ਪੀ ਬੀ-90 ਦੀ ਬੋਲੀ, 25 ਲੱਖ 13 ਹਜ਼ਾਰ 500 ਵਿਚ ਵਿਕਿਆ 9090
Wednesday, Sep 05, 2018 - 03:34 PM (IST)

ਜਲੰਧਰ, (ਅਮਿਤ)— ਹਾਲ ਹੀ ਵਿਚ ਐੱਸ. ਡੀ. ਐੱਮ. ਜਲੰਧਰ-2 ਦੇ ਅਧੀਨ ਸ਼ੁਰੂ ਕੀਤੀ ਗਈ ਪੀ ਬੀ 90 ਸੀਰੀਜ਼ ਦੀ ਆਨਲਾਈਨ ਬੋਲੀ ਜੋ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਸੀ, ਬੀਤੇ ਦਿਨ ਦੇਰ ਰਾਤ 11.59 ਵਜੇ ਖਤਮ ਹੋ ਗਈ, ਜਿਸ ਵਿਚ 9090 ਨੰਬਰ ਸਭ ਤੋਂ ਵੱਧ 25 ਲੱਖ 13 ਹਜ਼ਾਰ 500 ਵਿਚ ਵਿਕਿਆ। ਇਸੇ ਤਰ੍ਹਾਂ 0001 ਨੰਬਰ 18 ਲੱਖ 7 ਹਜ਼ਾਰ 500 ਅਤੇ 0009 ਨੰਬਰ 11 ਲੱਖ 19 ਹਜ਼ਾਰ 500 ਵਿਚ ਵਿਕਿਆ। ਦੇਖਦਿਆਂ ਹੀ ਦੇਖਦਿਆਂ ਕੁਝ ਹੀ ਦਿਨਾਂ ਵਿਚ ਇਸ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲੀ ਹੈਰਾਨੀਜਨਕ ਢੰਗ ਨਾਲ ਇੰਨੀ ਵਧ ਗਈ ਕਿ ਫੈਂਸੀ ਨੰਬਰਾਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਮੰਨਣਾ ਸੀ ਕਿ ਪਿਛਲੇ ਕੁਝ ਦਹਾਕਿਆਂ ਤੋਂ ਇੰਨਾ ਵਾਧਾ ਦੇਖਣ ਨੂੰ ਨਹੀਂ ਮਿਲਿਆ।
ਕਿਸ ਨੰਬਰ ਲਈ ਕਿੰਨੀ ਬੋਲੀ?
ਸਭ ਤੋਂ ਵੱਧ ਬੋਲੀ ਪੀ ਬੀ-90 -9090 ਲਈ ਲਾਈ ਗਈ ਹੈ, ਜਿਸ ਦੇ ਲਈ ਅੰਤਿਮ ਬੋਲੀ 25 ਲੱਖ 13 ਹਜ਼ਾਰ 500 ਰੁਪਏ ਲਾਈ ਗਈ ਹੈ। ਇਸੇ ਤਰ੍ਹਾਂ ਉੱਚੀ ਬੋਲੀ ਵਾਲੇ ਸਫਲ ਬੋਲੀਦਾਤਿਆਂ ਵਲੋਂ ਲਾਈ ਗਈ ਬੋਲੀ ਕੁਝ ਇਸ ਤਰ੍ਹਾਂ ਹੈ। 