ਦਰਦਨਾਕ ਹਾਦਸਾ, ਜਨਮ ਦਿਨ ਤੋਂ ਪਰਤ ਰਹੇ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ

Wednesday, May 29, 2024 - 12:31 PM (IST)

ਦਰਦਨਾਕ ਹਾਦਸਾ, ਜਨਮ ਦਿਨ ਤੋਂ ਪਰਤ ਰਹੇ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ

ਸਾਂਗਲੀ (ਵਾਰਤਾ)- ਮਹਾਰਾਸ਼ਟਰ 'ਚ ਸਾਂਗਲੀ ਜ਼ਿਲ੍ਹੇ ਦੇ ਤਾਸਗਾਂਵ ਤਹਿਸੀਲ 'ਚ ਚਿਚਾਨੀ ਤਾਸਗਾਂਵ-ਮਨੇਰਾਜੁਰੀ ਮਾਰਗ 'ਤੇ ਬੁੱਧਵਾਰ ਤੜਕੇ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਘਟਨਾ ਬੁੱਧਵਾਰ ਤੜਕੇ ਜ਼ਿਲ੍ਹੇ ਦੇ ਤਾਸਗਾਂਵ-ਮਨੇਰਾਜੁਰੀ ਮਾਰਗ 'ਤੇ ਉਦੋਂ ਹੋਈ, ਜਦੋਂ ਇਕ ਹੀ ਪਰਿਵਾਰ ਦੇ ਮੈਂਬਰ ਕਵਠੇ-ਮਹਾਂਕਾਲ ਤਹਿਸੀਲ ਦੇ ਕੋਕਾਲੇ ਪਿੰਡ 'ਚ ਇਕ ਰਿਸ਼ਤੇਦਾਰ ਦੇ ਜਨਮ ਦਿਨ 'ਚ ਸ਼ਾਮਲ ਹੋਣ ਤੋਂ ਬਾਅਦ ਕਾਰ 'ਤੇ ਪਰਤ ਰਹੇ ਸਨ। ਉਸੇ ਦੌਰਾਨ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਤਾਸਰੀ ਨਹਿਰ 'ਚ ਜਾ ਡਿੱਗੀ। ਇਸ 'ਚ ਔਰਤ ਅਤੇ ਤਿੰਨ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।

ਜ਼ਖ਼ਮੀ ਔਰਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਸੁੰਨਸਾਨ ਇਲਾਕਾ ਅਤੇ ਰਾਤ ਦਾ ਹਨ੍ਹੇਰਾ ਹੋਣ ਕਾਰਨ ਜ਼ਖ਼ਮੀ ਔਰਤ ਨੂੰ ਸਮੇਂ 'ਤੇ ਮਦਦ ਨਹੀਂ ਮਿਲੀ ਅਤੇ ਉਹ ਸਵੇਰ ਤੱਕ ਉੱਥੇ ਜ਼ਖ਼ਮੀ ਹਾਲਤ 'ਚ ਪਈ ਰਹੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਮ੍ਰਿਤਕਾਂ ਦੀ ਪਛਾਣ ਰਾਜੇਂਦਰ ਜਗਨਨਾਥ ਪਾਟਿਲ (60), ਸੁਜਾਤਾ ਰਾਜੇਂਦਰ ਪਾਟਿਲ (55), ਪ੍ਰਿਯੰਕਾ ਅਵਧੂਤ ਖਰਾਡੇ (30), ਤਿੰਨ ਬੱਚਿਆਂ ਦਰੁਵਾ (3), ਕਾਰਿਤਕੀ (ਇਕ) ਅਤੇ ਰਾਜਵੀ (2) ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News