ਮਾਪਿਆਂ ''ਤੇ ਭਾਰੀ ਪੈਣ ਲੱਗੀ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ

Tuesday, May 26, 2020 - 02:18 PM (IST)

ਮਾਪਿਆਂ ''ਤੇ ਭਾਰੀ ਪੈਣ ਲੱਗੀ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ

ਸਮਰਾਲਾ (ਗਰਗ) : ਕੋਰੋਨਾ ਵਾਇਰਸ ਦੇ ਚਲਦੇ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਕੂਲਾਂ ਨੂੰ ਬੰਦ ਹੋਏ ਅਤੇ ਅਜਿਹੇ 'ਚ ਵਿਦਿਆਰਥੀਆਂ ਵਰਗ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਬੰਦ ਪਏ ਸਕੂਲਾਂ ਵੱਲੋਂ 'ਆਨਲਾਈਨ' ਪੜਾਈ ਕਰਵਾਏ ਜਾਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਅਸਲੀਅਤ ਵਿਚ ਅਧਿਆਪਕ ਅਤੇ ਵਿਦਿਆਰਥੀ ਦਾ ਰਾਬਤਾ ਟੁੱਟ ਜਾਣ 'ਤੇ 'ਆਨਲਾਈਨ' ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਪਟੜੀ ਉੱਤੇ ਨਹੀਂ ਆ ਰਹੀ ਹੈ। ਪੜ੍ਹਾਈ ਦੇ ਨੁਕਸਾਨ ਦਾ ਸਭ ਤੋਂ ਵੱਡਾ ਖਮਿਆਜ਼ਾ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੀ ਭੁਗਤਣਾ ਪੈ ਰਿਹਾ ਹੈ। ਸਰਕਾਰ ਨੇ ਸਾਰੇ ਸਰਕਾਰੀ ਸਕੂਲਾਂ ਨੂੰ ਆਨਲਾਈਨ ਪੜ੍ਹਾਉਣ ਲਈ ਤਾਂ ਕਹਿ ਦਿੱਤਾ ਹੈ ਪਰ ਅਧਿਆਪਕਾਂ ਅਤੇ ਵਿਦਿਆਰਥੀਆਂ ਕੋਲ ਸਾਧਨਾਂ ਦੀ ਘਾਟ ਨੇ ਬਹੁਤੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਦੂਰ ਕਰ ਦਿੱਤਾ ਹੈ।

ਜੇਕਰ ਗੱਲ ਕਰੀਏ ਪ੍ਰਾਈਵੇਟ ਸਕੂਲਾਂ ਦੀ ਤਾਂ ਉਹ ਵਿਦਿਆਰਥੀਆਂ ਨੂੰ 'ਆਨਲਾਈਨ' ਪੜ੍ਹਾਉਣ ਵਿਚ ਰੁਝੇ ਵੀ ਹੋਏ ਹਨ ਪਰ ਇਸ ਤਰ੍ਹਾਂ ਪੜ੍ਹਨ ਦੀ ਆਦਤ ਦਾ ਨਾ ਹੋਣਾ ਵਿਦਿਆਰਥੀਆਂ 'ਤੇ ਭਾਰੀ ਪੈ ਰਿਹਾ ਹੈ। ਪਹਿਲਾਂ ਤੋਂ ਹੀ ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ 'ਆਨਲਾਈਨ' ਪੜ੍ਹਾਈ ਪੱਲੇ ਹੀ ਨਹੀਂ ਪੈ ਰਹੀ ਅਤੇ ਉਹ ਦੂਜੇ ਵਿਦਿਆਰਥੀਆਂ ਤੋਂ ਲਗਾਤਾਰ ਪੱਛੜ ਰਹੇ ਹਨ। ਨਵਾਂ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੱਗਾ 'ਕੋਰੋਨਾ' ਦਾ ਗ੍ਰਹਿਣ ਹੁਣ ਇਸ ਕਦਰ ਭਾਰੀ ਪੈਣ ਲੱਗਾ ਹੈ ਕਿ ਮਾਪਿਆਂ ਨੂੰ ਪੜ੍ਹਾਈ ਤੋਂ ਦੂਰ ਹੋ ਰਹੇ ਆਪਣੇ ਬੱਚਿਆਂ ਦੇ ਸਾਲ ਖ਼ਰਾਬ ਹੋਣ ਦੀ ਚਿੰਤਾ ਸਤਾਉਣ ਲੱਗੀ ਹੈ। ਨਵੇਂ ਸ਼ੈਸ਼ਨ ਲਈ ਨਾ ਹੀ ਸਕੂਲਾਂ ਵਿਚ ਠੀਕ ਢੰਗ ਨਾਲ ਹੋਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਅਤੇ ਕਿਤਾਬਾਂ ਤੋਂ ਬਿਨ੍ਹਾਂ ਘਰ ਬੈਠੇ ਪੜ੍ਹਨਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਅਜਿਹੇ ਹਾਲਾਤ 'ਚ ਹਮੇਸ਼ਾ ਸਕੂਲ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਹੁਣ ਪੱਛੜ ਜਾਣ ਦਾ ਡਰ ਸਤਾ ਰਿਹਾ ਹੈ। ਇਸ ਦੌਰਾਨ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਨਲਾਈਨ ਪੜ੍ਹਾਉਣ ਲਈ ਕਿਸੇ 'ਐਪ' ਦੀ ਬਜਾਏ ਸਕੂਲ ਟੀਚਰ ਵਾਟਸਐੱਪ ਗਰੁੱਪ ਦੇ ਜ਼ਰੀਏ ਹਰ ਰੋਜ਼ ਹੋਮ ਵਰਕ ਹੀ ਭੇਜ ਰਹੇ ਹਨ। ਇਸ ਹੋਮ ਵਰਕ ਨੂੰ ਕਰਨ ਲਈ ਨਾ ਹੀ ਉਨ੍ਹਾਂ ਨੂੰ ਕੁਝ ਪੜ੍ਹਾਇਆ ਜਾ ਰਿਹਾ ਅਤੇ ਨਾ ਹੀ ਇਸ ਨੂੰ ਚੈੱਕ ਕੀਤਾ ਜਾਂਦਾ ਹੈ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ 'ਆਨਲਾਈਨ' ਪੜ੍ਹਾਈ ਦੇ ਨਤੀਜੇ ਕੀ ਆਉਣਗੇ।

ਉਧਰ ਮਾਪਿਆਂ ਲਈ ਇਹ ਵੱਡੀ ਚਿੰਤਾ ਸਾਹਮਣੇ ਆ ਰਹੀ ਹੈ ਕਿ ਸਕੂਲ ਜਾ ਕੇ ਪੜ੍ਹਨ ਅਤੇ ਘਰ ਬੈਠ ਕੇ ਪੜ੍ਹਨ ਦਾ ਇਹ ਫਰਕ ਉਭਰ ਕੇ ਅੱਗੇ ਆਇਆ ਹੈ ਕਿ ਬੱਚੇ ਅਨੁਸ਼ਾਸ਼ਨ ਭੁੱਲਦੇ ਜਾ ਰਹੇ ਹਨ। ਦੇਰ ਰਾਤ ਤੱਕ ਜਾਗਣਾ ਅਤੇ ਅਗਲੇ ਦਿਨ ਦੇਰ ਤੱਕ ਸੁੱਤੇ ਰਹਿਣਾ ਬੱਚਿਆਂ ਦੀ ਆਦਤ 'ਚ ਸ਼ਾਮਲ ਹੁੰਦਾ ਜਾ ਰਿਹਾ ਹੈ। ਉਸ ਤੋਂ ਵੀ ਵੱਡੀ ਸਮੱਸਿਆ ਇਹ ਸਾਹਮਣੇ ਆ ਰਹੀ ਹੈ ਕਿ ਬੱਚੇ 'ਆਨਲਾਈਨ' ਪੜ੍ਹਾਈ ਕਰਨ ਦੀ ਆੜ੍ਹ ਵਿਚ ਮੋਬਾਈਲ ਨੂੰ ਆਪਣੀ ਆਦਤ ਬਣਾਉਣ ਲੱਗੇ ਹਨ, ਜਿਸ ਤੋਂ ਖਹਿੜਾ ਛੁਡਾਉਣਾ ਹਰ ਮਾਪੇ ਲਈ ਭਵਿੱਖ ਦੀ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ।
 


author

Anuradha

Content Editor

Related News