ਸਾਵਧਾਨ! ਗੈਸ ਸਿਲੰਡਰ ਦੀ ਕਰਦੇ ਹੋ ''ਆਨਲਾਈਨ ਬੁਕਿੰਗ'' ਤਾਂ ਤੁਹਾਡੇ ਮਤਲਬ ਦੀ ਹੈ ਇਹ ਖ਼ਬਰ
Thursday, Mar 11, 2021 - 01:06 PM (IST)
ਲੁਧਿਆਣਾ (ਜ.ਬ.) : ਗੈਸ ਸਿਲੰਡਰਾਂ ਦੀ ਆਨਲਾਈਨ ਬੁਕਿੰਗ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਮਹਾਂਨਗਰ 'ਚ ਆਨਲਾਈਨ ਬੁਕਿੰਗ ਸਬੰਧੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਤੁਹਾਨੂੰ ਵੀ ਚੌਕਸ ਰਹਿਣ ਲਈ ਮਜਬੂਰ ਕਰ ਦੇਵੇਗਾ। ਇੱਥੋਂ ਦੇ 40 ਸਾਲਾ ਅਮਨਦੀਪ ਸਿੰਘ ਨੂੰ ਗੈਸ ਸਿਲੰਡਰ ਚਾਹੀਦਾ ਸੀ। ਇੰਟਰਨੈੱਟ ’ਤੇ ਸਰਚ ਕਰ ਕੇ ਉਸ ਨੇ ਇਕ ਗੈਸ ਏਜੰਸੀ ਦਾ ਨੰਬਰ ਕੱਢਿਆ ਅਤੇ ਉਸ ’ਤੇ ਗੱਲ ਕੀਤੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਅੱਜ ਤੋਂ 3 ਦਿਨ ਨਹੀਂ ਚੱਲਣਗੀਆਂ 'ਸਰਕਾਰੀ ਬੱਸਾਂ'
ਦੂਜੇ ਪਾਸਿਓਂ ਗੱਲ ਕਰਨ ਵਾਲੇ ਨੇ ਉਸ ਦੇ ਮੋਬਾਇਲ ’ਤੇ ਇਕ ਲਿੰਕ ਭੇਜਿਆ। ਲਿੰਕ ’ਤੇ ਕਲਿੱਕ ਕਰਦੇ ਹੀ ਅਮਨਦੀਪ ਦੇ ਬੈਂਕ ਖ਼ਾਤਿਆਂ ’ਚੋਂ 54,000 ਰੁਪਏ ਦੀ ਨਕਦੀ ਨਿਕਲ ਗਈ। ਇਸ ਤੋਂ ਬਾਅਦ ਉਸ ਨੇ ਗੈਸ ਏਜੰਸੀ ਦੇ ਮਾਲਕ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਕੀਤੀ। ਪੁਲਸ ਨੇ ਜਾਂਚ ਕੀਤੀ ਤਾਂ ਕੇਸ ਦੇ ਤਾਰ ਵੈਸਟ ਬੰਗਾਲ ਨਾਲ ਜੁੜੇ ਪਾਏ ਗਏ। ਇਸ ਠੱਗੀ ਵਿਚ ਵੈਸਟ ਬੰਗਾਲ ਦੇ ਬਲਿਹਾਪੁਰ ਦੇ ਲਾਲਤੂ ਧੀਬਰ, ਹਬੀਬੁਰ ਰਹਿਮਾਨ ਸ਼ੇਖ ਅਤੇ ਕੋਲਕਾਤਾ ਦੇ ਸੁਮਨ ਚੱਕਰਵਰਤੀ ਦੇ ਨਾਂ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਜੋਧੇਵਾਲ ਥਾਣੇ ’ਚ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਪੁਲਸ ਨੇ ਅਗਲੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ਗੈਸ ਸਿਲੰਡਰ ਦੀ ਬੁਕਿੰਗ ਕਰਨ ਲਈ ਅਮਨਦੀਪ ਨੇ ਗੂਗਲ ’ਤੇ ਸਰਚ ਕੀਤਾ ਤਾਂ ਉਸ ਨੂੰ ਇਕ ਮੋਬਾਇਲ ਨੰਬਰ ਮਿਲਿਆ। ਉਸ ਨੇ ਇਸ ਨੰਬਰ ’ਤੇ ਗੱਲ ਕੀਤੀ। ਦੂਜੇ ਪਾਸਿਓਂ ਗੱਲ ਕਰਨ ਵਾਲੇ ਨੇ ਖ਼ੁਦ ਨੂੰ ਗੈਸ ਏਜੰਸੀ ਦਾ ਮਾਲਕ ਦੱਸਿਆ ਅਤੇ ਉਸ ਨੇ ਆਨਲਾਈਨ ਬੁਕਿੰਗ ਲਈ ਅਮਨਦੀਪ ਦੇ ਮੋਬਾਇਲ ’ਤੇ ਇਕ ਲਿੰਕ ਭੇਜਿਆ। ਜਿਉਂ ਹੀ ਅਮਨਦੀਪ ਨੇ ਉਸ ਲਿੰਕ ’ਤੇ ਕਲਿੱਕ ਕੀਤਾ ਤਾਂ ਉਸ ਦੇ ਬੈਂਕ ਖ਼ਾਤਿਆਂ ’ਚੋਂ ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਜ਼ਰੀਏ ਉਕਤ ਰਕਮ ਨਿਕਲ ਗਈ।
ਇਹ ਰਕਮ ਪੇ. ਟੀ. ਐੱਮ. ਅਤੇ ਏਅਰਟੈੱਲ ਦੇ ਈ-ਵਾਲੇਟ ਵਿਚ ਟਰਾਂਸਫਰ ਹੋਈ ਹੈ। ਇਨ੍ਹਾਂ ਕੰਪਨੀਆਂ ਤੋਂ ਰਿਕਾਰਡ ਹਾਸਲ ਕਰਨ ’ਤੇ ਪਤਾ ਲੱਗਾ ਕਿ ਇਹ ਖ਼ਾਤੇ ਲਾਲਤੂ ਅਤੇ ਸ਼ੇਖ ਦੇ ਹਨ, ਜਦੋਂ ਕਿ ਜਿਸ ਨੰਬਰ ’ਤੇ ਅਮਨਦੀਪ ਨੇ ਗੱਲ ਕੀਤੀ ਕਿ ਉਹ ਕੋਲਕਾਤਾ ਦੇ ਸੁਮਨ ਦੇ ਨਾਮ ’ਤੇ ਰਜਿਸਟਰਡ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਗੈਸ ਏਜੰਸੀ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਜਦੋਂ ਕਿ ਪੀੜਤ ਦਾ ਸ਼ੁਰੂ ਤੋਂ ਹੀ ਦੋਸ਼ ਸੀ ਕਿ ਉਸ ਦੇ ਨਾਲ ਗੈਸ ਏਜੰਸੀ ਦੇ ਮਾਲਕ ਨੇ ਠੱਗੀ ਕੀਤੀ ਹੈ।
ਨੋਟ : ਆਨਲਾਈਨ ਬੁਕਿੰਗ ਦੇ ਨਾਂ 'ਤੇ ਭੋਲੇਭਾਲੇ ਲੋਕਾਂ ਨਾਲ ਹੋ ਰਹੀ ਠਗੀ ਬਾਰੇ ਦਿਓ ਆਪਣੀ ਰਾਏ