ਨਿਆਇਕ ਅਧਿਕਾਰੀ ਦੇ ਕੁੱਤੇ ਦੀ ਮੌਤ ਦਾ ਮਾਮਲਾ, ਅੱਜ ਵੀ ਬੰਦ ਰਹਿਣਗੀਆਂ OPD ਸੇਵਾਵਾਂ

Saturday, May 22, 2021 - 10:08 AM (IST)

ਲੁਧਿਆਣਾ (ਸਲੂਜਾ) : ਪੰਜਾਬ ਦੇ ਇਕ ਨਿਆਇਕ ਅਧਿਕਾਰੀ ਦੇ ਦਬਾਅ ਅਧੀਨ ਵੈਟਰਨਰੀ ਯੂਨੀਵਰਸਿਟੀ ਦੇ ਇਕ ਟੀਚਰ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਰੋਸ ਵਜੋਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੀ ਅਧਿਆਪਕ ਐਸੋਸੀਏਸ਼ਨ ਦੀ ਅਗਵਾਈ ਵਿਚ ਬਲੈਕ ਬੈਚ ਲਗਾ ਕੇ ਅਧਿਆਪਕਾਂ ਨੇ ਸਵੇਰੇ 10 ਤੋਂ 12 ਵਜੇ ਤੱਕ ਓ. ਪੀ. ਡੀ. ਸੇਵਾਵਾਂ ਠੱਪ ਰੱਖ ਕੇ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਇਹ ਵੀ ਐਲਾਨ ਕੀਤਾ ਕਿ 22 ਮਈ ਨੂੰ ਵੀ ਓ. ਪੀ. ਡੀ. ਸੇਵਾਵਾਂ ਠੱਪ ਰੱਖੀਆਂ ਜਾਣਗੀਆਂ। ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸ਼ਵਨੀ ਕੁਮਾਰ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਅੱਜ ਫਿਰ ਸਪੱਸ਼ਟ ਕੀਤਾ ਕਿ ਵੈਟਰਨਰੀ ਹਸਪਤਾਲ ਵਿਚ ਇਲਾਜ ਦੌਰਾਨ ਇਕ ਕੁੱਤੇ ਦੀ ਮੌਤ ਹੋ ਗਈ ਸੀ, ਜੋ ਇਸ ਅਧਿਕਾਰੀ ਦੇ ਸੁਰੱਖਿਆ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਹੋਇਆ ਪਰ ਉਕਤ ਨਿਆਇਕ ਅਧਿਕਾਰੀ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਦੀ ਗਲਤੀ ਨੂੰ ਯੂਨੀਵਰਸਿਟੀ ’ਤੇ ਥੋਪ ਦਿੱਤਾ, ਜਿਸ ਨਾਲ ਟੀਚਰ ਦੇ ਸਟੇਟਸ ਨੂੰ ਠੇਸ ਪੁੱਜੀ ਅਤੇ ਇਸ ਪ੍ਰਸਿੱਧ ਸੰਸਥਾ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 'ਬਲੈਕ ਫੰਗਸ' ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਣੇ ਬਾਕੀ  ਸੂਬਿਆਂ ਨੂੰ ਦਿੱਤੇ ਇਹ ਹੁਕਮ
ਐਸੋਸੀਏਸ਼ਨ ਪ੍ਰਧਾਨ ਨੇ ਪਸ਼ੂ ਪਾਲਕਾਂ ਤੋਂ ਮੰਗੀ ਮੁਆਫ਼ੀ
ਪ੍ਰਧਾਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਸ਼ੂ ਹਸਪਤਾਲ ’ਚ ਰੋਜ਼ਾਨਾ ਪੰਜਾਬ ਅਤੇ ਨਾਲ ਲਗਦੇ ਰਾਜਾਂ ਤੋਂ 100 ਤੋਂ 150 ਪਸ਼ੂਆਂ ਅਤੇ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਇਸ ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਦੌਰਾਨ ਵੀ ਡਾਕਟਰ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਉਨ੍ਹਾਂ ਨੇ ਓ. ਪੀ. ਡੀ. ਸੇਵਾਵਾਂ ਬੰਦ ਰੱਖਣ ਲਈ ਪਸ਼ੂ ਪਾਲਕਾਂ ਤੋਂ ਮੁਆਫ਼ੀ ਵੀ ਮੰਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਕਰਫ਼ਿਊ' ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਹੋਣਗੇ ਲਾਗੂ
ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਜੇਕਰ ਇਹ ਗਲਤ ਐੱਫ. ਆਈ. ਆਰ. ਰੱਦ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪੰਜਾਬ ਰਾਜ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਇਹ ਐਲਾਨ ਕੀਤਾ ਹੈ ਕਿ ਜੇਕਰ ਐੱਫ. ਆਈ. ਆਰ. ਰੱਦ ਨਹੀਂ ਕੀਤੀ ਜਾਂਦੀ ਤਾਂ ਸਮੁੱਚੇ ਪੰਜਾਬ ਵਿਚ ਹੀ ਵੈਟਰਨਰੀ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ। ਇਸ ਦੇ ਲਈ ਸਰਕਾਰ, ਸਬੰਧਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਣਗੇ।

ਇਹ ਵੀ ਪੜ੍ਹੋ : ਕੋਰੋਨਾ ਦੌਰਾਨ 'ਰਿਲਾਇੰਸ' ਦਾ ਪੰਜਾਬ-ਹਰਿਆਣਾ ਲਈ ਖ਼ਾਸ ਐਲਾਨ, ਮੁਹੱਈਆ ਕਰਵਾ ਰਹੀ 'ਮੁਫ਼ਤ ਈਂਧਣ'
ਵੈਟਰਨਰੀ ਡਾਕਟਰ ’ਤੇ ਲਾਪਰਵਾਹੀ ਦਾ ਦੋਸ਼
ਦੂਜੇ ਪਾਸੇ ਸ਼ਿਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਇਹ ਸਪੱਸ਼ਟ ਤੌਰ ’ਤੇ ਦੋਸ਼ ਲਗਾਏ ਹਨ ਕਿ ਉਕਤ ਵੈਟਰਨਰੀ ਡਾਕਟਰ ਦੀ ਲਾਪਰਵਾਹੀ ਨਾਲ ਹੀ ਉਨ੍ਹਾਂ ਦੇ ਪਾਲਤੂ ਕੁੱਤੇ ਦੀ ਮੌਤ ਹੋਈ ਹੈ। ਪ੍ਰਦਰਸ਼ਨ ਕਰ ਰਹੇ ਯੂਨੀਵਰਸਿਟੀ ਦੇ ਟੀਚਰਾਂ ਨੂੰ ਸ਼ਾਂਤ ਕਰਨ ਲਈ ਪੁਲਸ ਅਧਿਕਾਰੀ ਯੂਨੀਵਰਸਿਟੀ ਕੈਂਪਸ ’ਚ ਪੁੱਜੇ ਅਤੇ ਉਨ੍ਹਾਂ ਨੇ ਕੇਸ ਨੂੰ ਸੁਲਝਾਉਣ ਦਾ ਵੀ ਭਰੋਸਾ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News