''ਹੜ੍ਹ ਪ੍ਰਭਾਵਿਤ ਇਲਾਕਿਆਂ ''ਚ ਮੈਡੀਕਲ ਸਹੂਲਤਾਂ ਦੇਣ ਲਈ 14 ਟੀਮਾਂ ਦਾ ਕੀਤਾ ਗਠਨ''

Wednesday, Jul 12, 2017 - 02:50 PM (IST)

ਤਰਨਤਾਰਨ - ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲੇ 'ਚ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। 
ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਲੱਡ ਸੀਜ਼ਨ 16 ਜੂਨ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 30 ਸਤਬੰਰ ਤੱਕ ਚਲੇਗਾ। ਫਲੱਡ ਸੀਜ਼ਨ ਦੌਰਾਨ ਸਮੂਹ ਅਧਿਕਾਰੀ ਜਿਨ੍ਹਾਂ ਦੀ ਡਿਊਟੀ ਫਲੱਡ 'ਚ ਲਾਈ ਗਈ ਹੈ, ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੋਈ ਵੀ ਅਧਿਕਾਰੀ ਅਤੇ ਸਬੰਧਿਤ ਕਰਮਚਾਰੀ ਆਪਣਾ ਮੋਬਾਇਲ ਬੰਦ ਨਹੀਂ ਰੱਖੇਗਾ। ਸਮੂਹ ਜ਼ਿਲਾ ਅਧਿਕਾਰੀ ਆਪਣੇ-ਆਪਣੇ ਜ਼ਿਲਾ ਹੈੱਡ ਕੁਆਰਟਰ 'ਤੇ ਹਾਜ਼ਰ ਰਹਿਣਗੇ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੈਡੀਕਲ ਸਹੂਲਤਾਂ ਲਈ ਸਬ ਡਵੀਜ਼ਨ ਪੱਧਰ 'ਤੇ 14 ਟੀਮਾਂ ਦਾ ਗਠਨ ਕੀਤਾ ਗਿਆ। ਇਸ ਤਂੋ ਇਲਾਵਾ ਹੜ੍ਹ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਵਿਚ ਜਾ ਕੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ ਅਤੇ ਆਮ ਜਨਤਾ ਨੂੰ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇਗਾ। ਪਸ਼ੂਆਂ ਲਈ ਵੱਖ-ਵੱਖ ਥਾਵਾਂ 'ਤੇ 18 ਵੈਟਰਨਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। 
ਡਿਪਟੀ ਕਮਿਸ਼ਨਰ ਨੇ ਐਕਸੀਅਨ ਡਰੇਨੇਜ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿਨ੍ਹਾਂ ਡਰੇਨਾਂ/ਨਾਲਿਆਂ ਅਤੇ ਧੁੱਸੀ ਬੰਨ੍ਹਾਂ ਦੀ ਮੁਰੰਮਤ ਅਤੇ ਸਫਾਈ ਦਾ ਕੰਮ ਹੋਣ ਵਾਲਾ ਹੈ, ਉਸ ਨੂੰ ਸਰਕਾਰ ਤੋਂ ਫੰਡ ਪ੍ਰਾਪਤ ਹੋਣ 'ਤੇ ਤੁਰੰਤ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਐਕਸੀਅਨ ਡਰੇਨੇਜ ਨੂੰ ਪਾਣੀ ਛੱਡਣ ਸਮੇਂ ਹਰ ਰਿਪੋਰਟ ਜ਼ਿਲਾ ਹੈੱਡ ਕੁਆਰਟਰ ਦੇ ਫਲੱਡ ਕੰਟਰੋਲ ਰੂਮ ਅਤੇ ਸਬੰਧਿਤ ਉਪ ਮੰਡਲ ਮੈਜਿਸਟ੍ਰੇਟ ਨੂੰ ਤੁਰੰਤ ਦੱਸਣ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਰਿਸ਼ੀ, ਜ਼ਿਲਾ ਮਾਲ ਅਫਸਰ ਅਰਵਿੰਦਰਪਾਲ ਸਿੰਘ, ਉਪ ਮੰਡਲ ਮੈਜਿਸਟ੍ਰੇਟ ਅਮਨਦੀਪ ਕੌਰ, ਉਪ ਮੰਡਲ ਮੈਜਿਸਟ੍ਰੇਟ ਪੱਟੀ ਸੁਰਿੰਦਰ ਸਿੰਘ, ਸਿਵਲ ਸਰਜਨ ਤੋਂ ਇਲਾਵਾ ਐਕਸੀਅਨ ਡਰੇਨੇਜ, ਮੁੱਖ ਖੇਤੀਬਾੜੀ ਅਫਸਰ, ਡਿਪਟੀ ਡਾਇਰੈਕਟਰ ਬਾਗਬਾਨੀ ਆਦਿ ਅਧਿਕਾਰੀਆਂ ਨੇ ਭਾਗ ਲਿਆ। 
 


Related News