ਫਾਜ਼ਿਲਕਾ 'ਚ ਲੁਟੇਰਿਆਂ ਦਾ ਫ਼ਰਮਾਨ! ਰਾਤ ਨੂੰ ਘਰੋਂ ਨਹੀਂ ਨਿਕਲਦੇ ਲੋਕ, ਡਾਕਟਰ ਬੰਦ ਰੱਖਦੇ ਨੇ ਮੋਬਾਇਲ

Monday, Aug 05, 2024 - 04:31 PM (IST)

ਫਾਜ਼ਿਲਕਾ 'ਚ ਲੁਟੇਰਿਆਂ ਦਾ ਫ਼ਰਮਾਨ! ਰਾਤ ਨੂੰ ਘਰੋਂ ਨਹੀਂ ਨਿਕਲਦੇ ਲੋਕ, ਡਾਕਟਰ ਬੰਦ ਰੱਖਦੇ ਨੇ ਮੋਬਾਇਲ

ਫਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਮਾਮੂਖੇੜਾ 'ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਇੰਨਾ ਖੌਫ਼ ਪੈਦਾ ਹੋ ਗਿਆ ਹੈ ਕਿ ਪਿੰਡ ਦੇ ਲੋਕਾਂ ਨੇ ਹੁਣ ਰਾਤ ਵੇਲੇ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਪਿੰਡ ਦੇ ਡਾਕਟਰ ਵੀ ਹੁਣ ਆਪਣਾ ਮੋਬਾਇਲ ਬੰਦ ਕਰਕੇ ਸੌਂਦੇ ਹਨ ਤਾਂ ਜੋ ਰਾਤ ਵੇਲੇ ਕਿਸੇ ਨੂੰ ਦਵਾਈ ਦੇਣ ਨਾ ਜਾਣਾ ਪਵੇ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਲੁਟੇਰਿਆਂ ਨੇ ਫ਼ਰਮਾਨ ਜਾਰੀ ਕੀਤਾ ਹੈ ਕਿ ਉਨ੍ਹਾਂ ਦੇ ਹੱਥ ਆਏ ਵਿਅਕਤੀ ਦੀ ਜੇਬ 'ਚੋਂ ਜੇਕਰ ਇਕ ਹਜ਼ਾਰ ਤੋਂ ਘੱਟ ਰੁਪਏ ਨਿਕਲੇ ਤਾਂ ਲੁੱਟ ਕਰਨ ਦੇ ਨਾਲ-ਨਾਲ ਉਸ ਦੀ ਕੁੱਟਮਾਰ ਵੀ ਕੀਤੀ ਜਾਵੇਗੀ। ਪਿੰਡ ਦੇ ਆਰ. ਐੱਮ. ਪੀ. ਡਾ. ਓਮ ਪ੍ਰਕਾਸ਼ ਨੇ ਦੱਸਿਆ ਕਿ ਪਿੰਡ 'ਚ ਵਿਕ ਰਿਹਾ ਨਸ਼ਾ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਹੈ।

