ਜਗਮੇਲ ਕਤਲ ਕੇਸ : ਕੈ. ਅਮਰਿੰਦਰ ਵਲੋਂ 3 ਮਹੀਨਿਆਂ ''ਚ ਇਨਸਾਫ ਯਕੀਨੀ ਬਣਾਉਣ ਦੇ ਹੁਕਮ

Sunday, Nov 17, 2019 - 11:27 PM (IST)

ਜਗਮੇਲ ਕਤਲ ਕੇਸ : ਕੈ. ਅਮਰਿੰਦਰ ਵਲੋਂ 3 ਮਹੀਨਿਆਂ ''ਚ ਇਨਸਾਫ ਯਕੀਨੀ ਬਣਾਉਣ ਦੇ ਹੁਕਮ

ਚੰਡੀਗੜ੍ਹ,(ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਹੁਕਮ ਦਿੱਤੇ ਕਿ ਸੰਗਰੂਰ ਦੇ ਦਲਿਤ ਵਿਅਕਤੀ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਮਾਰਕੁਟ ਕਰਨ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਮਾਂਬੱਧ ਜਾਂਚ ਅਤੇ ਅਦਾਲਤੀ ਕਾਰਵਾਈ ਨੂੰ ਤੇਜ਼ੀ ਨਾਲ ਯਕੀਨੀ ਬਣਾਇਆ ਜਾਵੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਲਸ ਨੇ ਸਾਰੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਜੋ ਇਸ ਸਮੇਂ ਦੇਸ਼ ਤੋਂ ਬਾਹਰ ਹਨ, ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਪਾਸੋਂ ਕੇਸ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ ਅਤੇ ਜਗਮੇਲ ਸਿੰਘ ਦੀ ਮੰਦਭਾਗੀ ਮੌਤ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੋਵਾਂ ਸੀਨੀਅਰ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਇਸ ਘਿਨਾਉਣੇ ਜੁਰਮ ਦੇ ਦੋਸ਼ੀਆਂ ਨੂੰ ਤਿੰਨ ਮਹੀਨਿਆਂ 'ਚ ਮਿਸਾਲੀ ਤੇ ਸਖ਼ਤ ਸਜ਼ਾ ਦਿਵਾਉਣ ਨੂੰ ਯਕੀਨੀ ਬਣਾਉਣ 'ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਮ੍ਰਿਤਕ ਜਗਮੇਲ ਸਿੰਘ ਦੇ ਪਰਿਵਾਰ ਨੂੰ ਪ੍ਰਦਰਸ਼ਨ ਖਤਮ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਮੁੜ ਵਸੇਬੇ ਨੂੰ ਯਕੀਨੀ ਬਣਾਏਗੀ। ਉਨ੍ਹਾਂ ਨੇ ਸਮੂਹ ਰਾਜਨੀਤਿਕ ਲੀਡਰਾਂ ਨੂੰ ਵੀ ਇਸ ਮੁੱਦੇ ਨੂੰ ਸਿਆਸੀ ਰੰਗਤ ਨਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਨਵਤਾਵਾਦੀ ਮੁੱਦਾ ਅਤੇ ਗੰਭੀਰ ਅਪਰਾਧ ਹੈ ਜਿਸ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਸਿਆਸੀ ਪਾਰਟੀ ਜਾਂ ਲੀਡਰ ਨੂੰ ਇਸ ਦਰਦਨਾਕ ਘਟਨਾ ਤੋਂ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਲਿਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਉਨ੍ਹਾਂ ਵਿਰੁੱਧ ਅੱਤਿਆਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਮੁਲਜ਼ਮਾਂ ਵਿਰੁੱਧ ਲਹਿਰਾ ਪੁਲਸ ਥਾਣੇ 'ਚ ਆਈ.ਪੀ.ਸੀ. ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ। ਦੋਸ਼ੀਆਂ ਵਿਰੁੱਧ ਅਗਵਾ, ਗਲਤ ਢੰਗ ਨਾਲ ਹਿਰਾਸਤ 'ਚ ਰੱਖਣ ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕਣ) ਐਕਟ ਦੀਆਂ ਧਾਰਾਵਾਂ ਹੇਠ ਵੀ ਮਾਮਲਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਕੈ. ਅਮਰਿੰਦਰ ਸਿੰਘ ਨੇ ਮੁਲਜ਼ਮਾਂ ਵਲੋਂ ਜਗਮੇਲ ਸਿੰਘ 'ਤੇ ਤਸ਼ੱਦਦ ਢਾਹੁਣ ਅਤੇ ਗਲੀ 'ਚ ਸੁੱਟ ਦੇਣ ਦੀਆਂ ਰਿਪੋਰਟਾਂ ਸਬੰਧੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਵੱਖ-ਵੱਖ ਤਿੰਨ ਹਸਪਤਾਲਾਂ ਵਿਖੇ ਮੁਢਲੇ ਇਲਾਜ ਤੋਂ ਬਾਅਦ ਉਸ ਨੂੰ ਇਲਾਜ ਲਈ ਪੀ.ਜੀ.ਆਈ., ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਜਿੱਥੇ ਉਸ ਦੀਆਂ ਦੋਵਾਂ ਕੱਟ ਦਿੱਤੀਆਂ ਸਨ।


author

KamalJeet Singh

Content Editor

Related News