0001 ਲਈ 18 ਲੱਖ 7 ਹਜ਼ਾਰ 500, 0002 ਲਈ 3 ਲੱਖ 90 ਹਜ਼ਾਰ , 0003 ਲਈ 5 ਲੱਖ 55 ਹਜ਼ਾਰ, 0004 ਲਈ 91 ਹਜ਼ਾਰ, 0005 ਲਈ 1 ਲੱਖ 62 ਹਾਜ਼ਰ, 0006 ਲਈ 5 ਲੱਖ 25 ਹਜ਼ਾਰ, 0007 ਲਈ 7 ਲੱਖ 78 ਹਜ਼ਾਰ, 0008 ਲਈ 47 ਹਜ਼ਾਰ, 0009 ਲਈ 11 ਲੱਖ 19 ਹਜ਼ਾਰ 500, 0010 ਲਈ 14 ਹਜ਼ਾਰ 500, 0013 ਲਈ 10 ਲੱਖ 50 ਹਜ਼ਾਰ, 0015 ਲਈ 1 ਲੱਖ 27 ਹਜ਼ਾਰ, 0100 ਲਈ 2 ਲੱਖ 51 ਹਜ਼ਾਰ, 0786 ਲਈ 3 ਲੱਖ 17 ਹਜ਼ਾਰ, 0900 ਲਈ 2 ਲੱਖ 52 ਹਜ਼ਾਰ, 7777 ਲਈ 1 ਲੱਖ 25 ਹਜ਼ਾਰ ਅਤੇ 9999 ਲਈ 2 ਲੱਖ 01 ਹਜ਼ਾਰ ਦੀ ਬੋਲੀ ਫਾਈਨਲ ਹੋਈ ਹੈ।
21 ਦਿਨਾਂ ਬਾਅਦ ਖੁੱਲ੍ਹੇਗਾ ਇੰਨੀ ਉੱਚੀ ਬੋਲੀ ਦਾ ਭੇਤ
ਨਿਯਮ ਅਨੁਸਾਰ ਕਿਸੇ ਵੀ ਬੋਲੀ ਲਈ ਆਨਲਾਈਨ ਬਿੱਡ ਖਤਮ ਹੋਣ ਤੋਂ ਬਾਅਦ 21 ਦਿਨ ਦੀ ਸਮਾਂ ਹੱਦ ਰਹਿੰਦੀ ਹੈ ਕਿਉਂਕਿ ਸਭ ਤੋਂ ਉੱਚੀ ਬੋਲੀ ਦੇਣ ਵਾਲੇ 3 ਬਿਨੇਕਾਰਾਂ ਨੂੰ ਬੋਲੀ ਦੀ ਫੀਸ ਵਿਭਾਗ ਕੋਲ ਜਮ੍ਹਾ ਕਰਵਾਉਣ ਦਾ ਮੌਕਾ ਮਿਲਦਾ ਹੈ। ਤੈਅ ਸਮੇਂ ਦੌਰਾਨ ਸਫਲ ਬੋਲੀਦਾਤਾ ਉਕਤ ਰਕਮ ਜਮ੍ਹਾ ਨਹੀਂ ਕਰਵਾਉਂਦਾ ਤਾਂ ਦੂਜੀ ਸਭ ਤੋਂ ਉੱਚੀ ਬੋਲੀ ਦੇਣ ਵਾਲੇ ਨੂੰ 7 ਦਿਨਾਂ ਦੇ ਅੰਦਰ ਪੈਸੇ ਜਮ੍ਹਾ ਕਰਵਾ ਕੇ ਨੰਬਰ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਪੈਸੇ ਦੁਬਾਰਾ ਜਮ੍ਹਾ ਨਹੀਂ ਹੁੰਦੇ ਤਾਂ ਤੀਜੇ ਬਿਨੇਕਾਰ ਨੂੰ ਵੀ ਚਾਂਸ ਦਿੱਤਾ ਜਾਂਦਾ ਹੈ। ਬੋਲੀ ਦਾਤਿਆਂ ਦੀ ਆਈ. ਡੀ. ਵਿਚ ਇਸ ਗੱਲ ਦੀ ਜਾਣਕਾਰੀ ਚਲੀ ਜਾਂਦੀ ਹੈ ਕਿ ਤੁਹਾਨੂੰ ਨੰਬਰ ਅਲਾਟ ਹੋ ਗਿਆ ਹੈ। ਇਸ ਲਈ ਤੁਸੀਂ 7 ਦਿਨਾਂ ਦੇ ਅੰਦਰ-ਅੰਦਰ ਬਣਦੀ ਬੋਲੀ ਦੀ ਰਕਮ ਜਮ੍ਹਾ ਕਰਵਾ ਦਿਓ। ਜੇਕਰ ਕੋਈ ਵੀ ਬੋਲੀਦਾਤਾ ਪੈਸੇ ਜਮ੍ਹਾ ਨਹੀਂ ਕਰਵਾਉਂਦਾ ਤਾਂ ਸਰਕਾਰ ਰਿਜ਼ਰਵ ਪ੍ਰਾਈਜ਼ ਦੇ ਉੱਪਰ ਹੀ ਨੰਬਰ ਅਲਾਟ ਕਰਨ ਦੀ ਇਜਾਜ਼ਤ ਦੇ ਦਿੰਦੀ ਹੈ।
ਵਿੰਟੇਜ ਨੰਬਰ ਦੀ ਤਰ੍ਹਾਂ ਲੱਗਦਾ ਹੈ ਪੀ ਬੀ-90 ਸੀਰੀਜ਼ ਦਾ ਨੰਬਰ
ਪੀ ਬੀ 90 ਸੀਰੀਜ਼ ਦੇ 0001 ਨੰਬਰ ਦੀ ਬੋਲੀ ਤਾਂ ਆਸਮਾਨ ਛੂਹਣ ਲੱਗੀ ਹੈ। ਹਰ ਕੋਈ ਹੈਰਾਨ ਹੈ ਕਿ ਇਸ ਸੀਰੀਜ਼ ਵਿਚ ਕੀ ਖਾਸ ਹੈ ਕਿ ਇਸ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਪਛਾਣ ਇਕਦਮ ਨਾਲ ਉਭਰ ਕੇ ਸਾਹਮਣੇ ਆ ਰਹੀ ਹੈ। ਦਰਅਸਲ ਇਸ ਸੀਰੀਜ਼ ਦੇ ਪਿੱਛੇ ਇੰਨੇ ਲੋਕਾਂ ਦੀ ਚਾਹਤ ਦੇ ਪਿੱਛੇ ਅਸਲੀ ਕਾਰਨ ਇਹ ਹੈ ਇਸਦਾ ਵਿੰਟੇਜ ਨੰਬਰ ਦੀ ਤਰ੍ਹਾਂ ਲੱਗਣਾ ਕਿਉਂਕਿ ਪੀ ਬੀ 08 ਸੀਰੀਜ਼ ਦੇ ਨੰਬਰ ਵਿਚ ਇੰਗਲਿਸ਼ ਦਾ ਕੋਈ ਅਲਫਾਬੈੱਟ ਨਹੀਂ ਆਉਂਦਾ, ਜਿਵੇਂ ਆਮ ਸੀਰੀਜ਼ ਦੇ ਅੰਦਰ ਹੁੰਦਾ ਹੈ। ਜੇਕਰ ਕਿਸੇ ਗੱਡੀ ਦੀ ਨੰਬਰ ਪਲੇਟ 'ਤੇ ਪੀ ਬੀ-90-0001 ਲਿਖਿਆ ਜਾਂਦਾ ਹੈ ਤਾਂ ਉਹ ਆਪਣੇ ਆਪ 'ਚ ਕਾਫੀ ਆਕਰਸ਼ਿਤ ਹੁੰਦਾ ਹੈ। ਇਸ ਲਈ ਇਸ ਸੀਰੀਜ਼ ਦੇ ਦੀਵਾਨਿਆਂ ਦੀ ਲਿਸਟ ਲੰਬੀ ਹੈ।
ਹਰਿਆਣਾ ਦੇ ਲੁਧਿਆਣਾ ਤੋਂ ਆਪ੍ਰੇਟ ਕਰਨ ਵਾਲੇ ਡੀਲਰਾਂ ਦਾ ਹੈ ਬੋਲੀ ਵਧਾਉਣ ਦੇ ਪਿੱਛੇ ਹੱਥ
