ਰਿਸ਼ਤੇਦਾਰ ਦੇ ਫੁੱਲ ਤਾਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ

09/24/2016 3:50:57 PM

ਬਟਾਲਾ (ਬੇਰੀ, ਵਿਪਨ, ਅਸ਼ਵਨੀ, ਯੋਗੀ) : ਸ਼ਨੀਵਾਰ ਨੂੰ ਹਰਗੋਬਿੰਦ ਰੋਡ ਵਿਖੇ ਰਿਸ਼ਤੇਦਾਰ ਦੇ ਫੁੱਲ ਤਾਰਨ ਜਾ ਰਹੇ ਇਕ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ, ਜਿਸ ਦੌਰਾਨ ਇਕ ਦੀ ਮੌਤ ਹੋ ਗਈ, ਜਦੋਂ ਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਕਾਰ ਚਾਲਕ ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰੌੜ ਖਹਿਰਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਆਪਣੀ ਜ਼ੈੱਨ ਕਾਰ ''ਤੇ ਸਵਾਰ ਹੋ ਕੇ ਸਕੇ ਸੰਬੰਧੀ ਦੇ ਫੁੱਲ ਤਾਰਨ ਜਾ ਰਹੇ ਸਨ।
ਜਦੋਂ ਉਨ੍ਹਾਂ ਨੇ ਬਟਾਲਾ-ਹਰਗੋਬਿੰਦਪੁਰ ਸਥਿਤ ਪ੍ਰਤਾਪਗੜ੍ਹ ਭੱਠੇ ਨੂੰ ਕਰਾਸ ਕੀਤਾ ਤਾਂ ਅਚਾਨਕ ਸਾਹਮਣਿਓਂ ਇਕ ਟਰੱਕ ਆ ਗਿਆ ਅਤੇ ਕਾਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਕੰਧ ''ਚ ਜਾ ਵੱਜੀ ਅਤੇ ਕਾਰ ''ਚ ਸਵਾਰ ਹਰਜਿਦੰਰ ਸਿੰਘ, ਉਸ ਦਾ ਪਿਤਾ ਜਸਵੰਤ ਸਿੰਘ, ਨਿਸ਼ਾਨ ਸਿੰਘ ਪੁੱਤਰ ਕੁਲਵੰਤ ਸਿੰਘ, ਤ੍ਰਿਲੋਕ ਸਿੰਘ ਪੁੱਤਰ ਪ੍ਰੀਤਮ ਸਿੰਘ, ਹੀਰਾ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਰੌੜ ਖਹਿਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ''ਚ ਇਲਾਜ ਦੌਰਾਨ ਜਸਵੰਤ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਥਾਣਾ ਰੰਗੜ ਨੰਗਲ ਦੇ ਮੁਲਾਜ਼ਮਾਂ ਨੇ ਮੌਕੇ ''ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ ਵਿਚ ਰੱਖ ਦਿੱਤੀ। 

Babita Marhas

News Editor

Related News