ਆਨਲਾਈਨ ਫਰਾਡ : ਬਿਜਲੀ ਬਿੱਲ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਠੱਗੇ 8 ਲੱਖ
Saturday, Sep 17, 2022 - 02:28 PM (IST)
ਲੁਧਿਆਣਾ (ਰਿਸ਼ੀ) : ਬਿਜਲੀ ਬਿੱਲ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਆਨਲਾਈਨ ਫਰਾਡ ਹੋਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਠੱਗਾਂ ਨੇ 8 ਲੱਖ ਠੱਗ ਲਏ। ਇਸ ਮਾਮਲੇ ’ਚ ਡਵੀਜ਼ਨ ਨੰਬਰ-6 ਦੀ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਕੀਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਮੇਲ ਸਿੰਘ ਨਿਵਾਸੀ ਨਿਊ ਪੰਜਾਬ ਮਾਤਾ ਨਗਰ ਨੇ ਦੱਸਿਆ ਕਿ 13 ਸਤੰਬਰ ਦੁਪਹਿਰ 1.25 ਵਜੇ ’ਤੇ ਮੋਬਾਇਲ ’ਤੇ ਮੈਸੇਜ ਆਇਆ ਕਿ ਬਿਜਲੀ ਦਾ ਬਿੱਲ ਜੋ ਜਮ੍ਹਾਂ ਕਰਵਾਇਆ ਹੈ, ਉਹ ਅਪਡੇਟ ਨਹੀਂ ਹੋਇਆ ਹੈ, ਜਿਸ ਕਾਰਨ ਮੀਟਰ ਕੱਟ ਦਿੱਤਾ ਜਾਵੇਗਾ ਤਾਂ ਇਕ ਨੰਬਰ ’ਤੇ ਸੰਪਰਕ ਕਰਨ ਨੂੰ ਕਿਹਾ।
ਪੀੜਤ ਵੱਲੋਂ ਜਦੋਂ ਉਸ ਨੰਬਰ ’ਤੇ ਕਾਲ ਕੀਤੀ ਗਈ ਤਾਂ ਠੱਗ ਨੇ ਆਪਣੀਆਂ ਗੱਲਾਂ ’ਚ ਉਲਝਾ ਲਿਆ ਅਤੇ ਖ਼ੁਦ ਨੂੰ ਪੀ. ਐੱਸ. ਪੀ. ਸੀ. ਐੱਲ. ਦਾ ਮੁਲਾਜ਼ਮ ਦੱਸ ਕੇ ਫੋਨ ’ਤੇ ਐਨੀਡੈਸਕ ਐਪ ਡਾਊਨਲੋਡ ਕਰਵਾ ਦਿੱਤੀ। ਫਿਰ ਮੋਬਾਇਲ ’ਤੇ ਆਏ ਓ. ਟੀ. ਪੀ. ਨੂੰ ਹਾਸਲ ਕਰ ਕੇ 10 ਵਾਰ 8 ਲੱਖ 1977 ਰੁਪਏ ਕੱਢਵਾ ਲਏ, ਜਿਸ ਤੋਂ ਬਾਅਦ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।