ਮਿੰਨੀ ਸਕੱਤਰੇਤ ਦੀ ਇਮਾਰਤ ਬਣੀ ਖੁੱਲ੍ਹਾ ਕੂੜਾਦਾਨ
Monday, Jun 11, 2018 - 06:58 AM (IST)
ਬਠਿੰਡਾ, (ਬਲਵਿੰਦਰ)- ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦਾ ਰੌਲਾ ਹਰ ਪਾਸੇ ਹੈ, ਫਿਰ ਮਿੰਨੀ ਸਕੱਤਰੇਤ ਬਠਿੰਡਾ ਵੀ ਕਿਵੇਂ ਪਿੱਛੇ ਰਹਿ ਸਕਦੀ ਹੈ। ਇਥੇ ਵੀ ਮੁਹਿੰਮ ਦਾ ਕੰਮ 'ਜ਼ੋਰਾਂ 'ਤੇ' ਚੱਲ ਰਿਹਾ ਹੈ, ਜਿਸਦੇ ਦਰਸ਼ਨ ਦੀਦਾਰ ਆਸਾਨੀ ਨਾਲ ਹੋ ਜਾਂਦੇ ਹਨ। ਮੁੱਕਦੀ ਗੱਲ ਇਹ ਕਿ ਮਿੰਨੀ ਸਕੱਤਰੇਤ 'ਚ ਐਨਾ ਜ਼ਿਆਦਾ ਕੂੜਾ ਖਿਲਰਿਆ ਰਹਿੰਦਾ ਹੈ ਕਿ ਭੁਲੇਖਾ ਪੈ ਜਾਂਦਾ ਹੈ ਕਿ ਇਹ ਕੂੜਾਦਾਨ ਹੈ ਜਾਂ ਕੋਈ ਸਰਕਾਰੀ ਇਮਾਰਤ।
ਉਸ ਨੂੰ ਦੇਖਕੇ ਇਹ ਲੱਗ ਰਿਹਾ ਹੈ ਕਿ ਮਿੰਨੀ ਸਕੱਤਰੇਤ ਉਕਤ ਮੁਹਿੰਮ ਦੀ ਹਵਾ ਨਿਕਲ ਕੇ ਰਹਿ ਗਈ ਹੈ। ਉਕਤ ਸਮੱਸਿਆ ਦੇ ਵੱਲ ਕਿਸੇ ਅਧਿਕਾਰੀ ਤੇ ਨੇਤਾ ਦਾ ਧਿਆਨ ਨਹੀਂ ਜਾਂਦਾ। ਇਸ ਨਾਲ ਲੋਕਾਂ 'ਚ ਭਾਰੀ ਰੋਸ ਹੈ।
ਠੇਕੇਦਾਰ ਬੋਲਿਆ : ਕੰਮ ਠੇਕੇ 'ਤੇ ਲੈ ਕੇ ਬੁਰੀ ਤਰ੍ਹਾਂ ਫਸਿਆ
ਮਿੰਨੀ ਸਕੱਤਰੇਤ ਦੇ ਸਫਾਈ ਠੇਕੇਦਾਰ ਹੇਮ ਰਾਜ ਦਾ ਕਹਿਣਾ ਹੈ ਕਿ ਉਸਨੂੰ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ, ਜਿਸ ਬਦਲੇ ਸਾਰੇ ਸਕੱਤਰੇਤ ਦੀ ਸਫਾਈ ਕਰਨੀ ਹੁੰਦੀ ਹੈ। ਇਸ ਕੰਮ ਵਾਸਤੇ ਉਸਨੇ 12 ਮੁਲਾਜ਼ਮ ਰੱਖੇ ਹੋਏ ਹਨ। ਐਨੇ ਜ਼ਿਆਦਾ ਕੰਮ ਲਈ ਉਸਨੂੰ ਬਹੁਤ ਘੱਟ ਪੈਸੇ ਮਿਲ ਰਹੇ ਹਨ, ਇਸ ਲਈ ਉਹ ਇਹ ਕੰਮ ਠੇਕੇ 'ਤੇ ਲੈ ਕੇ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਸਫਾਈ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਮੁਲਾਜ਼ਮ ਕੰਮ ਤਾਂ ਕਰਦੇ ਹੀ ਰਹਿੰਦੇ ਹਨ ਪਰ ਇਮਾਰਤ ਬਹੁਤ ਵੱਡੀ ਹੈ, ਇਸ ਲਈ ਹਰੇਕ ਵਿਭਾਗ ਦੀ ਰੋਜ਼ਾਨਾ ਸਫਾਈ ਹੋਣਾ ਮੁਸ਼ਕਲ ਹੈ।
ਸਰਕਾਰੀ ਬਾਬੂਆਂ ਦੇ ਵਾਹਨਾਂ ਨੂੰ ਧੁੱਪ ਨਹੀਂ ਲੱਗ ਸਕਦੀ!
