ਐਂਬੂਲੈਂਸ ''ਚੋਂ ਅਫੀਮ ਬਰਾਮਦ: DIG ਰੋਪੜ ਸਿਹਤ ਵਿਭਾਗ ਤੇ ਸਿਵਲ ਅਧਿਕਾਰੀਆਂ ਕੋਲ ਉਠਾਉਣਗੇ ਮਾਮਲਾ
Sunday, Jul 24, 2022 - 09:07 PM (IST)
ਚੰਡੀਗੜ੍ਹ : ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਐਂਬੂਲੈਂਸ ਦੀ ਦੁਰਵਰਤੋਂ ਕਰਨ ਵਾਲੇ 3 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ (ਡੀ.ਆਈ.ਜੀ.) ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਸਿਵਲ, ਸਿਹਤ ਅਤੇ ਸਬੰਧਿਤ ਰੈਗੂਲੇਟਰੀ ਅਧਿਕਾਰੀਆਂ ਕੋਲ ਉਠਾਉਣਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਖਿਲਾਫ਼ ਚੱਲ ਰਹੀ ਜੰਗ ਦੌਰਾਨ ਮੋਹਾਲੀ ਪੁਲਸ ਨੇ ਐਤਵਾਰ ਨੂੰ ਪਿੰਡ ਦੱਪਰ ਨੇੜੇ ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਐਂਬੂਲੈਂਸ 'ਚ ਇਕ ਫਰਜ਼ੀ ਮਰੀਜ਼ ਦੇ ਸਿਰ ਥੱਲੇ ਰੱਖੇ ਸਿਰਹਾਣੇ ‘ਚ ਛੁਪਾ ਕੇ ਰੱਖੀ 8 ਕਿਲੋ ਅਫੀਮ ਬਰਾਮਦ ਕਰਕੇ ਅੰਤਰਰਾਜੀ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਵੀ ਸ਼੍ਰੀਵਾਸਤਵ (28) ਵਾਸੀ ਰਾਮਪੁਰ, (ਯੂ.ਪੀ.) ਜੋ ਮੌਜੂਦਾ ਸਮੇਂ ਚੰਡੀਗੜ੍ਹ ਸਥਿਤ ਰਾਮ ਦਰਬਾਰ ਵਿਖੇ ਰਹਿ ਰਿਹਾ ਹੈ, ਹਰਿੰਦਰ ਸ਼ਰਮਾ (47) ਵਾਸੀ ਪਿੰਡ ਨਵਾਂ ਗਾਓਂ, ਐੱਸ.ਏ.ਐੱਸ.ਨਗਰ ਤੇ ਅੰਕੁਸ਼ (27) ਵਾਸੀ ਪਿੰਡ ਖੁੱਡਾ ਅਲੀ ਸ਼ੇਰ ਚੰਡੀਗੜ੍ਹ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਫੌਜੀ ਮੱਲਕੇ ਦਾ ਸੋਨ ਤਮਗੇ ਨਾਲ ਸਨਮਾਨ
ਡੀ.ਆਈ.ਜੀ. ਨੇ ਕਿਹਾ ਕਿ ਪੰਜਾਬ ਪੁਲਸ ਨੂੰ ਸੂਬੇ 'ਚੋਂ ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਪੁੱਟਣ ਲਈ ਮੁੱਖ ਮੰਤਰੀ ਵੱਲੋਂ ਸਖਤ ਨਿਰਦੇਸ਼ ਦੇ ਚੱਲਦਿਆਂ ਮੋਹਾਲੀ ਪੁਲਸ ਨੇ ਇਕ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਐਮਰਜੈਂਸੀ ਸੇਵਾਵਾਂ ਦੀ ਦੁਰਵਰਤੋਂ ਕਰਕੇ ਖ਼ਤਰੇ ਦੀ ਘੰਟੀ ਖੜਕਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਮੁਲਜ਼ਮਾਂ ਨੇ ਸੈਕਿੰਡ ਹੈਂਡ ਐਂਬੂਲੈਂਸ ਖਰੀਦੀ ਅਤੇ ਨਸ਼ਿਆਂ ਦੀ ਤਸਕਰੀ ਲਈ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਇਹ ਘੱਟੋ-ਘੱਟ 10-12ਵੀਂ ਵਾਰ ਸੀ ਜਦੋਂ ਮੁਲਜ਼ਮਾਂ ਨੇ ਬਰੇਲੀ ਤੋਂ ਅਫੀਮ ਦੀ ਤਸਕਰੀ ਕਰਨ ਲਈ ਇਸ ਐਂਬੂਲੈਂਸ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : DIG ਇੰਟੈਲੀਜੈਂਸ ਪੰਜਾਬ ਤੇ SSP ਵੱਲੋਂ ਜ਼ਿਲ੍ਹੇ 'ਚ ਨਾਕਿਆਂ ਦੀ ਅਚਨਚੇਤ ਚੈਕਿੰਗ