ਪੀ ਬੀ 90 ਸੀਰੀਜ਼ ਦੀ ਆਨਲਾਈਨ ਬੋਲੀ ਦੇ ਅੰਦਰ ਜਿਵੇਂ-ਜਿਵੇਂ ਨੰਬਰਾਂ ਦੀ ਬੋਲੀ ਆਸਮਾਨ ਨੂੰ ਛੂਹ ਰਹੀ ਹੈ, ਉਹ ਜਲੰਧਰ ਤੋਂ ਕਿਸੇ ਡੀਲਰ ਜਾਂ ਗੱਡੀ ਮਾਲਕ ਵਲੋਂ ਨਹੀਂ ਲਾਈ ਗਈ। ਸੂਤਰਾਂ ਦੀ ਮੰਨੀਏ ਤਾਂ ਹਰਿਆਣਾ ਦੇ ਲੁਧਿਆਣੇ ਤੋਂ ਆਪ੍ਰੇਟ ਕਰਨ ਵਾਲੇ ਕੁਝ ਵੱਡੇ ਡੀਲਰ ਹਨ, ਜਿਨ੍ਹਾਂ ਦਾ ਫੈਂਸੀ ਨੰਬਰ ਅਲਾਟ ਕਰਵਾਉਣ ਨੂੰ ਲੈ ਕੇ ਲਗਭਗ ਏਕਾਧਿਕਾਰ ਹੀ ਹੈ। ਲੁਧਿਆਣੇ ਦੀ ਗੱਲ ਤਾਂ ਦੂਰ ਹੈ ਪੰਜਾਬ ਅੰਦਰ ਕਿਸੇ ਵੀ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਅਲਾਟਮੈਂਟ ਵਿਚ ਇਨ੍ਹਾਂ ਦਾ ਮਹੱਤਵਪੂਰਨ ਰੋਲ ਰਹਿੰਦਾ ਹੈ। ਇਨ੍ਹਾਂ ਡੀਲਰਾਂ ਨੇ ਜਾਣਬੁੱਝ ਕੇ ਬੋਲੀ ਖਰਾਬ ਕਰਨ ਦੀ ਖਾਤਿਰ ਇਸ ਨੂੰ ਇੰਨਾ ਵਧਾ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਇਸ ਤਰਜ਼ 'ਤੇ ਪੀ ਬੀ 91 ਦੀ ਬੋਲੀ ਵੀ ਖਰਾਬ ਕੀਤੀ ਗਈ ਸੀ ਤਾਂ ਜੋ ਉਕਤ ਡੀਲਰਾਂ ਦੇ ਮੁਕਾਬਲੇ ਵਿਚ ਹੋਰ ਵਿਅਕਤੀ ਫੈਂਸੀ ਨੰਬਰ ਨਾ ਲੈ ਸਕੇ।
ਤਿੰਨਾਂ ਬਿਨੇਕਾਰਾਂ ਦੇ 2 ਨੰਬਰ ਅਤੇ 2 ਦੇ ਤਿੰਨ ਨੰਬਰਾਂ ਦੀ ਬੋਲੀ ਹੋਈ ਫਾਈਨਲ
ਪੀ ਬੀ 90 ਸੀਰੀਜ਼ ਦੇ ਲਈ ਲਾਈ ਗਈ ਆਨਲਾਈਨ ਬੋਲੀ ਵਿਚ ਇਕ ਖਾਸ ਗੱਲ ਸਾਹਮਣੇ ਆਈ ਹੈ ਕਿ ਤਿੰਨਾਂ ਬਿਨੇਕਾਰਾਂ ਨੂੰ 2 ਨੰਬਰਾਂ ਅਤੇ 2 ਬਿਨੇਕਾਰਾਂ ਦੀ ਤਿੰਨ ਨੰਬਰਾਂ ਲਈ ਬੋਲੀ ਫਾਈਨਲ ਹੋਈ ਹੈ। ਇਕ ਬਿਨੇਕਾਰ ਪ੍ਰਮੋਦ ਕੁਮਾਰ ਅਜਿਹੇ ਹਨ, ਜਿਨ੍ਹਾਂ ਨੇ 3 ਬੇਹੱਦ ਵੀ. ਆਈ. ਪੀ. ਨੰਬਰਾਂ ਲਈ ਸਫਲ ਬੋਲੀ ਲਾਈ, ਜਿਸ ਵਿਚ ਪੀ ਬੀ 90-0007, ਪੀ ਬੀ 90-09000 ਅਤੇ ਪੀ ਬੀ 90-9090 ਨੰਬਰ ਮੌਜੂਦ ਹੈ।
