'ਪੁਸ਼ਪਾ ਗੁਜਰਾਲ ਸਾਇੰਸ ਸਿਟੀ' ਵਿਖੇ ਆਨਲਾਈਨ ਸਾਇੰਸ ਫੈਸਟ 28 ਨਵੰਬਰ ਨੂੰ

11/17/2020 4:32:20 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਹੋ ਰਹੇ ਆਨਲਾਈਨ ਸਾਇੰਸ ਫੈਸਟ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਿੱਸਾ ਲੈਣ ਵਾਸਤੇ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ 28 ਨਵੰਬਰ, 2020 ਨੂੰ ਇੱਕ ਆਨਲਾਈਨ ਸਾਇੰਸ ਫੈਸਟ ਆਯੋਜਿਤ ਕਰਵਾਇਆ ਜਾ ਰਿਹਾ ਹੈ।

ਇਸ 'ਚ ਵਿਦਿਆਰਥੀ ਆਪਣੇ ਨਿਵੇਕਲੇ ਵਿਚਾਰਾਂ ਨੂੰ ਮਾਡਲਾਂ ਦੇ ਰਾਹੀਂ ਪ੍ਰਦਰਸ਼ਿਤ ਕਰ ਸਕਦੇ ਹਨ। ਇਸ ਸਾਇੰਸ ਫੈਸਟ 'ਚ ਹਿੱਸਾ ਲੈਣ ਦੇ ਵਾਸਤੇ 22 ਨਵੰਬਰ ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਵਾਸਤੇ ਰਜਿਸਟ੍ਰੇਸ਼ਨ ਫ਼ੀਸ 100 ਰੁਪਏ ਪ੍ਰਤੀ ਵਿਦਿਅਰਥੀ/ਮਾਡਲ ਹੈ। ਇਸ ਸਬੰਧ 'ਚ ਰਜਿਸਟ੍ਰੇਸ਼ਨ  www.pgsciencecity.org ’ਤੇ ਕਰਵਾਈ ਜਾ ਸਕਦੀ ਹੈ। ਬੁਲਾਰੇ ਦੇ ਅਨੁਸਾਰ ਇਹ ਕੋਰਸ ਵਿਦਿਆਰਥੀਆਂ ਲਈ ਲਾਜ਼ਮੀ ਨਹੀਂ ਹੈ ਪਰ ਇਹ ਵਿਦਿਆਰਥੀਆਂ ਨੂੰ ਸਿੱਖਿਆ ਸਬੰਧੀ ਗਿਆਨ ਦੇ ਵਾਧੇ ਲਈ ਸਹਾਈ ਹੋ ਸਕਦਾ ਹੈ। ਜੇਤੂ ਵਿਦਿਆਰਥੀਆਂ ਨੂੰ 500 ਰੁਪਏ ਤੋਂ 5000 ਰੁਪਏ ਤੱਕ ਨਕਦੀ ਇਨਾਮ ਦਿੱਤਾ ਜਾਵੇਗਾ ਅਤੇ ਇਸ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। 


Babita

Content Editor

Related News