ਪੈਕੇਟਾਂ ’ਚ ਲੁਕਾ ਕੇ ਕੈਨੇਡਾ, ਅਮਰੀਕਾ ਭੇਜ ਰਹੇ ਸੀ ਅਫੀਮ, ਇੰਝ ਹੋਇਆ ਖੁਲਾਸਾ

08/12/2023 6:19:28 PM

ਲੁਧਿਆਣਾ (ਰਾਮ) : ਕੱਪੜਿਆਂ ’ਚ ਲੁਕਾ ਕੇ ਭਾਰੀ ਮਾਤਰਾ ’ਚ ਅਫੀਮ ਦੀ ਖੇਪ ਕੈਨੇਡਾ ਅਤੇ ਅਮਰੀਕਾ ਭੇਜਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ ਥਾਣਾ ਸਾਹਨੇਵਾਲ ਦੀ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਕੱਪੜਿਆਂ ’ਚ ਅਫੀਮ ਹੋਣ ਦਾ ਖੁਲਾਸਾ ਕੋਰੀਅਰ ਕੰਪਨੀ ਵੱਲੋਂ ਕੀਤੀ ਗਈ ਸਕੈਨਿੰਗ ਦੌਰਾਨ ਹੋਇਆ। ਜਿਸ ਬਾਅਦ ਕੋਰੀਅਰ ਕੰਪਨੀ ਨੇ ਇਸਦੀ ਸੂਚਨਾ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਦਿੱਤੀ। ਥਾਣਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਡੀ. ਐੱਚ. ਐੱਲ. ਕੰਪਨੀ, ਢੰਡਾਰੀ ਕਲਾਂ ਦੇ ਸੁਪਰਵਾਈਜ਼ਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਗੁਰਜੋਤ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਸਿਨੇਮਾ ਰੋਡ, ਵਾਰਡ ਨੰਬਰ 12, ਸੁਨਾਮ ਵੱਲੋਂ ਪ੍ਰਭਜੋਤ ਸਿੰਘ ਵਾਸੀ ਕੈਨੇਡਾ ਦੇ ਨਾਮ ’ਤੇ ਇਕ ਕੋਰੀਅਰ ਬੁੱਕ ਕਰਵਾਇਆ, ਜਿਸ ’ਚ ਕੱਪੜੇ ਸਨ। ਜਦੋਂ ਇਸਦੀ ਸਕੈਨਿੰਗ ਕੀਤੀ ਗਈ ਤਾਂ ਉਸ ’ਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। 

ਥਾਣਾ ਪੁਲਸ ਨੇ ਉਕਤ ਕੋਰੀਅਰ ’ਚੋਂ 435 ਗ੍ਰਾਮ ਅਫੀਮ ਬਰਾਮਦ ਕੀਤੀ। ਇਸੇ ਤਰ੍ਹਾ ਇਕ ਹੋਰ ਕੋਰੀਅਰ ਸਰਬਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਲਿਲਪੁਰ, ਨਡਾਲਾ, ਕਪੂਰਥਲਾ ਵੱਲੋਂ ਬਲਵਿੰਦਰ ਸਿੰਘ ਮੁਲਤਾਨੀ ਵਾਸੀ ਅਮਰੀਕਾ ਦੇ ਨਾਮ ’ਤੇ ਬੁੱਕ ਕਰਵਾਇਆ ਗਿਆ। ਜਿਸਦੀ ਸਕੈਨਿੰਗ ਦੌਰਾਨ ਵੀ ਕੰਪਨੀ ਨੂੰ ਨਸ਼ੀਲਾ ਪਦਾਰਥ ਹੋਣਾ ਪਾਇਆ ਗਿਆ। ਜਦੋਂ ਪੁਲਸ ਨੇ ਚੈਕਿੰਗ ਕੀਤੀ ਤਾਂ ਉਕਤ ਪੈਕਟ ’ਚੋਂ ਵੀ ਪੁਲਸ 250 ਗ੍ਰਾਮ ਅਫੀਮ ਬਰਾਮਦ ਹੋਈ। ਸਾਹਨੇਵਾਲ ਪੁਲਸ ਨੇ ਗੁਰਜੋਤ ਸਿੰਘ ਅਤੇ ਸਰਬਜੀਤ ਸਿੰਘ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ।


Gurminder Singh

Content Editor

Related News