ਇਹ ਵੀ ਪੜ੍ਹੋ : ਗਰਮੀ ਤੇ ਹੁੰਮਸ ਦੌਰਾਨ ਪੰਜਾਬੀਆਂ ਲਈ ਚਿੰਤਾ ਭਰੀ ਖ਼ਬਰ, ਮਾਨਸੂਨ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ
ਉਨ੍ਹਾਂ ਨੇ ਦੱਸਿਆ ਕਿ ਰਾਤ ਵੇਲੇ ਲੁਟੇਰਿਆਂ ਨੇ ਇਕ-ਦੋ ਵਾਰ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਮੌਕੇ ਤੋਂ ਭੱਜ ਨਿਕਲੇ ਅਤੇ ਉਨ੍ਹਾਂ ਦਾ ਬਚਾਅ ਹੋ ਗਿਆ। ਇਸੇ ਕਾਰਨ ਹੁਣ ਰਾਤ ਨੂੰ ਉਹ ਆਪਣਾ ਮੋਬਾਇਲ ਬੰਦ ਰੱਖਦੇ ਹਨ। ਦੂਜੇ ਪਾਸੇ ਪਿੰਡ ਦੇ ਸਾਬਕਾ ਫ਼ੌਜੀ ਕੁਲਦੀਪ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਉਸ ਦੇ ਪੋਲਟਰੀ ਫਾਰਮ 'ਚੋਂ ਇਨਵਰਟਰ ਚੋਰੀ ਹੋਇਆ ਸੀ ਪਰ ਪੁਲਸ ਨੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ 5 ਲਿੰਕ ਰੋਡ ਲੱਗਦੇ ਹਨ ਅਤੇ ਹਰ ਮੋੜ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਿੰਡ ਦੇ ਕੁਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਪਹਿਲਾਂ ਪਿੰਡ ਦੇ ਸਕੂਲ 'ਚ ਚੋਰੀ ਹੋਈ। ਮੌਕੇ 'ਤੇ ਪੁਲਸ ਵੀ ਪੁੱਜੀ ਪਰ ਅੱਜ ਤੱਕ ਇਸ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦਾ ਇਹ ਟੋਲ ਪਲਾਜ਼ਾ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ 'ਚ ਸ਼ਾਮਲ

ਫਿਰ ਮੰਦਰ 'ਚ ਚੋਰੀ ਹੋਈ, ਭਾਂਡੇ ਚੋਰੀ ਹੋਏ, ਇੰਜਣ ਚੋਰੀ ਹੋ ਗਏ ਪਰ ਅੱਜ ਤੱਕ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ। ਇੱਥੋਂ ਤੱਕ ਕਿ ਟਰਾਂਸਫਾਰਮਰਾਂ ਦਾ 26 ਵਾਰ ਤੇਲ ਵੀ ਚੋਰੀ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦਾ ਇਕ ਕਿਸਾਨ ਆਪਣੀ ਜ਼ਮੀਨ 'ਤੇ ਗਿਆ ਤਾਂ ਰਾਹ 'ਚ ਲੁਟੇਰੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰ ਦੇ ਬਲ 'ਤੇ 800 ਰੁਪਏ ਦੀ ਨਕਦੀ, ਮੋਬਾਇਲ ਅਤੇ ਮੋਟਰਸਾਈਕਲ ਲੁੱਟ ਕੇ ਲੈ ਗਏ ਅਤੇ ਲੁਟੇਰਿਆਂ ਨੇ ਫ਼ਰਮਾਨ ਜਾਰੀ ਕੀਤਾ ਕਿ ਜੇਕਰ ਤੇਰੀ ਜੇਬ੍ਹ 'ਚ 1000 ਰੁਪਿਆ ਹੁੰਦਾ ਤਾਂ ਅਸੀਂ ਤੇਰੇ ਨਾਲ ਕੁੱਟਮਾਰ ਨਹੀਂ ਕਰਨੀ ਸੀ। ਹਾਲਾਤ ਇਹ ਹਨ ਕਿ ਘਰ ਚੋਂ ਗੈਸ ਸਿਲੰਡਰ, ਸੋਨਾ, ਨਕਦੀ, ਮੱਝਾਂ, ਬੱਕਰੀਆਂ ਤੱਕ ਚੋਰੀ ਹੋ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦਾ ਦੋਸ਼ ਹੈ ਕਿ ਪੁਲਸ ਦਾ ਖ਼ੌਫ਼ ਲੁਟੇਰਿਆਂ 'ਚ ਖ਼ਤਮ ਹੋ ਚੁੱਕਾ ਹੈ। ਇਸ ਸਬੰਧੀ ਫਾਜ਼ਿਲਕਾ ਦੇ ਡੀ. ਐੱਸ. ਪੀ. ਸ਼ੁਬੇਗ ਸਿੰਘ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਸ਼ਿਕਾਇਤ ਆਉਣ ਤੋਂ ਬਾਅਦ ਹੀ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News