ਪੀ ਬੀ 08 ਡੀ ਬੀ ਤੋਂ ਬਾਅਦ ਨਹੀਂ ਖੁੱਲ੍ਹੀ ਆਨਲਾਈਨ ਫੈਂਸੀ ਨੰਬਰਾਂ ਦੀ ਬੋਲੀ
ਪਿਛਲੇ ਕੁਝ ਸਮੇਂ ਤੋਂ ਟਰਾਂਸਪੋਰਟ ਵਿਭਾਗ ਵਲੋਂ ਆਨਲਾਈਨ ਫੈਂਸੀ ਨੰਬਰਾਂ ਦੀ ਬੋਲੀ ਨਹੀਂ ਕਰਵਾਈ ਜਾ ਰਹੀ। ਜਲੰਧਰ ਦੀ ਗੱਲ ਕਰੀਏ ਤਾਂ ਪੀ ਬੀ 08 ਡੀ ਬੀ ਤੋਂ ਬਾਅਦ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਬੰਦ ਪਈ ਹੈ। ਮੌਜੂਦਾ ਸਮੇਂ ਦੇ ਅੰਦਰ ਪੀ ਬੀ 08 ਏ ਸੀ ਨੰਬਰ ਦੀ ਸੀਰੀਜ਼ ਚੱਲ ਰਹੀ ਹੈ ਪਰ ਇਨ੍ਹਾਂ ਦੋਵਾਂ ਵਿਚਾਲੇ ਵਾਲੀ ਦਰਜਨਾਂ ਸੀਰੀਜ਼ ਵਿਚ ਨੀਲਾਮੀ ਨਹੀਂ ਕਰਵਾਈ ਗਈ ਹੈ।
ਸੈਕਟਰੀ ਆਰ. ਟੀ. ਏ. ਨੇ ਪੁਰਾਣੀ ਸੀਰੀਜ਼ ਵਿਚ ਖਾਲੀ ਫੈਂਸੀ ਨੰਬਰ ਲੱਭ ਕੇ ਬੋਲੀ ਕਰਵਾਉਣ ਦਾ ਦਿੱਤਾ ਹੁਕਮ
ਸੈਕਟਰੀ ਆਰ. ਟੀ. ਏ. ਨੇ ਜਨਤਾ ਦੇ ਫੈਂਸੀ ਨੰਬਰਾਂ ਨੂੰ ਲੈ ਕੇ ਵਧ ਰਹੇ ਕ੍ਰੇਜ਼ ਨੂੰ ਦੇਖਦੇ ਹੋਏ ਇਸ ਗੱਲ ਦਾ ਹੁਕਮ ਜਾਰੀ ਕੀਤਾ ਹੈ ਕਿ ਕਿਸੇ ਵੀ ਪੁਰਾਣੀ ਸੀਰੀਜ਼ ਵਿਚ ਜੇਕਰ ਕੋਈ ਫੈਂਸੀ ਨੰਬਰ ਖਾਲੀ ਪਏ ਹਨ ਤਾਂ ਉਨ੍ਹਾਂ ਨੂੰ ਲੱਭ ਕੇ ਬੋਲੀ ਕਰਵਾਈ ਜਾਵੇ ਤਾਂ ਜੋ ਸਰਕਾਰ ਲਈ ਰੈਵੇਨਿਊ ਜਨਰੇਟ ਕੀਤਾ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨਾਂ ਵਿਚ 2 ਸੀਰੀਜ਼ ਪੀ ਬੀ 08 ਸੀ ਯੂ ਅਤੇ ਸਿਟੀ ਲਈ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਖੋਲ੍ਹੀ ਜਾ ਸਕਦੀ ਹੈ।