ਖੇਡਾਂ ਨੂੰ ਪਹਿਲ ਦੇਣ ਵਾਲੀਆਂ ਪੰਚਾਇਤਾਂ ਨੂੰ ਦਿਆਂਗੇ ਹੋਰ ਸਹੂਲਤਾਂ : ਅਪਨੀਤ ਰਿਆਤ
Monday, Nov 18, 2019 - 09:23 PM (IST)
![ਖੇਡਾਂ ਨੂੰ ਪਹਿਲ ਦੇਣ ਵਾਲੀਆਂ ਪੰਚਾਇਤਾਂ ਨੂੰ ਦਿਆਂਗੇ ਹੋਰ ਸਹੂਲਤਾਂ : ਅਪਨੀਤ ਰਿਆਤ](https://static.jagbani.com/multimedia/2019_11image_21_23_168660432img-20191019-wa0040.jp.jpg)
ਮਾਨਸਾ, (ਸੰਦੀਪ ਮਿੱਤਲ)- ਪੰਜਾਬ ਸਰਕਾਰ ਦੇ ਖੇਡ ਮੰਤਰਾਲੇ ਨੇ ਜ਼ਿਲਾ ਪ੍ਰੀਸ਼ਦ ਨੂੰ ਖੇਡਾਂ ਨੂੰ ਪਿੰਡ ਪੱਧਰ ਤੋਂ ਲੈ ਕੇ ਸ਼ਹਿਰਾਂ ਤੱਕ ਪ੍ਰਫੁਲਿੱਤ ਕਰਨ ਲਈ ਸਮੁੱਚੇ ਪਿੰਡਾਂ ਅੰਦਰ ਖੇਡ ਮੈਦਾਨ ਬਣਾਉਣ ਵਾਸਤੇ ਹੱਲਾਸ਼ੇਰੀ ਦਿੱਤੀ ਗਈ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਹਰ ਪਿੰਡ 'ਚ ਖੇਡ ਮੈਦਾਨ ਬਣਾਉਣ ਲਈ 5 ਏਕੜ ਜਮੀਨ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਜਿਥੇ ਖੇਡ ਵਿਭਾਗ ਵੱਲੋਂ ਅਵੱਲ ਦਰਜੇ ਦਾ ਖੇਡ ਮੈਦਾਨ ਉਸਾਰਿਆ ਜਾਵੇਗਾ। ਇਨ੍ਹਾਂ ਖੇਡ ਮੈਦਾਨਾਂ ਤੋਂ ਨੌਜਵਾਨ ਮੁੰਡੇ-ਕੁੜੀਆਂ ਨੂੰ ਕੌਮਾਂਤਰੀ ਪੱਧਰ ਤੇ ਆਪਣੀ ਖੇਡਾਂ ਨੂੰ ਲਿਜਾਣ ਲਈ ਵਿਸ਼ੇਸ਼ ਉਦਮ ਕੀਤੇ ਜਾ ਸਕਣ।
ਖੇਡਾਂ ਸਾਡੀ ਜਿੰਦਗੀ ਦਾ ਅਤੁੱਟ ਅੰਗ : ਸੰਜੇ ਕੁਮਾਰ
ਖੇਡ ਵਿਭਾਗ ਪੰਜਾਬ ਦੇ ਆਡੀਸ਼ਨਲ ਚੀਫ ਸੈਕਟਰੀ ਸੰਜੇ ਕੁਮਾਰ ਨੇ ਕਿਹਾ ਕਿ ਖੇਡਾਂ ਸਾਡੀ ਜਿੰਦਗੀ ਦਾ ਅਤੁੱਟ ਅੰਗ ਹਨ। ਇਹ ਸਾਡੇ ਲਈ ਇਹ ਵੀ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਅੰਦਰ ਵੱਖ-ਵੱਖ ਖੇਡ ਪ੍ਰਤਿਭਾ ਰੱਖਦੇ ਹਨ ਪਰ ਅਜਿਹੇ ਖਿਡਾਰੀਆਂ ਨੂੰ ਤਰਾਸਣ ਅਤੇ ਪਰਖਣ ਦੀ ਲੋੜ ਹੁੰਦੀ ਹੈ ਤਾਂ ਜੋ ਕਿ ਉਹ ਖੇਡ ਜਗਤ ਦੇ ਵੱਡੇ ਸਿਤਾਰੇ ਬਣ ਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਜੇਕਰ ਪਿੰਡ ਪੱਧਰ ਤੇ ਖੇਡ ਵਿਭਾਗ ਨੂੰ 5 ਏਕੜ ਜਮੀਨ ਮੁਹੱਈਆ ਕਰਵਾਵੇ ਤਾਂ ਸਰਕਾਰ ਵੱਲੋਂ ਖੇਡ ਮੈਦਾਨ ਬਣਾਉਣ ਲਈ ਕੋਈ ਦੇਰੀ ਨਹੀਂ ਹੋਵੇਗੀ।
ਖੇਡਾਂ ਨੂੰ ਮਹੱਤਵ ਦੇਣਾ ਬੜੇ ਮਾਣ ਵਾਲੀ ਗੱਲ : ਮੋਫਰ
ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਮਹੱਤਵ ਸਥਾਨ ਦੇਣ ਲਈ ਜੋ ਉਪਰਾਲੇ ਵਿੱਢੇ ਗਏ ਹਨ। ਉਹ ਪੰਜਾਬ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿਉੇਂਕਿ ਖੇਡਾਂ ਵਿੱਚੋਂ ਹੀ ਸਾਡੀ ਤੰਦਰੁਸਤੀ, ਭਵਿੱਖ ਅਤੇ ਚੰਗੇ ਖਿਡਾਰੀ ਬਣਨ ਦਾ ਮੌਕਾ ਨਿਕਲਦਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜਿਹੜੀਆਂ ਪੰਚਾਇਤਾਂ ਪਿੰਡ ਪੱਧਰ ਤੇ ਨਸ਼ੇ ਦੇ ਖਾਤਮੇ ਲਈ ਪਹਿਲ ਕਦਮੀ ਕਰਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਗੇ। ਉਸ ਪਿੰਡ ਨੂੰ ਖੇਡ ਮੈਦਾਨ ਦੇਣ ਤੋਂ ਇਲਾਵਾ ਹੋਰ ਸਹੂਲਤਾਂ ਵੀ ਪਹਿਲੇ ਦਰਜੇ ਵਿੱਚ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਉਨ੍ਹਾਂ ਨੂੰ ਜਿਹੜੀ ਪੇਸ਼ਕਸ਼ ਕੀਤੀ ਗਈ ਹੈ। ਉਸ ਤੇ ਫੁੱਲ ਚੜਾਉੇਂਦਿਆਂ ਉਹ ਹਰ ਪਿੰਡ ਵਿੱਚ ਨੌਜਵਾਨ ਮੁੰਡੇ-ਕੁੜੀਆਂ ਲਈ ਖੇਡ ਮੈਦਾਨ ਉਸਾਰਨ ਦਾ ਯਤਨ ਕਰਨਗੇ।
ਖੇਡਾਂ ਨੂੰ ਪਹਿਲ ਦੇਣ ਵਾਲੀਆਂ ਪੰਚਾਇਤਾਂ ਨੂੰ ਹੋਰ ਸਹੂਲਤਾਂ ਦਿਆਂਗੇ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਖੇਡਾਂ ਨੂੰ ਪਹਿਲ ਦੇਣ ਵਾਲੀਆਂ ਪੰਚਾਇਤਾਂ ਨੂੰ ਗਾਂ੍ਰਟਾ ਅਤੇ ਹੋਰ ਸਹੂਲਤਾਂ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਪੰਜਾਬ ਸਰਕਾਰ ਦੀ ਇਹ ਯੋਜਨਾ ਹੋਵੇਗੀ ਕਿ ਜਿਹੜੀਆਂ ਪੰਚਾਇਤਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਗੀਆਂ। ਉਨ੍ਹਾਂ ਪੰਚਾਇਤਾਂ ਨੂੰ ਪਿੰਡ ਪੱਧਰ ਤੇ ਵਧੀਆ ਅਤੇ ਲੰਮੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਪਿੰਡ ਦੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਇਸ ਨਾਲ ਹੋਰ ਤੰਦਰੁਸਤ ਅਤੇ ਨਰੋਏ ਪੰਜਾਬ ਦੀ ਸਿਰਜਣਾ ਹੋਵੇਗੀ। ਇਸ ਦੇ ਨਾਲ ਨੋਜਵਾਨ ਦੇ ਵਧੀਆਂ ਨਾਗਰਿਕ ਬਣ ਕੇ ਦੇਸ਼ ਦਾ ਨਾਂਅ ਰੋਸ਼ਨ ਕਰਨਗੇ।
ਖਿਡਾਰੀ ਅੱਗੇ ਜਾ ਕੇ ਵੱਡੇ ਖੇਡ ਮੈਦਾਨਾਂ 'ਚ ਦੇਖਣ ਦੀ ਖੁਸ਼ੀ ਮਿਲੇਗੀ : ਭੁਪਾਲ
ਯੂਥ ਕਾਂਗਰਸੀ ਆਗੂ ਚੁਸ਼ਪਿੰਦਰਵੀਰ ਸਿੰਘ ਭੁਪਾਲ ਨੇ ਕਿਹਾ ਕਿ ਖੇਡਾਂ ਪ੍ਰਤੀ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਬੂਰ ਪਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਨੇ ਮਾਨਸਾ ਅੰਦਰ ਜੋ ਰੰਗ ਬੰਨ੍ਹਿਆਂ ਉਹੀ ਖਿਡਾਰੀ ਅੱਗੇ ਜਾ ਕੇ ਵੱਡੇ ਖੇਡ ਮੈਦਾਨਾਂ 'ਚ ਦੇਖਣ ਦੀ ਖੁਸ਼ੀ ਵੀ ਸਾਨੂੰ ਛੇਤੀ ਮਿਲੇਗੀ।