ਆਨਲਾਈਨ ਰੇਲ ਟਿਕਟ ਬੁੱਕ ਕਰਵਾਉਣ ਦੇ ਨਾਲ ਹੀ ਮਿਲੇਗੀ ਦਰਸ਼ਨਾਂ ਦੀ ਪਰਚੀ

02/01/2019 11:48:10 AM

ਜਲੰਧਰ (ਗੁਲਸ਼ਨ)— ਆਈ. ਆਰ. ਸੀ. ਟੀ. ਸੀ. ਨੇ ਸਾਈਂ ਬਾਬਾ ਦੇ ਦਰਸ਼ਨਾਂ ਲਈ ਸ਼ਿਰਡੀ  ਦਰਬਾਰ ਜਾਣ ਵਾਲੇ ਸਾਈਂ ਭਗਤਾਂ ਨੂੰ ਤੋਹਫਾ ਦਿੱਤਾ ਹੈ। ਹੁਣ ਆਈ. ਆਰ. ਸੀ. ਟੀ. ਸੀ. ਦੀ  ਵੈੱਬਸਾਈਟ 'ਤੇ ਆਨਲਾਈਨ ਰੇਲ ਟਿਕਟ ਬੁੱਕ ਕਰਵਾਉਣ 'ਤੇ ਸ਼੍ਰੀ ਸਾਈਂ ਬਾਬਾ ਦੇ ਦਰਸ਼ਨਾਂ  ਦੀ ਪਰਚੀ ਵੀ ਨਾਲ ਹੀ ਬੁੱਕ ਕਰਵਾਈ ਜਾ ਸਕੇਗੀ। ਆਈ. ਆਰ. ਸੀ. ਟੀ. ਸੀ. ਨੇ 26 ਜਨਵਰੀ  ਤੋਂ ਇਸ ਸਹੂਲਤ ਨੂੰ ਲਾਂਚ ਕੀਤਾ ਹੈ। ਅਧਿਕਾਰੀਆਂ ਮੁਤਾਬਕ ਸ਼ਿਰਡੀ ਸਾਈਂ ਨਗਰ,  ਕੋਪਰਗਾਓਂ, ਮਨਮਾਡ, ਨਾਸਿਕ ਅਤੇ ਨੰਗਰਸੋਲ ਸਟੇਸ਼ਨਾਂ ਦੀ ਆਨਲਾਈਨ ਟਿਕਟ ਬੁੱਕ ਕਰਵਾਉਣ  ਵਾਲੇ ਯਾਤਰੀ ਦਰਸ਼ਨ ਪਰਚੀ ਦੀ ਵੀ ਸਹੂਲਤ ਲੈ ਸਕਣਗੇ। ਆਈ. ਆਰ. ਸੀ. ਟੀ. ਸੀ. ਨੇ ਸ਼੍ਰੀ  ਸਾਈਂ ਸੰਸਥਾ ਨਾਲ ਮਿਲ ਕੇ ਇਸ ਸਹੂਲਤ ਨੂੰ ਸ਼ੁਰੂ ਕੀਤਾ ਹੈ।

ਪਹਿਲੇ ਪੜਾਅ 'ਚ ਇਸ ਸਹੂਲਤ  ਲਈ ਭੁਗਤਾਨ ਕਰਨਾ ਪਵੇਗਾ ਪਰ ਆਉਣ ਵਾਲੇ ਕੁੱਝ ਸਮੇਂ ਵਿਚ ਦਰਸ਼ਨਾਂ ਦੀ ਪਰਚੀ ਫ੍ਰੀ  ਮਿਲੇਗੀ। ਜ਼ਿਕਰਯੋਗ ਹੈ ਕਿ ਸਾਈਂ ਬਾਬਾ ਦੇ ਦਰਸ਼ਨਾਂ ਲਈ ਸ਼ਿਰਡੀ ਜਾਣ ਵਾਲੇ ਭਗਤਾਂ ਦੀ  ਗਿਣਤੀ ਵਿਚ ਪਿਛਲੇ ਕੁਝ ਸਾਲਾਂ ਵਿਚ ਕਾਫੀ ਵਾਧਾ ਹੋਇਆ ਹੈ। ਭਗਤਾਂ ਦੀ ਸਹੂਲਤ ਲਈ ਆਈ.  ਆਰ. ਸੀ. ਟੀ. ਸੀ. ਨੇ ਇਹ ਸਹੂਲਤ ਚਾਲੂ ਕੀਤੀ ਹੈ।