ਸਾਰੇ ਸਬੰਧਿਤ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਤੋਂ ਇਲਾਵਾ ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਉਨ੍ਹਾਂ ਨੇ ਰੇਂਜ ਦੇ ਤਿੰਨੇ ਐੱਸ.ਐੱਸ.ਪੀਜ਼ ਨੂੰ ਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਸਾਰੇ ਹਸਪਤਾਲਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਅਤੇ ਉਨ੍ਹਾਂ ਨੂੰ ਸੌਂਪੀਆਂ ਐਂਬੂਲੈਂਸਾਂ ਦੀ ਸੂਚੀ ਪ੍ਰਾਪਤ ਕਰਨ ਲਈ ਵੀ ਕਿਹਾ ਹੈ ਤਾਂ ਜੋ ਪੁਲਸ ਅਪਰਾਧਿਕ ਗਤੀਵਿਧੀਆਂ ਲਈ ਐਮਰਜੈਂਸੀ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਸਕੇ ਤੇ ਅਸਲ ਮਰੀਜ਼ਾਂ ਨੂੰ ਸੁਰੱਖਿਅਤ ਸੁਵਿਧਾ ਮੁਹੱਈਆ ਕਰਾਉਣ ਲਈ ਰਾਹ ਪੱਧਰਾ ਕਰ ਸਕੇ। ਉਨ੍ਹਾਂ ਐਂਬੂਲੈਂਸ ਉੱਪਰ ਇਕ ਵਿਸ਼ੇਸ਼ ਬੀਕਨ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ, ਜੋ ਕਿ ਐਂਬੂਲੈਂਸ ਵਿੱਚ ਕਿਸੇ ਮਰੀਜ਼ ਦੀ ਮੌਜੂਦਗੀ ਅਤੇ ਗੈਰ-ਮੌਜੂਦਗੀ ਨੂੰ ਦਰਸਾਏਗਾ।
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਇਕ ਮਹੀਨੇ 'ਚ 90 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਕਾਬੂ : ਅਮਨ ਅਰੋੜਾ
ਨਸ਼ਿਆਂ ਦੀ ਬਰਾਮਦਗੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਨੇ ਦੱਸਿਆ ਕਿ ਉਨ੍ਹਾਂ ਦੀ ਰੇਂਜ ਤੋਂ 1 ਅਪ੍ਰੈਲ 2022 ਤੋਂ ਕੁਲ 2.41 ਕਿਲੋ ਹੈਰੋਇਨ, 20.42 ਕਿਲੋ ਅਫੀਮ, 2.10 ਕੁਇੰਟਲ ਭੁੱਕੀ, 200 ਗ੍ਰਾਮ ਚਰਸ, 7.29 ਕਿਲੋ ਗਾਂਜਾ, 40945 ਨਸ਼ੀਲੇ ਟੀਕੇ, 870590 ਨਸ਼ੀਲੀਆਂ ਗੋਲੀਆਂ ਤੋਂ ਇਲਾਵਾ 8.08 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕੁਲ 211 ਐੱਫ.ਆਈ.ਆਰ. ਦਰਜ ਕੀਤੀਆਂ ਹਨ, ਜਿਨ੍ਹਾਂ 'ਚੋਂ 14 ਵਪਾਰਕ ਮਾਮਲੇ ਹਨ ਅਤੇ 307 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ 11 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ 'ਚੋਂ ਨਸ਼ਾਖੋਰੀ ਦਾ ਸਫਾਇਆ ਨਹੀਂ ਹੋ ਜਾਂਦਾ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