ ਹਸਪਤਾਲ, ਤਾਜ ਹਸਪਤਾਲ, ਸ਼੍ਰੀ ਧਨਵੰਤਰੀ ਹਸਪਤਾਲ, ਕਿਡਸ ਕਲੀਨਿਕ, ਹੋਮੀਓਪੈਥਿਕ ਮੈਡੀਕਲ ਕਾਲਜ 26, ਏ. ਆਰ. ਵੀ. ਆਰਥੋਪੈਡਿਕਸ ਹਸਪਤਾਲ, ਇੰਦਰਾ ਆਈ. ਵੀ. ਐੱਫ. ਹਸਪਤਾਲ ਪ੍ਰਾਈਵੇਟ ਲਿਮਿਟਡ ਅਤੇ ਚੰਡੀਗੜ੍ਹ ਸਿਟੀ ਹਸਪਤਾਲ ਦੇ ਅਹੁਦੇਦਾਰ ਸ਼ਾਮਲ ਸਨ।       
 


author

Babita

Content Editor

Related News