ਮੌਤ ਦਾ ਸੌਦਾਗਰ ਬਣ ਸੜਕਾਂ ''ਤੇ ਘੁੰਮਦੇ ਨੇ ਸਰੀਏ ਨਾਲ ਭਰੇ ਓਵਰਲੋਡਿਡ ਟਰੱਕ

Wednesday, Dec 20, 2017 - 03:06 PM (IST)

ਮੌਤ ਦਾ ਸੌਦਾਗਰ ਬਣ ਸੜਕਾਂ ''ਤੇ ਘੁੰਮਦੇ ਨੇ ਸਰੀਏ ਨਾਲ ਭਰੇ ਓਵਰਲੋਡਿਡ ਟਰੱਕ

ਸੁਲਤਾਨਪੁਰ ਲੋਧੀ (ਧੀਰ)— ਪ੍ਰਮੁੱਖ ਹਾਈਵੇਅ ਅਤੇ ਲਿੰਕ ਸੜਕਾਂ 'ਤੇ ਸਰੀਏ ਨਾਲ ਭਰੇ ਅਤੇ ਓਵਰਲੋਡਿਡ  ਮੌਤ ਦਾ ਸੌਦਾਗਰ ਬਣੇ ਟਰੱਕਾਂ ਅਤੇ ਟਰਾਲਿਆਂ ਨੇ ਜਿੱਥੇ ਅੱਜ ਤਕ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ, ਉਥੇ ਹੀ ਇਨ੍ਹਾਂ ਨੇ ਕਈ ਲੋਕਾਂ ਨੂੰ ਅਪਾਹਿਜ ਵੀ ਬਣਾ ਦਿੱਤਾ ਹੈ। ਇਸ ਪਾਸੇ ਨਾ ਤਾਂ ਪ੍ਰਸ਼ਾਸਨ, ਨਾ ਹੀ ਟ੍ਰੈਫਿਕ ਪੁਲਸ ਅਤੇ ਨਾ ਹੀ ਸਬੰਧਤ ਵਿਭਾਗ ਵੱਲੋਂ ਧਿਆਨ ਦੇਣ ਤੇ ਇਨ੍ਹਾਂ ਵੱਲੋਂ ਮੌਤ ਦਾ ਖੂਨੀ ਖੇਡ ਲਗਾਤਾਰ ਜਾਰੀ ਹੈ। ਅਜਿਹੇ ਓਵਰਲੋਡਿਡ ਵਾਹਨਾਂ ਕਾਰਨ ਅੱਜ ਤਕ ਕਈ ਲੋਕ ਕੋਮਾ 'ਚ ਪਏ ਹੋਏ ਹਨ, ਜਿਨ੍ਹਾਂ ਦਾ ਇਲਾਜ ਕਰਵਾਉਂਦੇ ਉਨ੍ਹਾਂ ਦੇ ਪਰਿਵਾਰਾਂ ਦਾ ਸਭ ਕੁਝ ਵਿਕ ਗਿਆ ਹੈ। 
ਟਰੱਕ ਅਤੇ ਟਰਾਲਿਆਂ ਦੇ ਪਿੱਛੇ ਵਾਲੀਆਂ ਲਾਈਟਾਂ ਹੁੰਦੀਆਂ ਹਨ ਬੰਦ
ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਸਰੀਏ ਨਾਲ ਭਰੇ ਲੰਬੇ ਟਰੱਕ, ਟਰਾਲੇ ਦੇ ਪਿੱਛੇ ਸਰੀਏ ਦੀਆਂ ਲਰਾਂ ਬਾਹਰ ਵੱਲ ਵਧੀਆਂ ਹੁੰਦੀਆਂ ਹਨ। ਸ਼ਹਿਰ ਦੇ ਮੁੱਖ ਹਾਈਵੇਅ ਤੋਂ ਮੁੜਨ ਸਮੇਂ ਇਨ੍ਹਾਂ ਨੂੰ ਆਪਣੇ ਪਿੱਛੇ ਚਲ ਰਹੇ ਵਾਹਨ ਦਾ ਪਤਾ ਹੀ ਨਹੀਂ ਹੁੰਦਾ ਅਤੇ ਕਈ ਵਾਰ ਤਾਂ ਪਿੱਛੇ ਦੀਆਂ ਲਾਈਟਾਂ ਵੀ ਬੰਦ ਹੁੰਦੀਆਂ ਹਨ। ਰਾਤ ਦੇ ਸਮੇਂ ਵਾਹਨ ਚਲਾਉਣ ਵਾਲੇ ਕਾਰ ਅਤੇ ਹੋਰ ਵਾਹਨ ਚਾਲਕਾਂ ਨੂੰ ਇਹ ਪਤਾ ਨਹੀਂ ਚਲਦਾ ਕਿ ਅੱਗੇ ਜਾ ਰਹੇ ਟਰੱਕ 'ਚ ਸਰੀਆ ਲੱਦਿਆ ਹੋਇਆ ਹੈ ਤੇ ਦੇਖਦੇ ਹੀ ਦੇਖਦੇ ਉਹ ਸਰੀਆ ਪਿੱਛੇ ਆ ਰਹੀ ਕਾਰ ਤੇ ਹੋਰ ਵਾਹਨਾਂ 'ਚ ਧੱਸ ਜਾਂਦਾ ਹੈ, ਜਿਸ ਨਾਲ ਕਈ ਜਾਨਾਂ ਚਲੀਆਂ ਜਾਂਦੀਆਂ ਹਨ।
ਢਾਬਿਆਂ 'ਤੇ ਲੰਬੀਆਂ ਕਤਾਰਾਂ 'ਚ ਖੜ੍ਹੇ ਹੁੰਦੇ ਹਨ ਅਜਿਹੇ ਵਾਹਨ 
ਪ੍ਰਮੁੱਖ ਹਾਈਵੇਅ ਸੜਕਾਂ 'ਤੇ ਬਣੇ ਹੋਏ ਢਾਬਿਆਂ ਦੇ ਉਪਰ ਸੜਕ ਦੇ ਦੋਵੇਂ ਕਿਨਾਰਿਆਂ 'ਤੇ ਵੱਡੀ ਗਿਣਤੀ 'ਚ ਇਹ ਟਰੱਕ ਤੇ ਟਰਾਲੇ ਖੜ੍ਹੇ ਹੁੰਦੇ ਹਨ ਅਤੇ ਇਨ੍ਹਾਂ ਦੇ ਡਰਾਈਵਰ ਟਰੱਕ ਨੂੰ ਸੜਕ ਦੇ ਕਿਨਾਰੇ ਖੜ੍ਹੇ ਕਰਕੇ ਆਪ ਰੋਟੀ ਖਾਣ ਨੂੰ ਚਲੇ ਜਾਂਦੇ ਹਨ। ਇਹ ਕੰਮ ਡਰਾਈਵਰ ਜ਼ਿਆਦਾਤਰ ਰਾਤ ਦੇ ਸਮੇਂ ਕਰਦੇ ਹਨ ਤੇ ਇਨ੍ਹਾਂ ਵੱਲੋਂ ਵਰਤੀ ਜਾਂਦੀ ਲਾਪਰਵਾਹੀ ਵਿਅਕਤੀ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। 
ਧੁੰਦ ਦੇ ਸਮੇਂ ਹਾਦਸਿਆਂ ਦਾ ਸਬੱਬ ਬਣਦੇ ਹਨ ਅਜਿਹੇ ਵਾਹਨ 
ਸਰਦੀ ਦੇ ਮੌਸਮ 'ਚ ਸਵੇਰੇ ਅਤੇ ਰਾਤ ਸਮੇਂ ਪੈਣ ਵਾਲੀ ਸੰਘਣੀ ਧੁੰਦ ਅਜਿਹੇ ਵਾਹਨਾਂ ਦੇ ਹਾਦਸਿਆਂ ਦਾ ਸਬੱਬ ਬਣਦੀ ਹੈ। ਇੰਨਾ ਹੀ ਨਹੀਂ ਇਨ੍ਹਾਂ ਸਰੀਆ ਲੱਦੇ ਟਰੱਕਾਂ ਤੇ ਟਰਾਲਿਆਂ ਸਣੇ ਕਈ ਟਰੱਕਾਂ 'ਤੇ ਰਿਫਲੈਕਟਰ ਨਾ ਹੋਣ ਕਾਰਨ ਧੁੰਦ 'ਚ ਪਿੱਛੇ ਤੋਂ ਆ ਰਹੇ ਵਾਹਨਾਂ ਨੂੰ ਇਨ੍ਹਾਂ ਦੇ ਚੱਲਣ ਤੇ ਖੜ੍ਹੇ ਹੋਣ ਦਾ ਪਤਾ ਹੀ ਨਹੀਂ ਚਲਦਾ, ਜਿਸ ਦਾ ਨਤੀਜਾ ਸੜਕ ਹਾਦਸਿਆਂ ਦੇ ਰੂਪ 'ਚ ਸਾਹਮਣੇ ਆਉਂਦਾ ਹੈ।


Related News