ਭਾਵੇਂ ਮਿੰਨੀ ਸਕੱਤਰੇਤ ਦੇ ਆਲੇ-ਦੁਆਲੇ ਤੇ ਹੇਠਾਂ ਪਾਰਕਿੰਗ ਦੇ ਬਹੁਤ ਚੰਗੇ ਪ੍ਰਬੰਧ ਹਨ ਪਰ ਸਰਕਾਰੀ ਬਾਬੂਆਂ ਨੇ ਆਪਣੇ ਸਕੂਟਰ, ਮੋਟਰਸਾਈਕਲਾਂ ਨੂੰ ਧੁੱਪ ਤੋਂ ਬਚਾਉਣ ਖਾਤਰ ਸਾਰੇ ਨਿਯਮ ਛਿੱਕੇ ਟੰਗ ਰੱਖੇ ਹਨ। ਇਸ ਲਈ ਸਰਕਾਰੀ ਬਾਬੂਆਂ ਦੇ ਦੋਪਹੀਆ ਵਾਹਨ ਪਾਰਕਿੰਗ ਵਿਚ ਨਹੀਂ, ਸਗੋਂ ਇਮਾਰਤ ਦੇ ਅੰਦਰ ਬਰਾਮਦਿਆਂ ਵਿਚ ਖੜ੍ਹਦੇ ਹਨ। ਫਿਰ ਭਾਵੇਂ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਹੋਈ ਜਾਵੇ, ਕੋਈ ਪ੍ਰਵਾਹ ਨਹੀਂ ਹੈ।
ਦਰੱਖਤਾਂ ਦੇ ਪੱਤੇ ਤੇ ਟਾਹਣੀਆਂ ਵੀ ਕੂੜਾ ਬਣੀਆਂ
ਬਿਲਕੁਲ ਸਹੀ ਹੈ ਕਿ ਦਰੱਖਤ ਮਨੁੱਖੀ ਜ਼ਿੰਦਗੀ ਲਈ ਜ਼ਰੂਰੀ ਹਨ, ਜਦਕਿ ਇਸਦੇ ਪੱਤੇ ਤੇ ਟਾਹਣੀਆਂ ਨੂੰ ਕਦੇ ਵੀ ਕੂੜਾ ਨਹੀਂ ਮੰਨਿਆ ਜਾਂਦਾ ਪਰ ਇਥੇ ਮਹੀਨਿਆਂ ਬੱਧੀ ਸਫਾਈ ਨਾ ਹੋਣ ਦੀ ਸੂਰਤ 'ਚ ਹੁਣ ਪੱਤੇ ਤੇ ਟਾਹਣੀਆਂ ਵੀ ਕੂੜੇ ਦਾ ਰੂਪ ਧਾਰ ਗਈਆਂ ਹਨ। ਬਹੁਤ ਥਾਵਾਂ 'ਤੇ ਪੱਤੇ ਤੇ ਟਾਹਣੀਆਂ ਦੇ ਢੇਰ ਕੂੜਾ ਬਣੇ ਹੋਏ ਹਨ, ਜਿਨ੍ਹਾਂ ਨੂੰ ਚੁੱਕਿਆ ਨਹੀਂ ਜਾਂਦਾ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਡੀ. ਸੀ. ਤੇ ਏ. ਡੀ. ਸੀ. ਨਾਲ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ, ਜਦੋਂ ਨਾਜਰ ਬ੍ਰਾਂਚ ਦੇ ਸੀਨੀਅਰ ਸਹਾਇਕ ਬਲਜੀਤ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਰੀਬ ਇਕ ਮਹੀਨੇ ਤੋਂ ਛੁੱਟੀ 'ਤੇ ਹਨ। ਇਸ ਲਈ ਉਕਤ ਮਾਮਲੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਸਫਾਈ ਪ੍ਰਬੰਧ ਠੇਕੇ 'ਤੇ ਦਿੱਤੇ ਹੋਏ ਹਨ। ਫਿਰ ਵੀ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਫਾਈ ਕਰਵਾਉਣਗੇ।
ਪਾਣੀ ਦੇ ਨਾਮਾਤਰ ਪ੍ਰਬੰਧ, ਖਾਲੀ ਬੋਤਲਾਂ ਬਣੀਆਂ ਪ੍ਰੇਸ਼ਾਨੀ
ਵੈਸੇ ਤਾਂ ਮਿੰਨੀ ਸਕੱਤਰੇਤ 'ਚ ਸਫਾਈ ਪ੍ਰਬੰਧਾਂ ਦਾ ਕੰਮ ਠੇਕੇ 'ਤੇ ਦਿੱਤਾ ਹੋਇਆ ਹੈ ਪਰ ਇਥੇ ਕਦੇ ਨਾ ਤਾਂ ਸਫਾਈ ਹੁੰਦੀ ਹੈ ਤੇ ਨਾ ਹੀ ਕੋਈ ਪ੍ਰਬੰਧ ਨਜ਼ਰ ਆ ਰਿਹਾ ਹੈ। ਵੈਸੇ ਪ੍ਰਸ਼ਾਸਨ ਸਫਾਈ ਪ੍ਰਬੰਧਾਂ ਤੇ ਪਲਾਸਟਿਕ ਪ੍ਰਦੂਸ਼ਣ ਪ੍ਰਤੀ ਖੁਦ ਸੁਚੇਤ ਹੋਣ ਦੇ ਦਮਗਜੇ ਮਾਰ ਰਿਹਾ ਹੈ ਪਰ ਆਪਣੀ ਪੀੜ੍ਹੀ ਹੇਠ ਕਦੇ ਸੋਟਾ ਨਹੀਂ ਫੇਰਿਆ।
ਸਕੱਤਰੇਤ ਦੇ ਅੰਦਰ ਵੱਖ-ਵੱਖ ਵਿਭਾਗਾਂ ਦੇ ਛੋਟੇ-ਵੱਡੇ ਕਰੀਬ 100 ਦਫ਼ਤਰ ਹਨ, ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਉਂਦੇ ਹਨ। ਪਾਣੀ ਦੇ ਨਾਮਾਤਰ ਪ੍ਰਬੰਧਾਂ ਦੇ ਕਾਰਨ ਆਮ ਲੋਕਾਂ ਨੂੰ ਮਹਿੰਗੇ ਮੁੱਲ ਦੀਆਂ ਬੋਤਲਾਂ ਖਰੀਦਣੀਆਂ ਪੈਂਦੀਆਂ ਹਨ। ਰੋਜ਼ਾਨਾ ਖਾਲੀ ਹੁੰਦੀਆਂ ਸੈਂਕੜੇ ਪਲਾਸਟਿਕ ਦੀਆਂ ਬੋਤਲਾਂ ਲਈ ਕਿਤੇ ਕੋਈ ਕੂੜਾਦਾਨ ਨਜ਼ਰ ਨਹੀਂ ਆਉਂਦਾ, ਇਸ ਲਈ ਹਰ ਕੋਈ ਕੁਰਸੀਆਂ ਹੇਠਾਂ ਜਾਂ ਖਾਲੀ ਪਏ ਕਾਊਂਟਰਾਂ ਦੇ ਓਹਲੇ ਖਾਲੀ ਬੋਤਲਾਂ ਸੁੱਟ ਦਿੰਦਾ ਹੈ ਪਰ ਸੱਚ ਇਹ ਹੈ ਕਿ ਜਦੋਂ ਤੱਕ ਕੂੜੇ ਨੂੰ ਸਹੀ ਜਗ੍ਹਾ ਨਾ ਸੁੱਟਿਆ ਜਾਵੇ, ਉਹ ਤੰਗ ਹੀ ਕਰਦਾ ਹੈ। ਸਿੱਟੇ ਵਜੋਂ ਇਹ ਖਾਲੀ ਬੋਤਲਾਂ ਹੀ ਪ੍ਰੇਸ਼ਾਨੀ ਬਣ ਚੁੱਕੀਆਂ ਹਨ ਤੇ ਜਗ੍ਹਾ-ਜਗ੍ਹਾ ਕੂੜਾ ਬਣ ਕੇ ਸਕੱਤਰੇਤ ਦਾ ਨਜ਼ਰਬੱਟੂ ਬਣੀਆਂ ਹੋਈਆਂ ਹਨ। ਇਥੇ ਹੀ ਬੱਸ ਨਹੀਂ ਲੋਕ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਖਾਲੀ ਪੈਕੇਟ ਵੀ ਇਧਰ-ਉਧਰ ਹੀ ਸੁੱਟ ਦਿੰਦੇ ਹਨ। ਇਸ ਵਿਚ ਸਿਰਫ ਲੋਕਾਂ ਦਾ ਕਸੂਰ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਕੂੜਾਦਾਨ ਨਾ ਹੋਣ ਦੀ ਸੂਰਤ ਵਿਚ ਪੂਰੀ ਇਮਾਰਤ ਹੀ ਖੁੱਲ੍ਹਾ ਕੂੜਾਦਾਨ ਬਣੀ ਹੋਈ ਹੈ। 'ਜ਼ੋਰਾਂ 'ਤੇ' ਚੱਲ ਰਹੀ ਇਸ ਮੁਹਿੰਮ ਵਿਚ ਤਹਿਸੀਲ ਤੇ ਸੇਵਾ ਕੇਂਦਰ ਦਾ ਖੇਤਰ ਸਭ ਤੋਂ ਮੋਹਰੀ ਹੈ।
ਇਥੇ ਹੀ ਬੱਸ ਨਹੀਂ, ਮਿੰਨੀ ਸਕੱਤਰੇਤ ਇਮਾਰਤ ਦੇ ਬਾਹਰ ਵੀ ਕੂੜੇ ਦਾ ਸਾਮਰਾਜ ਹੈ। ਨੰਬਰ ਇਕ, ਇਥੇ ਵੈਸੇ ਹੀ ਸਫਾਈ ਨਹੀਂ ਹੁੰਦੀ, ਦੂਜਾ ਨੰਬਰ ਬਾਬੂਆਂ ਦੇ ਚਪੜਾਸੀਆਂ ਦਾ ਹੈ ਜੋ ਦਫ਼ਤਰ ਦਾ ਕੂੜਾ ਖਿੜਕੀ ਤੋਂ ਬਾਹਰ ਸੁੱਟ ਕੇ ਆਪਣਾ ਕੰਮ ਖਤਮ ਕਰ ਲੈਂਦੇ ਹਨ। ਇਸੇ ਤਰ੍ਹਾਂ ਇਮਾਰਤ ਦੇ ਬਾਹਰ ਵੀ ਜਗ੍ਹਾ-ਜਗ੍ਹਾ ਕੂੜਾ ਤੇ ਲਿਫਾਫੇ ਸੁੱਟੇ ਪਏ ਹਨ।
