ਟਰਾਲੇ ਦੀ ਲਪੇਟ ''ਚ ਆਉਣ ਕਾਰਨ 1 ਜ਼ਖ਼ਮੀ
Sunday, Jul 23, 2017 - 02:09 AM (IST)

ਕੋਟ ਈਸੇ ਖਾਂ, (ਛਾਬੜਾ)- ਸਥਾਨਕ ਸ਼ਹਿਰ ਦੇ ਮੇਨ ਚੌਕ ਵਿਚ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਉਰਫ ਬਿੱਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੁਹਾਰ ਜ਼ਿਲਾ ਫਿਰੋਜ਼ਪੁਰ ਕਿਸੇ ਘਰੇਲੂ ਕੰਮ ਲਈ ਕੋਟ ਈਸੇ ਖਾਂ ਆਇਆ ਹੋਇਆ ਸੀ ਕਿ ਜਦੋਂ ਉਹ ਮੇਨ ਚੌਕ 'ਚ ਪਹੁੰਚਿਆ ਤਾਂ ਪਿੱਛਿਓਂ ਆ ਰਹੇ ਇਕ ਟਰੱਕ-ਟਰਾਲੇ ਦੇ ਚਾਲਕ ਨੇ ਚਰਨਜੀਤ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਸਥਾਨਕ ਲੋਕਾਂ ਨੇ ਜ਼ਖ਼ਮੀ ਹਾਲਤ 'ਚ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਚਰਨਜੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਜ਼ੀਰਾ ਵੱਲੋਂ ਆ ਰਹੇ ਟਰੱਕ-ਟਰਾਲੇ ਨੂੰ ਉਸ ਦੇ ਚਾਲਕ ਨੇ ਮੇਨ ਚੌਕ ਉਪਰੋਂ ਘੁਮਾ ਕੇ ਲਿਆਉਣ ਦੀ ਬਜਾਏ ਗਲਤ ਸਾਈਡ ਤੋਂ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਕਤ ਚਾਲਕ ਨੂੰ ਕਾਬੂ ਕਰ ਲਿਆ ਅਤੇ ਟਰੱਕ-ਟਰਾਲੇ ਨੂੰ ਵੀ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।