ਡਾਕਘਰ ''ਚ ਆਨਲਾਈਨ ਪੇਪਰ ਜਮ੍ਹਾਂ ਕਰਵਾਉਣ ਪੁੱਜੇ ਵਿਦਿਆਰਥੀ, ਮੁਲਾਜ਼ਮਾਂ ਨੇ ਫੜ੍ਹਨ ਤੋਂ ਕੀਤਾ ਇਨਕਾਰ
Tuesday, Dec 22, 2020 - 03:24 PM (IST)
ਨਾਭਾ (ਰਾਹੁਲ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਬੀ. ਏ. ਅਤੇ ਐਮ. ਏ. ਪ੍ਰਾਈਵੇਟ ਸਮੈਸਟਰ ਦੇ ਵਿਦਿਆਰਥੀਆਂ ਤੋਂ ਆਨਲਾਈਨ ਪੇਪਰ ਲਏ ਗਏ ਸਨ। ਉਨ੍ਹਾਂ ਨੂੰ ਉਸੇ ਦਿਨ ਹੀ ਡਾਕਘਰ 'ਚ ਜਮ੍ਹਾਂ ਕਰਵਾਉਣਾ ਜ਼ਰੂਰੀ ਸੀ ਪਰ ਨਾਭਾ ਦੇ ਡਾਕਘਰ 'ਚ ਤਿੰਨ ਘੰਟਿਆਂ ਤੋਂ ਵਿਦਿਆਰਥੀ ਆਪਣੇ-ਆਪਣੇ ਪੇਪਰ ਲੈ ਕੇ ਸਪੀਡ ਪੋਸਟ ਪਟਿਆਲਾ ਯੂਨੀਵਰਸਿਟੀ ਨੂੰ ਕਰਵਾਉਣ ਪਹੁੰਚੇ ਤਾਂ ਡਾਕਖਾਨੇ ਦੇ ਮੁਲਾਜ਼ਮਾਂ ਵੱਲੋਂ ਪੇਪਰ ਫੜ੍ਹਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਸੀਂ 3 ਵਜੇ ਤੱਕ ਹੀ ਇਹ ਡਾਕ ਜਮ੍ਹਾਂ ਕਰਵਾ ਸਕਦੇ ਹੋ।
ਇਸ ਤੋਂ ਬਾਅਦ ਅਸੀਂ ਤੁਹਾਡੇ ਪੇਪਰ ਨਹੀਂ ਫੜ੍ਹ ਸਕਦੇ। ਜਦੋਂ ਮੌਕੇ 'ਤੇ ਚੈਨਲ ਦੀ ਟੀਮ ਪਹੁੰਚੀ ਤਾਂ ਡਾਕਖਾਨੇ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ਆਪਣਾ ਇਹ ਕਹਿ ਕੇ ਪੱਲਾ ਛੁਡਾਇਆ ਕਿ ਅਸੀਂ ਸਾਰੇ ਹੀ ਪੇਪਰ ਸਪੀਡ ਪੋਸਟ ਕਰਵਾ ਦੇਵਾਂਗੇ। ਡਾਕਘਰ ਦੇ ਮੁਲਾਜ਼ਮਾਂ ਵੱਲੋਂ ਪੇਪਰ ਨਾ ਫੜ੍ਹਨ ਕਾਰਨ ਵਿਦਿਆਰਥੀਆਂ ਦੇ ਚਿਹਰੇ 'ਤੇ ਮਾਯੂਸੀ ਛਾ ਗਈ ਕਿਉਂਕਿ ਜੇਕਰ ਉਹ ਸਪੀਡ ਪੋਸਟ ਉਨ੍ਹਾਂ ਦੀ ਅੱਜ ਸਮੇਂ 'ਤੇ ਪੋਸਟ ਨਹੀਂ ਹੁੰਦੀ ਤਾਂ ਉਨ੍ਹਾਂ ਦਾ ਇੱਕ ਸਾਲ ਵਿਅਰਥ ਹੀ ਜਾਇਆ ਜਾਵੇਗਾ। ਵਿਦਿਆਰਥੀਆਂ ਨੇ ਖੱਜਲ-ਖੁਆਰ ਹੁੰਦਿਆਂ ਦੇਖ ਮੀਡੀਆ ਦਾ ਸਹਾਰਾ ਲਿਆ, ਜਿਸ ਤੋਂ ਬਾਅਦ ਪੋਸਟ ਅਫ਼ਸਰ ਊਸ਼ਾ ਨੇ ਕਿਹਾ ਕਿ ਅਸੀਂ ਸਾਰੇ ਵਿਦਿਆਰਥੀਆਂ ਦੇ ਪੇਪਰ ਲੈ ਕੇ ਸਪੀਡ ਪੋਸਟ ਕਰ ਦੇਵਾਂਗੇ।
ਇਸ ਮੌਕੇ ਸਪੀਡ ਪੋਸਟ ਕਰਵਾਉਣ ਆਏ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਸਵੇਰ ਤੋਂ ਹੀ ਭੁੱਖੇ ਢਿੱਡ ਪਹਿਲਾਂ ਪੇਪਰ ਦੇ ਕੇ ਆਏ ਹਾਂ ਅਤੇ ਹੁਣ ਸਾਨੂੰ ਕਿਹਾ ਗਿਆ ਕਿ ਤੁਸੀਂ ਇਹ ਪੇਪਰ ਸਪੀਡ ਪੋਸਟ ਪਟਿਆਲਾ ਯੂਨੀਵਰਸਿਟੀ ਨੂੰ ਕਰਵਾ ਦਿਓ ਪਰ ਸਾਨੂੰ ਕਈ ਘੰਟੇ ਇਥੇ ਖੱਜਲ-ਖੁਆਰ ਹੁੰਦਿਆਂ ਹੋ ਗਏ ਪਰ ਡਾਕਘਰ ਵਾਲੇ ਨਾ ਤਾਂ ਸਪੀਡ ਪੋਸਟ ਕਰ ਰਹੇ ਹਨ ਅਤੇ ਨਾ ਹੀ ਕੋਈ ਸਾਨੂੰ ਜਵਾਬ ਦੇ ਰਹੇ ਹਨ। ਇਸ ਮੌਕੇ 'ਤੇ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਅਸੀਂ ਡਾਕ ਘਰ 'ਚ ਦੁਪਹਿਰ ਤੋਂ ਹੀ ਖੱਜਲ-ਖੁਆਰ ਹੋ ਰਹੇ ਹਾਂ ਪਰ ਡਾਕਘਰ ਵੱਲੋਂ ਥੋੜ੍ਹੇ ਹੀ ਪੇਪਰ ਸਪੀਡ ਪੋਸਟ ਕਰ ਕੇ ਬਾਅਦ 'ਚ ਸਾਨੂੰ ਜਵਾਬ ਦੇ ਦਿੱਤਾ ਕੀ ਹੁਣ ਸਪੀਡ ਪੋਸਟ ਨਹੀਂ ਹੋਣੀ। ਉਨ੍ਹਾਂ ਕਿਹਾ ਕਿ ਇੰਝ ਕਰਕੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ ਨਾ ਪਾਇਆ ਜਾਵੇ।