ਇੰਝ ਮਿਲੇਗੀ ਆਨਲਾਈਨ ਦਰਸ਼ਨ ਪਰਚੀ
ਦਰਸ਼ਨਾਂ  ਦੀ ਪਰਚੀ ਲਈ ਕਨਫਰਮ ਟਿਕਟ ਦੇ ਨਾਲ ਟੀ. ਐੱਨ. ਆਰ. ਨੰਬਰ  ਵੀ ਜ਼ਰੂਰੀ ਹੈ। ਦਰਸ਼ਨ ਦੀ  ਪਰਚੀ ਲਈ ਬੁਕਿੰਗ ਕਨਫਰਮੇਸ਼ਨ ਪੇਜ 'ਤੇ ਜਾਣਾ ਹੋਵੇਗਾ। ਜੇਕਰ ਆਨਲਾਈਨ ਟਿਕਟ ਬੁੱਕ  ਕਰਵਾਉਂਦੇ ਸਮੇਂ ਯਾਤਰੀਆਂ ਨੇ ਦਰਸ਼ਨ ਪਰਚੀ ਬੁੱਕ ਨਹੀਂ ਕਰਵਾਈ ਤਾਂ ਉਹ ਅਗਲੀ ਆਪਸ਼ਨ ਟਿਕਟ  ਬੁੱਕ ਹਿਸਟਰੀ ਵਿਚ ਜਾ ਕੇ ਸਾਈਂ ਬਾਬਾ ਦਰਸ਼ਨ ਟਿਕਟ ਬੁੱਕ ਕਰ ਸਕਦੇ ਹਨ।

ਸ਼ਿਰਡੀ ਪਹੁੰਚਣ ਤੋਂ ਬਾਅਦ ਦੋ ਦਿਨ ਵੈਲਿਡ ਹੋਵੇਗੀ ਦਰਸ਼ਨ ਪਰਚੀ
ਆਨ  ਲਾਈਨ ਈ-ਟਿਕਟ ਦੇ ਨਾਲ ਬੁੱਕ ਕੀਤੀ ਗਈ ਦਰਸ਼ਨ ਪਰਚੀ ਸ਼ਿਰਡੀ ਪੁੱਜਣ ਦੇ ਦੋ ਦਿਨ ਬਾਅਦ ਤੱਕ ਵੈਲਿਡ  ਹੋਵੇਗੀ। ਦਰਸ਼ਨਾਂ ਦੀ ਤਰੀਕ ਸੰਸਥਾ ਦੀ ਵੈੱਬ ਪੋਰਟਲ 'ਤੇ ਜਾ ਕੇ ਆਪਣੀ ਸਹੂਲਤ  ਅਨੁਸਾਰ  ਸਿਲੈਕਟ ਕੀਤੀ ਜਾ ਸਕਦੀ ਹੈ। ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ 'ਤੇ ਟਿਕਟ ਬੁੱਕ  ਹਿਸਟਰੀ 'ਚ ਜਾ ਕੇ ਦਰਸ਼ਨ ਪਰਚੀ ਦਾ ਪ੍ਰਿੰਟ ਲਿਆ ਜਾ ਸਕੇਗਾ। ਦਰਸ਼ਨ ਪਰਚੀ 'ਤੇ ਇਕ ਯਾਤਰੀ  ਇਕ ਵਾਰ ਹੀ ਦਰਸ਼ਨ ਕਰ ਸਕੇਗਾ। ਦਰਸ਼ਨਾਂ ਲਈ ਬੁੱਕ ਕੀਤੀ ਗਈ ਤਰੀਕ 'ਤੇ ਯਾਤਰੀ ਕਿਸੇ ਵੀ  ਸਮੇਂ ਦਰਬਾਰ ਵਿਚ ਜਾ ਕੇ ਦਰਸ਼ਨ ਕਰ ਸਕਦਾ ਹੈ।

ਲੰਬੀਆਂ ਲਾਈਨਾਂ 'ਚ ਲੱਗਣ ਤੋਂ ਮਿਲੇਗਾ ਛੁਟਕਾਰਾ
ਆਈ.  ਆਰ. ਸੀ. ਟੀ. ਸੀ. ਵੀ ਇਸ ਨਵੀਂ ਈ-ਟਿਕਟ ਸਹੂਲਤ ਨਾਲ ਸਾਈਂ ਭਗਤਾਂ ਨੂੰ ਦਰਸ਼ਨਾਂ ਦੀ  ਪਰਚੀ ਲਈ ਲੰਬੀਆਂ ਲਾਈਨਾਂ ਵਿਚ ਲੱਗਣ ਤੋਂ ਛੁਟਕਾਰਾ ਮਿਲੇਗਾ। ਦਰਸ਼ਨਾਂ ਲਈ ਐਡਵਾਂਸ  ਟਿਕਟ ਬੁੱਕ ਹੋਣ ਨਾਲ ਸ਼ਿਰਡੀ ਜਾਣ ਵਾਲੇ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ।


Shyna

Content Editor

Related News