ਪੰਜਾਬ 'ਚ ਵੋਟਾਂ, ਧੌਲਾ ਪਿੰਡ 'ਚ ਸੰਨਾਟਾ (ਵੀਡੀਓ)

09/19/2018 2:13:03 PM

ਸੰਗਰੂਰ (ਪੁਨੀਤ ਮਾਨ)—ਬਰਨਾਲਾ ਦੇ ਨੇੜਲੇ ਪਿੰਡ ਧੋਲਾ 'ਚ ਪਿੰਡ ਵਾਸੀਆਂ ਨੇ ਸੰਪੂਰਨ ਤੌਰ 'ਤੇ ਵੋਟਿੰਗ ਦਾ ਬਾਈਕਾਟ ਕੀਤਾ ਹੈ। ਇਸ ਮੌਕੇ 'ਤੇ ਬੋਲਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਕਾਂਗਰਸ ਵਲੋਂ ਸਾਰੇ ਡੇਰਾ ਪ੍ਰੇਮੀਆਂ ਨੂੰ ਟਿਕਟਾਂ ਵੰਡੀਆਂ ਗਈਆਂ ਹਨ, ਜਿਸ ਦਾ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਇਕੱਠੇ ਹੋਏ ਸਾਰੇ ਪਿੰਡ ਵਾਸੀਆਂ ਨੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦਾ ਕੋਈ ਵੀ ਨਿਵਾਸੀ ਵੋਟ ਪਾਉਣ ਨਹੀਂ ਜਾ ਰਿਹਾ ਹੈ ਅਤੇ ਸਾਡਾ ਵਿਰੋਧ ਇਸ ਤਰ੍ਹਾਂ ਹੀ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਅੱਜ ਪੰਜਾਬ 'ਚ 22 ਜ਼ਿਲਾ ਪ੍ਰੀਸ਼ਦ ਅਤੇ 150 ਪੰਚਾਇਤੀ ਸਮਿਤੀਆਂ ਲਈ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਚੱਲ ਰਿਹਾ ਹੈ, ਜੋਕਿ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਦੱਸ ਦੇਈਏ ਕਿ ਸੂਬੇ ਭਰ 'ਚ 22 ਜ਼ਿਲਾ ਪਰਿਸ਼ਦਾਂ ਲਈ 354 ਅਤੇ 150 ਪੰਚਾਇਤ ਸਮਿਤੀਆਂ ਲਈ 2900 ਮੈਂਬਰ ਚੁਣੇ ਜਾਣੇ ਹਨ। ਇਨ੍ਹਾਂ ਚੋਣਾਂ ਦੀ ਪੋਲਿੰਗ ਪ੍ਰਕਿਰਿਆ ਬੈਲਟ ਪੇਪਰਾਂ ਰਾਹੀਂ ਹੋਵੇਗੀ, ਜਿਸ ਦਾ ਨਤੀਜਾ 22 ਸਤੰਬਰ ਨੂੰ ਐਲਾਨਿਆ ਜਾਵੇਗਾ। ਇਸ ਦੌਰਾਨ ਡੇਢ ਕਰੋੜ ਤੋਂ ਜ਼ਿਆਦਾ ਵੋਟਰ ਆਪਣੇ ਵੱਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਚੋਣਾਂ ਸਬੰਧੀ ਪੂਰੇ ਸੂਬੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।


Related News